For the best experience, open
https://m.punjabitribuneonline.com
on your mobile browser.
Advertisement

1984 ਦਾ ਸਿਆਹ ਨਵੰਬਰ

07:23 AM Nov 03, 2024 IST
1984 ਦਾ ਸਿਆਹ ਨਵੰਬਰ
ਦੰਗਾ ਪੀੜਤ ਸਿੱਖ ਔਰਤਾਂ ਆਪਣੀ ਵਿਥਿਆ ਸੁਣਾਉਂਦੀਆਂ ਹੋਈਆਂ।
Advertisement

Advertisement

ਪੁਸਤਕ ‘ਅੰਮ੍ਰਿਤਸਰ: ਮਿਸਜ਼ ਗਾਂਧੀ’ਜ਼ ਲਾਸਟ ਬੈਟਲ’ ਦਾ ਲੇਖਕ ਤੇ ਬੀ.ਬੀ.ਸੀ. ਦਾ ਸੀਨੀਅਰ ਪੱਤਰਕਾਰ ਮਾਰਕ ਟੱਲੀ ਸਾਕਾ ਨੀਲਾ ਤਾਰਾ ਵੇਲੇ ਉਦੋਂ ਤੱਕ ਅੰਮ੍ਰਿਤਸਰ ’ਚ ਰਿਹਾ ਜਦੋਂ ਤੱਕ ਸਰਕਾਰ ਵੱਲੋਂ ਉਸ ਨੂੰ ਸ਼ਹਿਰ ਛੱਡਣ ਦਾ ਹੁਕਮ ਨਹੀਂ ਸੀ ਦੇ ਦਿੱਤਾ ਗਿਆ। ਵਿਦੇਸ਼ੀ ਪੱਤਰਕਾਰਾਂ ਦਾ ਪੰਜਾਬ ’ਚ ਦਾਖ਼ਲਾ ਬੰਦ ਹੋਣ ਪਿੱਛੋਂ ਉਸ ਦੇ ਸਹਿਯੋਗੀ ਸਤੀਸ਼ ਜੈਕਬ ਨੇ ਪੰਜਾਬ ਨਾਲ ਸਬੰਧਿਤ ਰਿਪੋਰਟਾਂ ਇਕੱਠੀਆਂ ਕੀਤੀਆਂ ਅਤੇ ਫਿਰ ਦੋਵਾਂ ਨੇ ਇਨ੍ਹਾਂ ਨੂੰ ਪੁਸਤਕ ਦਾ ਰੂਪ ਦਿੱਤਾ। ਪੰਜਾਬੀ ’ਚ ‘ਅੰਮ੍ਰਿਤਸਰ: ਸ੍ਰੀਮਤੀ ਗਾਂਧੀ ਦੀ ