ਪ੍ਰੀਤਨਗਰ ਦੀ ਫੇਰੀ
ਨਵਜੀਤ ਸਿੰਘ
ਕਲਾਕਾਰਾਂ ਦੀ ਧਰਤੀ
ਪ੍ਰੀਤਨਗਰ ਜਾਣ ਤੋਂ ਪਹਿਲਾਂ ਮੈਂ ਅਮਰ ਸੂਫ਼ੀ ਹੋਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਅੰਮ੍ਰਿਤਸਰ ’ਚ ਮੇਰੇ ਟਿਕਾਣੇ ਬਾਰੇ ਪੁੱਛ ਕੇ ਦੱਸਿਆ ਕਿ ਰਾਮਤੀਰਥ ਰੋਡ ’ਤੇ ਜਾਂਦਾ ਰਹਿ ਅਤੇ ਅੱਗੇ ਲੋਪੋਕੇ ਤੋਂ ਸੱਜੇ ਪਾਸੇ ਹੋ ਜਾਵੀਂ, ਉਂਜ ਉੱਥੇ ਹੁਣ ਖੰਡਰਾਤ ਹੀ ਬਚੇ ਹੋਣਗੇ।
ਅਸੀਂ ਉਂਝ ਹੀ ਕੀਤਾ। ਮੈਂ ਤੇ ਮੇਰੇ ਸਾਥੀ ਰਾਮਤੀਰਥ ਵਾਲੀ ਸੜਕ ਪੈ ਗਏ। ਡਰਾਈਵਰ ਨੂੰ ਗੱਡੀ ਹੌਲੀ-ਹੌਲੀ ਚਲਾਉਣ ਲਈ ਕਿਹਾ ਹੋਇਆ ਸੀ। ਸਿੱਧੇ ਜਾਂਦਿਆਂ ਰਸਤੇ ਵਿੱਚ ਕਸਬਾ ਚੋਗਾਵਾਂ ਆਇਆ। ਚੋਗਾਵਾਂ ਟੱਪਦਿਆਂ ਹੀ ਲੋਪੋਕੇ ਆ ਗਿਆ। ਲੋਪੋਕੇ ਤੋਂ ਮੈਨੂੰ ਕਿਸਾਨ ਯੂਨੀਅਨਾਂ ਨੂੰ ਪੱਕੇ ਪੈਰੀਂ ਕਰਨ ਵਾਲਾ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਯਾਦ ਆਇਆ। ਮੈਂ ਮਨ ਹੀ ਮਨ ਨਤਮਸਤਕ ਹੋਇਆ ਕਿ ਵਾਹੀਵਾਨਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਉਸ ਸੇਵਾਮੁਕਤ ਅਧਿਆਪਕ ਨੇ ਆਪਣੀ ਕੁਰਬਾਨੀ ਦੇ ਦਿੱਤੀ ਸੀ।
ਉਨ੍ਹਾਂ ਰਸਤਿਆਂ ਤੋਂ ਗੁਜ਼ਰਦਿਆਂ ਸਰਹੱਦੀ ਪਿੰਡਾਂ ਦੀ ਹਾਲਤ ਦਾ ਵੀ ਪਤਾ ਲੱਗ ਰਿਹਾ ਸੀ। ਪਹਿਲਾਂ ਅਸੀਂ ਲੋਪੋਕੇ ਤੋਂ ਸਿੱਧਾ ਹੀ ਅਗਾਂਹ ਲੰਘ ਗਏ। ਤਕਰੀਬਨ ਛੇ ਕਿਲੋਮੀਟਰ ਅੱਗੇ ਜਾ ਕੇ ਪਤਾ ਲੱਗਿਆ ਕਿ ਲੋਪੋਕੇ ਤੋਂ ਅਜਨਾਲੇ ਵਾਲੀ ਸੜਕ ’ਤੇ ਜਾਣਾ ਸੀ। ਵਾਪਸ ਮੁੜ ਕੇ ਲੋਪੋਕੇ ਤੋਂ ਮੋੜ ਮੁੜ ਪਏ। ਕੁਝ ਕਿਲੋਮੀਟਰ ਅੱਗੇ ਜਾ ਕੇ ਹੀ ਇੱਕ ਖੰਡਰ ਜਿਹਾ ਦਿਖਾਈ ਦਿੱਤਾ ਅਤੇ ਇੱਕ ਇਮਾਰਤ ਉੱਪਰ ‘ਬਲਰਾਜ ਸਾਹਨੀ’ ਲਿਖਿਆ ਦਿਖਾਈ ਦਿੱਤਾ। ਨਾਲ ਹੀ ਖੱਬੇ ਹੱਥ ਸੜਕ ਦੇ ਉੱਪਰ ਸਰਕਾਰੀ ਐਲੀਮੈਂਟਰੀ ਸਕੂਲ, ਪ੍ਰੀਤਨਗਰ ਲਿਖਿਆ ਹੋਇਆ ਸੀ। ਗੱਡੀ ਮੋੜ ਕੇ ਅਸੀਂ ਉਸ ਇਮਾਰਤ ਦੇ ਸਾਹਮਣੇ ਜਾ ਖਲੋਏ। ਦਰਵਾਜ਼ਾ ਖੜਕਾਉਣ ’ਤੇ ਇੱਕ ਬੰਦਾ ਅੰਦਰੋਂ ਨਿਕਲਿਆ ਅਤੇ ਸਾਨੂੰ ਅੰਦਰ ਲੈ ਗਿਆ। ਉਸ ਨੇ ਆਪਣਾ ਤੁਆਰਫ਼ ਸੂਰਤੀ ਮਸੀਹ ਵਜੋਂ ਕਰਵਾਇਆ। ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਉੱਥੇ ਰਹਿ ਰਿਹਾ ਹੈ। ਫਿਰ ਉਸ ਨੇ ਸਾਨੂੰ ਗੈਲਰੀ ਦਿਖਾਈ ਜਿੱਥੇ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’, ਉਨ੍ਹਾਂ ਦੇ ਪਰਿਵਾਰ, ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਹੋਰ ਵੱਖੋ-ਵੱਖ ਸ਼ਖ਼ਸੀਅਤਾਂ ਅਤੇ ਪ੍ਰੀਤ ਮਿਲਣੀਆਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਮੈਂ ਮਨ ਹੀ ਮਨ ਉਸ ਸਾਂਝੇ ਰਸੋਈਘਰ, ਸਾਂਝੀ ਖੇਤੀ, ਸਾਂਝੇ ਸਕੂਲ ਤੇ ਭਰਪੂਰ ਜ਼ਿੰਦਗੀ ਜਿਉਣ ਦੀ ਤਾਂਘ ਪੈਦਾ ਕਰਦੇ ਮਾਹੌਲ ਦਾ ਤਸੱਵਰ ਕੀਤਾ। ਅਜਿਹਾ ਮਾਹੌਲ ਜਿੱਥੇ ਆ ਕੇ ਬਲਵੰਤ ਗਾਰਗੀ ਨੇ ‘ਲੋਹਾ ਕੁੱਟ’ ਨਾਟਕ ਲਿਖਿਆ ਸੀ। ਬਲਰਾਜ ਸਾਹਨੀ ਵਰਗੇ ਕਲਾਕਾਰ ਉੱਥੇ ਠਹਿਰਦੇ ਤੇ ਨਾਟਕ ਖੇਡਦੇ। ਕਹਿੰਦੇ ਹਨ ਕਿ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਲੁਧਿਆਣਵੀ ਪਹਿਲੀ ਵਾਰ ਪ੍ਰੀਤਨਗਰ ਵਿੱਚ ਹੀ ਮਿਲੇ ਸਨ। ਭਾਈ ਮੰਨਾ ਸਿੰਘ, ਤੇਰਾ ਸਿੰਘ ਚੰਨ ਤੇ ਜੋਗਿੰਦਰ ਬਾਹਰਲਾ ਵਰਗੇ ਕਲਾਕਾਰਾਂ ਦਾ ਮੱਕਾ। ਇਸੇ ਲਈ ਪ੍ਰੀਤਨਗਰ ਕਈ ਨਾਵਲਾਂ, ਕਹਾਣੀਆਂ ਅਤੇ ਕਵਿਤਾਵਾਂ ਦਾ ਵਿਸ਼ਾ ਬਣਿਆ ਹੈ। ਨਾਵਲਾਂ ਵਿਚੋਂ ਉਪੇਂਦਰਨਾਥ ਅਸ਼ਕ ਦਾ ਨਾਵਲ ‘ਬੜੀ ਬੜੀ ਆਂਖੇਂ’ ਅਤੇ ਮੋਹਨ ਕਾਹਲੋਂ ਦਾ ਨਾਵਲ ‘ਗੋਰੀ ਨਦੀ ਦਾ ਗੀਤ’ ਪ੍ਰਮੁੱਖ ਹਨ। ਕੇਵਲ ਧਾਲੀਵਾਲ ਨੇ ਪ੍ਰੀਤਨਗਰ ਬਾਰੇ ਦਸਤਾਵੇਜ਼ੀ ਫਿਲਮ ‘ਸੁਪਨਿਆਂ ਦੀ ਧਰਤੀ’ ਬਣਾਈ। ਕਿਸੇ ਸਮੇਂ ਸਵੈ-ਨਿਰਭਰ ਰਹੇ ਪ੍ਰੀਤਨਗਰ ਦੀ ਮਾਰਕੀਟ ਦੇ ਸਿਰਫ਼ ਖੰਡਰਾਤ ਹੀ ਬਚੇ ਹਨ।
ਮਰਹੂਮ ਸੁਮੀਤ ਸਿੰਘ ਦੀ ਤਸਵੀਰ ਨੇ ਭਾਵੁਕ ਕਰ ਦਿੱਤਾ। ਪ੍ਰੀਤਲੜੀ ਦਾ ਬੇਬਾਕ ਸੰਪਾਦਕ, ਸੱਚ ਲਿਖਣ ਵਾਲਾ ਨੌਜਵਾਨ ਲੇਖਕ ਹੋਣ ਕਰਕੇ ਕੱਟੜਵਾਦੀਆਂ ਨੂੰ ਪਹਿਲਾਂ ਤੋਂ ਹੀ ਰੜਕਦਾ ਸੀ। ਘਰੋਂ ਦੋਵੇਂ ਭਰਾ ਦਰਜ਼ੀ ਕੋਲੋਂ ਸਿਉਂਤੇ ਹੋਏ ਕੱਪੜੇ ਲੈਣ ਗਏ ਸਨ, ਦੂਜੇ ਭਰਾ ਦੇ ਪੱਗ ਬੰਨ੍ਹੀ ਹੋਈ ਸੀ ਤੇ ਸੁਮੀਤ ਮੋਨਾ ਸੀ। ਦਹਿਸ਼ਤਗਰਦਾਂ ਨੇ ਮੋਨੇ ਨੂੰ ਅਲੱਗ ਕਰ ਲਿਆ। ਦੂਜੇ ਭਰਾ ਨੇ ਬਹੁਤ ਵਾਸਤੇ ਪਾਏ ਕਿ ਇਹ ਮੇਰਾ ਭਰਾ ਹੈ, ਪਰ ਉਨ੍ਹਾਂ ਨੇ ਬੇਦੋਸ਼ੇ ਸੁਮੀਤ ਨੂੰ ਮਾਰ ਦਿੱਤਾ। ਅਜੇ ਦੋ ਦਿਨ ਪਹਿਲਾਂ ਹੀ ਉਹ ਦਿੱਲੀ ਤੋਂ ਪਰਤਿਆ ਸੀ ਤਾਂ ਰਸਤੇ ਵਿੱਚ ਪਾਨੀਪਤ ਕੋਲ ਕੁਝ ਦਹਿਸ਼ਤਗਰਦਾਂ ਨੇ ਘੇਰ ਲਿਆ ਤੇ ਮੋਨਾ ਹੋਣ ਕਰਕੇ ਛੱਡ ਦਿੱਤਾ। ਅਜਿਹੇ ਲੋਕਾਂ ਨੇ ਧਾਰਮਿਕ ਪਹਿਰਾਵਿਆਂ ਦੇ ਓਹਲੇ ਚੌਧਰੀ ਬਣ ਕੇ ਚੰਮ ਦੀਆਂ ਚਲਾਈਆਂ। ਚੰਗੇ ਅਮਲਾਂ ਨੂੰ ਛੱਡ ਕੇ ਧਰਮ, ਪਹਿਰਾਵਿਆਂ ਤੱਕ ਸੀਮਿਤ ਕਰ ਦਿੱਤਾ ਗਿਆ ਸੀ। ਆਮ ਲੋਕਾਈ ਵਰਦੀਆਂ ਤੇ ਧਾਰਮਿਕ ਪਹਿਰਾਵਾ ਦੋਵਾਂ ਤੋਂ ਹੀ ਪੀੜਿਤ ਰਹੀ। ਉਸ ਮਗਰੋਂ ਸੁਮੀਤ ਦੀ ਪਤਨੀ ਪੂਨਮ ਸਿੰਘ ਦਾ ਉਸ ਦੇ ਛੋਟੇ ਭਰਾ ਨਾਲ ਪਰਿਵਾਰ ਵਸਾ ਦਿੱਤਾ। ਅੱਜਕੱਲ੍ਹ ਪੂਨਮ ਸਿੰਘ ਪ੍ਰੀਤਲੜੀ ਦੀ ਸੰਪਾਦਕ ਹੈ। ਅਫ਼ਸੋਸ ਦੀ ਗੱਲ ਹੈ ਕਿ ਪੂਨਮ ਸਿੰਘ ਦੇ ਉੱਥੇ ਨਾ ਹੋਣ ਕਾਰਨ ਅਸੀਂ ਉਨ੍ਹਾਂ ਨੂੰ ਮਿਲ ਨਹੀਂ ਸਕੇ।
ਸੂਰਤੀ ਮਸੀਹ ਸਾਨੂੰ ਨਵੇਂ ਬਣੇ ਆਡੀਟੋਰੀਅਮ ਵਿੱਚ ਲੈ ਗਿਆ ਅਤੇ ਓਪਨ ਏਅਰ ਥੀਏਟਰ ਵੀ ਦਿਖਾਇਆ। ਇਸ ਦਾ ਪੱਧਰ ਕਿਸੇ ਯੂਨੀਵਰਸਿਟੀ ਦੇ ਆਡੀਟੋਰੀਅਮ ਵਾਲਾ ਹੈ। ਕੋਰੋਨਾ ਤੋਂ ਬਾਅਦ ਇੱਥੇ ਸਰਗਰਮੀਆਂ ਘਟ ਗਈਆਂ ਹਨ, ਨਹੀਂ ਤਾਂ ਪਹਿਲਾਂ ਨਾਟਕ ਚੱਲਦੇ ਰਹਿੰਦੇ ਸਨ। ਮੈਂ ਬਲਰਾਜ ਸਾਹਨੀ ਵਰਗੇ ਮਹਾਨ ਕਲਾਕਾਰਾਂ ਨੂੰ ਪ੍ਰੀਤਨਗਰ ਦੀਆਂ ਸਟੇਜਾਂ ’ਤੇ ਆਪਣੇ ਕਿਰਦਾਰ ਨਿਭਾਉਂਦੇ ਚਿਤਵਦਾ ਹਾਂ।
ਫਿਰ ਸੂਰਤੀ ਸਾਨੂੰ ਨਾਨਕ ਸਿੰਘ ਨਾਵਲਕਾਰ ਦੇ ਘਰ ਲੈ ਗਿਆ। ਨਾਨਕ ਸਿੰਘ ਦੇ ਪਰਿਵਾਰ ਨੇ ਇਹ ਘਰ ਵੇਚਿਆ ਨਹੀਂ ਸਗੋਂ ਸਾਹਮਣੇ ਘਰ ਵਾਲਿਆਂ ਨੂੰ ਚਾਬੀ ਦਿੱਤੀ ਹੋਈ ਹੈ। ਮੈਂ ਨਾਨਕ ਸਿੰਘ ਦੇ ਘਰ ਦੇ ਬਾਹਰ ਹੀ ਖੜ੍ਹ ਗਿਆ। ਉਸ ਦੇ ਉਪਰ ਲਿਖਿਆ ਹੋਇਆ ਹੈ ‘ਰਾਜ ਭਵਨ’ ਅਤੇ ਇਸ ਦੇ ਨੀਚੇ ਉੱਕਰਿਆ ਹੈ ‘1941’।
ਸੂਰਤੀ ਨੇ ਸਾਹਮਣੇ ਘਰ ਵਾਲਿਆਂ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਕੁੜੀ ਬਾਹਰ ਆਈ। ਸੂਰਤੀ ਵਾਪਸ ਮੁੜ ਆਇਆ। ਉਸ ਨੇ ਕਿਹਾ ਕਿ ਲੜਕੀ ਕਹਿੰਦੀ ਹੈ ਕਿ ਚਾਬੀ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਜੇਬ ਵਿੱਚ ਰਹਿ ਗਈ ਤੇ ਉਹ ਕੰਮ ’ਤੇ ਚਲਾ ਗਿਆ। ਮੈਨੂੰ ਜ਼ਿਆਦਾ ਸੰਭਾਵਨਾ ਇਹੀ ਲੱਗੀ ਕਿ ਲੜਕੀ ਨੇ ਸੋਚਿਆ ਹੋਣਾ ਹੈ, ਐਵੇਂ ਹੀ ਦੁਪਹਿਰੇ ਝੱਖ ਮਾਰਦੇ ਆ ਜਾਂਦੇ ਹਨ। ਸ਼ਾਇਦ ਉਹ ਸਮਝ ਨਾ ਸਕੀ ਹੋਵੇ ਕਿ ਮੇਰੇ ਮਨ ਵਿੱਚ ‘ਚਿੱਟਾ ਲਹੂ’ ਲਿਖਣ ਵਾਲੇ ਨਾਵਲਕਾਰ ਨਾਨਕ ਸਿੰਘ ਦਾ ਘਰ ਦੇਖਣ ਦੀ ਕਿੰਨੀ ਸਿੱਕ ਸੀ। ਮੇਰੇ ਮਨ ਵਿੱਚ ਨਾਨਕ ਸਿੰਘ ਦੀਆਂ ਪੁਸਤਕਾਂ ਅਤੇ ਉਸ ਦੀ ਜੀਵਨੀ ਘੁੰਮਣ ਲੱਗ ਪਈ। ਕਿੰਝ ਉਹ ਹੰਸ ਰਾਜ ਤੋਂ ਨਾਨਕ ਸਿੰਘ ਬਣਿਆ ਅਤੇ ਜੇਲ੍ਹ ਵਿੱਚ ਜਾ ਕੇ ਇੱਕ ਲੇਖਕ। ਰਾਮਜੀ ਦਾਸ ਨਾਮ ਦਾ ਇੱਕ ਸ਼ਖ਼ਸ ਮੰਦਰ ਵਿੱਚ ਲੰਗਰ ਛਕਣ ਜਾਂਦਾ ਹੈ। ਪ੍ਰਬੰਧਕ ਪੰਗਤ ਵਿੱਚੋਂ ਬੈਠੇ ਨੂੰ ਉਠਾ ਦਿੰਦੇ ਹਨ ਕਿ ਤੂੰ ਪੁਜਾਰੀ ਜੀ ਦੇ ਨਾਲ ਕਿੰਝ ਬੈਠਾ। ਉਸ ਦੇ ਮਨ ਨੂੰ ਠੇਸ ਪਹੁੰਚਦੀ ਹੈ। ਉਸ ਸ਼ਖ਼ਸ ਨੇ ਭਗਤ ਪੂਰਨ ਸਿੰਘ ਬਣ ਕੇ ਪਿੰਗਲਵਾੜੇ ਦੀ ਸਥਾਪਨਾ ਕੀਤੀ। ਗੰਭੀਰ ਚਿੰਤਨ ਦਾ ਵਿਸ਼ਾ ਹੈ ਕਿ ਕੀ ਸਿੱਖੀ ਅੱਜ ਵੀ ਓਨੀ ਖਿੱਚ ਪਾਉਂਦੀ ਹੈ?
ਫਿਰ ਮੈਨੂੰ ਯਾਦ ਆਇਆ, ਸੂਫ਼ੀ ਹੋਰਾਂ ਨੇ ਦੱਸਿਆ ਸੀ ਕਿ ਉੱਥੇ ਮੁਖਤਾਰ ਗਿੱਲ ਰਹਿੰਦੇ ਹਨ। ਉਨ੍ਹਾਂ ਦਾ ਬੂਹਾ ਖੜਕਾਇਆ ਤਾਂ ਉਨ੍ਹਾਂ ਦੀ ਨੂੰਹ ਬਾਹਰ ਆਈ। ਪਹਿਲਾਂ ਤਾਂ ਪੁਲੀਸ ਮੁਲਾਜ਼ਮ ਅਤੇ ਕਾਫ਼ੀ ਜਣੇ ਦੇਖ ਕੇ ਥੋੜ੍ਹਾ ਜਿਹਾ ਝਿਜਕੀ। ਜਦ ਮੈਂ ਆਪਣੀ ਪਛਾਣ ਦੱਸੀ ਤਾਂ ਗਿੱਲ ਹੋਰਾਂ ਕੋਲ ਲੈ ਗਈ। ਉਨ੍ਹਾਂ ਨੇ ਸੰਖੇਪ ਵਿੱਚ ਦੱਸਿਆ ਕਿ ਉਨ੍ਹਾਂ ਦਾ ਪਿੰਡ ਤਾਂ ਹੋਰ ਸੀ, ਨੌਕਰੀ ਮਿਲਣ ਤੋਂ ਬਾਅਦ ਨਿਯੁਕਤੀ ਇੱਥੋਂ ਦੀ ਹੋ ਗਈ ਸੀ। ਉਹ ਪੰਜਾਹ ਸਾਲ ਤੋਂ ਇੱਥੇ ਹੀ ਵੱਸ ਗਏ ਹਨ। ਉਹ ਦੱਸਣ ਲੱਗੇ ਕਿ ਪ੍ਰੀਤਨਗਰ ਤਾਂ ਹੁਣ ਸਾਰਾ ਖ਼ਤਮ ਹੀ ਹੋ ਗਿਆ ਹੈ। ਪੁਰਾਣੇ ਬੰਦੇ ਆਪੋ-ਆਪਣੇ ਘਰ ਅਤੇ ਹਿੱਸੇ ਵੇਚ ਗਏ ਹਨ। ਕਈ ਛੱਡ ਗਏ ਤੇ ਕਈ ਘਰ ਬਾਹਰੋਂ ਆਇਆਂ ਨੇ ਦੱਬ ਲਏ। ਮਾਹੌਲ ਉਹ ਨਹੀਂ ਰਿਹਾ।
ਫਿਰ ਸੂਰਤੀ ਸਾਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕੋਠੀ ਵਿੱਚ ਲੈ ਗਿਆ ਜਿੱਥੇ ਉਨ੍ਹਾਂ ਦੇ ਪੁੱਤਰ ਹਿਰਦੇਪਾਲ ਹੋਰਾਂ ਨੂੰ ਮਿਲੇ। ਉਸ ਨੱਬੇ ਸਾਲਾ ਬਜ਼ੁਰਗ ਨੇ ਸਾਨੂੰ ਬੜੀ ਹੀ ਹਲੀਮੀ ਅਤੇ ਪਿਆਰ ਨਾਲ ਸ਼ੁਰੂ ਤੋਂ ਅੰਤ ਤੱਕ ਸਾਰੀ ਕਹਾਣੀ ਸੁਣਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਦਾ ਜਨਮ ਸਿਆਲਕੋਟ ਦਾ ਸੀ। ਅਮਰੀਕਾ ਤੋਂ ਇੰਜੀਨੀਅਰ ਦੀ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ ਆਈ.ਆਈ.ਟੀ. ਰੁੜਕੀ ਤੋਂ ਪੜ੍ਹਾਈ ਕੀਤੀ ਜਿਸ ਦਾ ਪੁਰਾਣਾ ਨਾਮ ਥਾਮਸਨ ਕਾਲਜ ਆਫ ਸਿਵਿਲ ਇੰਜੀਨੀਅਰਿੰਗ ਸੀ। ਉਦੋਂ ਪੂਰੇ ਭਾਰਤ ਵਿੱਚ ਤਿੰਨ ਹੀ ਇੰਜੀਨੀਅਰਿੰਗ ਕਾਲਜ ਹੁੰਦੇ ਸਨ।
ਵਿਦੇਸ਼ ਵਿੱਚ ਨੌਕਰੀ ਅਤੇ ਰੇਲਵੇ ਦੀ ਨੌਕਰੀ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਆਦਰਸ਼ਕ ਜ਼ਿੰਦਗੀ ਜਿਉਣ ਦੇ ਆਸ਼ਕ ਨੇ ਆਪਣਾ ਸੁਪਨਾ ਪੂਰਾ ਕਰਨ ਲਈ 1938 ਵਿੱਚ ਪ੍ਰੀਤਨਗਰ ਵਸਾਇਆ। ਉਦੋਂ ਦਾ ਇੱਕ ਇਸ਼ਤਿਹਾਰ ਵੀ ਅਜਾਇਬਘਰ ਵਿੱਚ ਦੇਖਿਆ ਜਿੱਥੇ ਗਿਣਤੀ ਵੀ ਲਿਖੀ ਹੋਈ ਸੀ ਕਿ ਕਾਫ਼ੀ ਪਲਾਟ ਵਿਕ ਗਏ ਅਤੇ ਬਹੁਤ ਥੋੜ੍ਹੇ ਪਲਾਟ ਰਹਿ ਗਏ ਹਨ। ਫਿਰ ਸਮੇਂ ਦਾ ਗੇੜ ਐਸਾ ਚੱਲਿਆ ਕਿ 1947 ਦੀ ਵੰਡ ਹੋ ਗਈ। ਵੰਡ ਦਾ ਆਧਾਰ ਧਾਰਮਿਕ ਭਾਈਚਾਰਿਆਂ ਦੇ ਲੋਕਾਂ ਦੀ ਗਿਣਤੀ ਸੀ। ਇਸ ਅਨੁਸਾਰ ਇਹ ਇਲਾਕਾ 15 ਅਗਸਤ 1947 ਨੂੰ ਪਾਕਿਸਤਾਨ ਵਿੱਚ ਆ ਗਿਆ। ਬਾਅਦ ਵਿੱਚ ਦਰਿਆਵਾਂ ਦੀ ਕੁਦਰਤੀ ਵੰਡ ਨੂੰ ਆਧਾਰ ਬਣਾ ਕੇ ਰਾਵੀ ਦੇ ਇਧਰ ਦਾ ਇਲਾਕਾ ਭਾਰਤ ਨੂੰ ਦੇ ਦਿੱਤਾ ਗਿਆ। ਹਿਰਦੇਪਾਲ ਹੋਰਾਂ ਨੇ ਦੱਸਿਆ, ‘‘ਪ੍ਰੀਤਨਗਰ ਅੰਮ੍ਰਿਤਸਰ ਤੋਂ 26 ਕਿਲੋਮੀਟਰ ਅਤੇ ਲਾਹੌਰ ਤੋਂ ਸਿਰਫ਼ 18 ਤੋਂ 20 ਕਿਲੋਮੀਟਰ ਦੂਰ ਸੀ। ਅਸੀਂ ਅਟਾਰੀ ਹੋ ਕੇ ਅੰਮ੍ਰਿਤਸਰ ਜਾਇਆ ਕਰਦੇ ਸਾਂ ਅਤੇ ਆਉਣ ਜਾਣ ਦਾ ਜ਼ਿਆਦਾ ਮੁਹਾਣ ਵੀ ਲਾਹੌਰ ਵੱਲ ਸੀ। ਵੰਡ ਨੇ ਸਾਡਾ ਪ੍ਰੀਤਨਗਰ ਉਜਾੜ ਦਿੱਤਾ। ਉਦੋਂ ਕੋਈ ਕੰਡਿਆਲੀ ਤਾਰ ਵੀ ਨਹੀਂ ਸੀ। ਲੁੱਟ-ਖਸੁੱਟ ਕਰਨ ਵਾਲੇ ਲੁਟੇਰਾ ਗਿਰੋਹ ਦੋਵੇਂ ਪਾਸੇ ਮਾਰ-ਧਾੜ ਕਰਨ ਵਿੱਚ ਸਰਗਰਮ ਸਨ।’’ ਉਨ੍ਹਾਂ ਦੇ ਦੱਸਣ ਅਨੁਸਾਰ ਉਦੋਂ ਤਿੰਨ ਸਾਲ ਲਈ ਲਗਭਗ ਸਾਰੇ ਪਰਿਵਾਰ ਇੱਥੋਂ ਚਲੇ ਗਏ। ਪਹਿਲਾਂ ਪਹਿਲ 16 ਕੋਠੀਆਂ ਵਿੱਚ 32 ਲੇਖਕਾਂ/ ਕਲਾਕਾਰਾਂ/ ਸਾਹਿਤਕਾਰਾਂ ਦੇ ਪਰਿਵਾਰਾਂ ਨੇ ਇੱਥੇ ਰਿਹਾਇਸ਼ ਕੀਤੀ ਸੀ। ਬਾਅਦ ਵਿੱਚ ਗਿਣਤੀ ਵਧਦੀ ਗਈ, ਪਰ 1947 ਦੀ ਵੰਡ ਤੋਂ ਪਹਿਲਾਂ ਕਿਸੇ ਨੇ ਇਸ ਅਣਹੋਣੀ ਦਾ ਕਿਆਸ ਵੀ ਨਹੀਂ ਸੀ ਕੀਤਾ। ਵਿਗਿਆਨ ਆਉਣ ਵਾਲੇ ਮੌਸਮ ਮੀਂਹ, ਹਨੇਰੀ, ਝੱਖੜ, ਜਵਾਰਭਾਟੇ ਤੇ ਭੂਚਾਲ ਆਦਿ ਦਾ ਅਨੁਮਾਨ ਤਾਂ ਲਗਾ ਸਕਦਾ ਹੈ, ਪਰ ਮਨੁੱਖੀ ਮਨ ਦੀਆਂ ਲਾਲਸਾਵਾਂ ਅਤੇ ਹਿਰਸਾਂ ਦਾ ਨਹੀਂ।
ਤਿੰਨ ਸਾਲ ਬਾਅਦ ਕੁਝ ਪਰਿਵਾਰ ਉੱਥੇ ਪਰਤ ਆਏ, ਪਰ ਉਸ ਤੋਂ ਬਾਅਦ ਮੁੜ ਉਹ ਗੱਲ ਨਾ ਬਣ ਸਕੀ ਕਿਉਂਕਿ ਲਾਹੌਰ ਖੁੱਸ ਚੁੱਕਾ ਸੀ। ਹੁਣ ਅੰਮ੍ਰਿਤਸਰ ਮੁੱਖ ਕੇਂਦਰ ਬਣਨ ਲੱਗਿਆ ਸੀ। ਇੰਨੇ ਨੂੰ 1965 ਦੀ ਭਾਰਤ-ਪਾਕਿਸਤਾਨ ਜੰਗ ਆ ਗਈ। ਉਦੋਂ ਵੀ ਟੈਂਕ ਅਤੇ ਤੋਪਾਂ ਪ੍ਰੀਤਨਗਰ ਦੀਆਂ ਪ੍ਰੀਤ ਫਿਜ਼ਾਵਾਂ ’ਤੇ ਹਾਵੀ ਹੋ ਗਈਆਂ। ਉਸ ਤੋਂ ਬਾਅਦ 1971 ਦੀ ਜੰਗ ਆ ਗਈ। ਜਦੋਂ ਜਦੋਂ ਵੀ ਤਣਾਅ ਵਧਦਾ ਤਾਂ ਪ੍ਰੀਤਨਗਰ ਸਰਹੱਦ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਤੱਤੀਆਂ ਹਵਾਵਾਂ ਦਾ ਸੇਕ ਸਹਿੰਦਾ। ਸ਼ੀਤ ਪੌਣਾਂ ਵਿੱਚ ਜ਼ਹਿਰ ਘੋਲਣ ਵਾਲੇ ਤੱਤ ਹਾਵੀ ਹੁੰਦੇ ਰਹੇ। ਉਸ ਤੋਂ ਬਾਅਦ ਵੱਖਵਾਦੀ ਲਹਿਰ ਚੱਲੀ ਅਤੇ ਉਸ ਦੌਰਾਨ ਪ੍ਰੀਤਨਗਰ ਦੇ ਸ਼ੈਦਾਈ ਉਨ੍ਹਾਂ ਦੀਆਂ ਅੱਖਾਂ ਵਿੱਚ ਰੜਕਣ ਲੱਗੇ। ਉਸੇ ਹਨੇਰਗਰਦੀ ਵਿੱਚ ਪ੍ਰੀਤਨਗਰ ਦਾ ਸੁਮੀਤ ਵੀ ਮਾਰਿਆ ਗਿਆ। ਮਾਵਾਂ ਦੇ ਪੁੱਤ ਘਰਾਂ ਤੋਂ ਕੰਮਾਂ ਨੂੰ ਤਾਂ ਗਏ, ਪਰ ਪਰਤੇ ਨਾ। ਐਸੀ ਕੁਲਹਿਣੀ ਰੁੱਤ ਆਈ, ਜਦੋਂ ਭਾਈਆਂ ਨੇ ਭਾਈ ਮਾਰ ਘੱਤੇ। ਬਹੁਗਿਣਤੀ ਅਣਗੌਲੇ ਅਤੇ ਬੁਰੀ ਸੋਚ ਰੱਖਣ ਵਾਲਿਆਂ ਨੇ ਧਰਮ, ਸਿਆਸਤ ਅਤੇ ਵਰਦੀਆਂ ਦੀ ਆੜ ਵਿੱਚ ਚੰਮ ਦੀਆਂ ਚਲਾਈਆਂ। ਫਿਰ ਪ੍ਰੀਤਨਗਰ ਖਿੰਡਦਾ ਖਿੰਡਦਾ ਖਿੰਡ ਗਿਆ। ਕੋਈ ਦਿੱਲੀ ਚਲਾ ਗਿਆ, ਕੋਈ ਅੰਮ੍ਰਿਤਸਰ, ਕੋਈ ਪਟਿਆਲੇ ਤੇ ਕੋਈ ਚੰਡੀਗੜ੍ਹ। ਪ੍ਰੀਤਨਗਰ ਵਸਾਉਣ ਵਾਲੇ ਸੁਪਨਿਆਂ ਦੀ ਦੁਨੀਆਂ ਦੇ ਆਸ਼ਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਚੰਗੇਰੀ ਜ਼ਿੰਦਗੀ ਜਿਉਣ ਦੀ ਸੇਧ ਦੇਣ ਦਾ ਸੁਪਨਾ ਟੁੱਟ ਗਿਆ। ਮੈਂ ਬਲਰਾਜ ਸਾਹਨੀ ਦੀ ਕੋਠੀ ਬਾਬਤ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਕੋਠੀ ਕਿਸੇ ਹੋਰ ਕੋਲ ਹੈ।
ਵਾਪਸ ਤੁਰਨ ਲੱਗਦਾ ਹਾਂ ਤਾਂ ਹਿਰਦੇਪਾਲ ਹੋਰਾਂ ਨੇ ਦੁਬਾਰਾ ਬੁਲਾ ਕੇ ਗੁਰਬਖ਼ਸ਼ ਸਿੰਘ ਦਾ ਕਮਰਾ, ਮੰਜਾ ਅਤੇ ਕੁਰਸੀ ਦਿਖਾਏ। ਘਰ ਦੇਖਿਆ। ਬਾਹਰ ਕੌਲ਼ੇ ਉੱਤੇ ਇੱਕ ਪਾਸੇ ਲਿਖਿਆ ਹੋਇਆ ਹੈ ਮਾਲਣੀ ਅਤੇ ਦੂਸਰੇ ਪਾਸੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਦਸਤਖ਼ਤ ਹਨ। ਮਾਲਣੀ ਉਨ੍ਹਾਂ ਦੀ ਮਾਤਾ ਜੀ ਦਾ ਨਾਮ ਸੀ।
ਦਸ ਦੇ ਕਰੀਬ ਅਖ਼ਬਾਰ ਉਨ੍ਹਾਂ ਦੇ ਮੰਜੇ ਉੱਤੇ ਪਏ ਸਨ। ਮੈਂ ਪੁੱਛਿਆ ਕਿ ਅਖ਼ਬਾਰ ਇੰਨੇ ਦੂਰ ਅਤੇ ਪਛੜੇ ਇਲਾਕੇ ਵਿੱਚ ਹਰ ਰੋਜ਼ ਸਮੇਂ ਸਿਰ ਪੁੱਜ ਜਾਂਦੇ ਹਨ? ਉਨ੍ਹਾਂ ਦੱਸਿਆ ਕਿ ਹਾਂ, ਪੁੱਜ ਜਾਂਦੇ ਹਨ। ਫਿਰ ਦੱਸਿਆ ਕਿ ਪ੍ਰੀਤਨਗਰ ਦੇ ਖਿੰਡਣ ਦੇ ਬਹੁਤ ਕਾਰਨ ਹੋ ਗਏ ਸਨ, ਵਸਣ ਦਾ ਇੱਕ ਵੀ ਨਾ ਬਣਿਆ ਕਿਉਂਕਿ ਨਵੇਂ ਆਏ ਲੋਕਾਂ ਨੂੰ ਸਸਤੇ ਭਾਅ ਦੇ ਘਰ, ਕੋਠੀਆਂ ਮਿਲ ਗਈਆਂ, ਪਰ ਉਨ੍ਹਾਂ ਦੀਆਂ ਕੋਈ ਸਾਹਿਤਕ, ਕਲਾਤਮਿਕ ਰੁਚੀਆਂ ਨਹੀਂ ਹਨ।
ਕਿਸੇ ਸਮੇਂ ਦੂਰ-ਦੁਰਾਡੇ ਤੋਂ ਲੋਕ ਪ੍ਰੀਤਨਗਰ ਪੜ੍ਹਨ ਲਈ ਆਉਂਦੇ ਸਨ, ਪਰ ਹੁਣ ਜੇਕਰ ਪਰਿਵਾਰ ਦੇ ਕਿਸੇ ਬੱਚੇ ਨੇ ਪੜ੍ਹਨਾ ਹੋਵੇ ਤਾਂ 30 ਕਿਲੋਮੀਟਰ ਦੂਰ ਅੰਮ੍ਰਿਤਸਰ ਭੇਜਣਾ ਪੈਂਦਾ ਹੈ। ਆਪਣੇ ਬੇਟੇ ਦੀ ਬਾਬਤ ਦੱਸਿਆ ਕਿ ਉਸ ਨੇ ਡਾਕਟਰੀ ਦੇ ਖੇਤਰ ਵਿੱਚ ਅਜਿਹੀ ਪੜ੍ਹਾਈ ਵਿੱਚ ਪ੍ਰਬੀਨਤਾ ਹਾਸਲ ਕੀਤੀ ਜਿਸ ਦੀ ਭਾਰਤ ਵਿੱਚ ਮੰਗ ਨਹੀਂ ਹੈ। ਉਹ ਵਿਦੇਸ਼ ਹੀ ਰਹਿੰਦਾ ਹੈ। ਆਪਣੀ ਬਾਬਤ ਦੱਸਦੇ ਹਨ ਕਿ ਉਹ ਯੂਨੈਸਕੋ ਦੇ ਫੈਲੋ ਹਨ। ਮੈਂ ਕੋਠੀ ਵਿੱਚ ਪਸਰੀ ਚੁੱਪ ਮਹਿਸੂਸ ਕਰਦਾ ਅਤੇ ਚਿਤਵਦਾ ਹਾਂ ਕਿ ਜਦ ਇੱਥੇ ਰੌਣਕ ਹੁੰਦੀ ਸੀ ਤਾਂ ਉਸ ਖੁਸ਼ਨੁਮਾ ਮਹਿਕਾਂ ਵੰਡਦੀ ਸ਼ਾਂਤੀ ’ਚ ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਲਿਖਦੇ ਹੋਣਗੇ।
ਇਹ ਜਾਇਦਾਦ ਕਿਸੇ ਸਮੇਂ ਜਹਾਂਗੀਰ ਦੀ ਆਰਾਮਗਾਹ ਸੀ ਜਿੱਥੇ ਉਸ ਦੇ ਘੋੜੇ ਅਤੇ ਸੈਨਿਕਾਂ ਦੇ ਰੁਕਣ ਦਾ ਵੀ ਪ੍ਰਬੰਧ ਹੁੰਦਾ ਸੀ। ਉਸ ਤੋਂ ਬਾਅਦ ਇਹ ਜਹਾਂਗੀਰ ਤੋਂ ਸ਼ਾਹਜਹਾਂ ਕੋਲ ਪਹੁੰਚ ਗਈ। ਉਸ ਦੇ ਮੈਨੇਜਰ ਕਿਸਮ ਦੇ ਇੱਕ ਅਫ਼ਸਰ ਜਾਂ ਪ੍ਰਬੰਧਕ ਨੇ ਇਹ ਆਪਣੇ ਕਬਜ਼ੇ ਵਿੱਚ ਕਰ ਕੇ ਆਪਣੇ ਨਾਮ ਲਿਖਵਾ ਲਈ। ਉਸ ਦੀ ਪੰਜਵੀਂ ਪੀੜ੍ਹੀ ਤੋਂ ਇਹ ਜਾਇਦਾਦ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਖਰੀਦੀ ਸੀ।
ਕੁਰਸੀਆਂ ਮੇਜ਼ ਬੜੇ ਸਾਧਾਰਨ ਹਨ, ਪਰ ਸਲੀਕੇ ਨਾਲ ਟਿਕਾਏ ਹੋਏ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜ਼ਿੰਦਗੀ ਵਿੱਚ ਸਲੀਕਾ ਸੀ। ਉਹ ਸਾਧਨ ਸੰਪੰਨ ਰੱਜੀ ਨੀਅਤ ਵਾਲੇ ਸ਼ਖ਼ਸ ਸਨ। ਮੈਨੂੰ ਇਕਦਮ ਮਹਿੰਦਰ ਸਾਥੀ ਦਾ ਮੋਗਾ ਸ਼ਹਿਰ ਦੀ ਪੱਟੀ ਵਾਲੀ ਗਲੀ ਵਿਚਲਾ ਘਰ ਵੀ ਯਾਦ ਆਇਆ। ਮਹਿੰਦਰ ਸਾਥੀ, ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਵਰਗਿਆਂ ਕੋਲ ਸਾਧਨਾਂ ਦੀ ਬਹੁਤਾਤ ਨਹੀਂ ਸੀ, ਪਰ ਉਨ੍ਹਾਂ ਨੇ ਆਮ ਲੋਕਾਂ ਦੇ ਜੀਵਨ ਨੂੰ ਚੰਗੇਰਾ ਬਣਾਉਣ ਦਾ ਸੁਪਨਾ ਲਿਆ। ਸਾਧਨ ਸੰਪੰਨ ਹੋਵੇ ਭਾਵੇਂ ਸਾਧਨ ਵਿਹੂਣਾ, ਜਦੋਂ ਵੀ ਕੋਈ ਲੋਕਾਈ ਦੇ ਚੰਗੇ ਜੀਵਨ ਲਈ ਸੁਪਨਾ ਲੈਂਦਾ ਹੈ ਤਾਂ ਉਦੋਂ ਹੀ ਉਹ ਬੰਦੇ ਹੱਥੋਂ ਬੰਦੇ ਦੀ ਲੁੱਟ ’ਤੇ ਮੌਜਾਂ ਕਰਨ ਵਾਲੀਆਂ ਜੋਕਾਂ ਨੂੰ ਰੜਕਣ ਲੱਗ ਪੈਂਦਾ ਹੈ। ਪ੍ਰੀਤਲੜੀ ਨੂੰ ਪੜ੍ਹ ਕੇ ਸਾਧਨ ਵਿਹੂਣੇ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਸੰਵਾਰੀ ਅਤੇ ਸੇਧ ਲਈ।
ਹੋਰ ਨਵੇਂ ਆਂਢ-ਗੁਆਂਢ ਵਾਲੇ ਦੱਸਦੇ ਹਨ ਕਿ ਉਹ ਪੁਸਤਕਾਂ, ਨਾਟਕਾਂ ਜਾਂ ਜ਼ਿੰਦਗੀ ਜਿਉਣ ਦੀ ਗੁਣਵੱਤਾ ਵਧਾਉਣ ਵਾਲੀ ਮਾਨਸਿਕ ਖੁਰਾਕ ਬਾਬਤ ਕੋਈ ਸੋਚ ਨਹੀਂ ਰੱਖਦੇ। ਹਾਂ, ਕਿਸੇ ਡਾਕਟਰ ਤੋਂ ਦਵਾਈ ਲੈਣੀ ਹੋਵੇ, ਕਿਸੇ ਅਫ਼ਸਰ ਤੋਂ ਕੋਈ ਕੰਮ ਕਰਵਾਉਣਾ ਹੋਵੇ ਤਾਂ ਚਿੱਠੀ ਜ਼ਰੂਰ ਲਿਖਵਾ ਕੇ ਲੈ ਜਾਂਦੇ ਹਨ।
ਮੈਂ ਉਦਾਸ ਹੋ ਕੇ ਤੁਰ ਪਿਆ। ਆਉਣ ਲੱਗੇ ਨੂੰ ਪ੍ਰੀਤਲੜੀ ਦਾ ਤਾਜ਼ਾ ਅੰਕ ਦਿੰਦੇ ਹਨ ਅਤੇ 23 ਮਈ ਨੂੰ ਰਾਤ 8 ਵਜੇ ਨਾਟਕ ਦੇਖਣ ਆਉਣ ਲਈ ਕਹਿੰਦੇ ਹਨ।
ਸੂਰਤੀ ਦਾ ਘਰ ਵੀ ਦੇਖਿਆ। ਉਸ ਨੇ ਦੱਸਿਆ ਕਿ ਕੱਲ੍ਹ ਨੂੰ ਉਸ ਦੀ ਪਤਨੀ ਦਾ ਭੋਗ ਹੈ। ਮਾਹੌਲ ਹੋਰ ਵੀ ਉਦਾਸ ਹੋ ਗਿਆ।
ਇੱਕ ਘਟਨਾ ਭੁੱਲ ਗਿਆ ਹਾਂ। ਹਿਰਦੇਪਾਲ ਹੋਰਾਂ ਨੇ ਦੱਸਿਆ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇੱਕ ਭੋਰਾ ਬਣਾਇਆ ਹੋਇਆ ਸੀ, ਬੇਸਮੈਂਟ ਵਿੱਚ। ਉਦੋਂ ਬਿਜਲੀ ਦਾ ਪ੍ਰਬੰਧ ਨਹੀਂ ਸੀ। ਥੱਲੇ ਰੇਤਾ ਵਿਛਾ ਕੇ, ਉੱਪਰ ਪਾਣੀ ਛਿੜਕ ਕੇ ਭੋਰਾ ਠੰਢਾ ਹੋ ਜਾਂਦਾ ਸੀ ਅਤੇ ਉਹ ਆਪਣੇ ਕੰਮ ਵਿੱਚ ਜੁਟੇ ਰਹਿੰਦੇ ਸਨ।
ਅਖੀਰ ’ਤੇ ਅਸੀਂ ਪੁਰਾਣੀਆਂ ਇੱਟਾਂ ਦੀ ਬਣੀ ਹੋਈ ਉੱਚੀ ਇਮਾਰਤ ਵੱਲ ਚਲੇ ਗਏ। ਉਰਲੇ ਪਾਸੇ ਮੱਕੀ ਬੀਜੀ ਹੋਈ ਅਤੇ ਅੱਗੇ ਪਾਥੀਆਂ ਪੱਥ ਕੇ ਗਹੀਰੇ ਬਣੇ ਹੋਏ ਸਨ। ਨਵੀਆਂ ਇੱਟਾਂ ਦੀ ਚਾਰਦੀਵਾਰੀ ਕੀਤੀ ਹੋਈ, ਪਰ ਇਮਾਰਤ ਤੱਕ ਜਾਣ ਦਾ ਕੋਈ ਰਸਤਾ ਨਹੀਂ ਸੀ। ਇਹ ਪ੍ਰੀਤਨਗਰ ਦੀ ਪ੍ਰੈਸ ਹੁੰਦੀ ਸੀ ਅਤੇ ਇਸ ਛਾਪੇਖਾਨੇ ਵਿੱਚ ਪੁਸਤਕਾਂ ਛਪਦੀਆਂ ਸਨ। ਫਿਰ ਅਸੀਂ ਵਾਪਸ ਤੁਰ ਪਏ। ਤਲਾਅ ਵਿੱਚ ਮੱਛੀਆਂ ਛੱਡੀਆਂ ਹੋਈਆਂ ਸਨ ਅਤੇ ਇਸ ਵਿੱਚ ਬੰਬੀ ਦਾ ਸਾਫ਼ ਸੁਥਰਾ ਪਾਣੀ ਪੈ ਰਿਹਾ ਸੀ। ਪ੍ਰੀਤਨਗਰ ਦੀਆਂ ਕੋਠੀਆਂ ਵਿੱਚ ਉੱਗੇ ਫੁੱਲਾਂ, ਕੁਦਰਤੀ ਖੇਤੀ ਅਤੇ ਤਲਾਅ ਦੇ ਸਾਫ਼ ਸੁਥਰੇ ਪਾਣੀ ਨੇ ਕੁਝ ਸਕੂਨ ਦਿੱਤਾ। ਜੇ ਪਾਣੀ ਸਾਫ਼ ਸੁਥਰਾ ਰਿਹਾ ਤਾਂ ਕਦੇ ਤਲਾਅ ਵਿੱਚ ਤਾਰੀਆਂ ਵੀ ਲੱਗ ਸਕਦੀਆਂ ਹਨ।
ਗੱਡੀ ਵਿੱਚ ਬੈਠ ਕੇ ਉੱਥੋਂ ਮੁੜਦਿਆਂ ਸਰਹੱਦ ਦੇ ਪਿੰਡਾਂ ਦੇ ਘਰ ਪਿੱਛੇ ਲੰਘਦੇ ਦੇਖ ਰਿਹਾ ਸਾਂ।
ਸੰਪਰਕ: 94632-33230
1938 ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਵਸਾਏ ਪ੍ਰੀਤਨਗਰ ਦੀ ਥਾਂ ਪਹਿਲਾਂ ਮੁਗ਼ਲ ਬਾਦਸ਼ਾਹ ਜਹਾਂਗੀਰ ਤੇ ਉਸ ਦੀ ਬੇਗਮ ਨੂਰਜਹਾਂ ਦੀ ਆਰਾਮਗਾਹ ਹੋਇਆ ਕਰਦੀ ਸੀ। ਇੱਥੇ ਬਾਦਸ਼ਾਹ ਦੀ ਬਣਵਾਈ 400 ਸਾਲ ਪੁਰਾਣੀ ਬਾਰਾਂਦਰੀ ਅੱਜ ਵੀ ਮੌਜੂਦ ਹੈ। ਇਮਾਰਤ ਦਾ ਮੁੱਖ ਦਰਵਾਜ਼ਾ ਪੂਰਬ ਦਿਸ਼ਾ ਵੱਲ ਹੈ। ਇਹ ਅਗਲੇ ਹਿੱਸੇ ਤੋਂ ਤਿੰਨ ਮੰਜ਼ਿਲੀ ਨਜ਼ਰ ਆਉਂਦੀ ਹੈ। ਇਮਾਰਤ ਦੇ ਦੋਵੇਂ ਪਾਸੇ ਸੱਜੇ-ਖੱਬੇ ਝਰੋਖੇ ਹਨ। ਇਸ ਦੀਆਂ ਦੀਵਾਰਾਂ ਲਗਭਗ ਤਿੰਨ ਫੁੱਟ ਚੌੜੀਆਂ ਹਨ। ਉਪਰਲੀ ਮੰਜ਼ਿਲ ’ਤੇ ਗੁਸਲਖਾਨੇ ਅਤੇ ਪਖਾਨੇ ਬਣਾਏ ਹਨ। ਸੁਰੱਖਿਆ ਲਈ ਇਸ ਦੇ ਚਾਰੇ ਪਾਸੇ ਲਗਭਗ ਅੱਠ ਫੁੱਟ ਉੱਚੀ ਤੇ ਪੰਜ ਫੁੱਟ ਚੌੜੀ ਚਾਰਦੀਵਾਰੀ ਹੁੰਦੀ ਸੀ ਅਤੇ ਦੀਵਾਰ ਦੀਆਂ ਚਾਰੇ ਨੁੱਕਰਾਂ ’ਤੇ ਬੁਰਜ ਬਣੇ ਸਨ। ਇਨ੍ਹਾਂ ਵਿਚੋਂ ਹੁਣ ਇਕ ਹੀ ਬੁਰਜ ਸਹੀ ਹੈ। ਬੁਰਜ ਅੱਠ ਕੋਨਿਆਂ ਵਾਲਾ ਹੈ ਜੋ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੋਇਆ ਹੈ। ਬੁਰਜ ਦੇ ਸੱਜੇ ਹੱਥ ਥੋੜ੍ਹੀ ਦੂਰੀ ’ਤੇ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਦੋ ਏਕੜ ’ਚ ਫੈਲਿਆ ਤਲਾਬ ਹੈ। ਇਸ ਦਾ ਪਾਣੀ ਮੁਗ਼ਲ ਸੈਨਾ ਦੇ ਹਾਥੀਆਂ, ਘੋੜਿਆਂ ਆਦਿ ਦੇ ਪੀਣ ਲਈ ਵਰਤਿਆ ਜਾਂਦਾ ਸੀ। ਇੱਥੋਂ ਕੋਈ ਦੋ ਸੌ ਮੀਟਰ ਦੀ ਦੂਰੀ ’ਤੇ ਪੀਰ ਸ਼ੇਖ਼ ਬਖ਼ਤਿਆਰ ਦੀ ਖਾਨਗਾਹ ਮੌਜੂਦ ਹੈ।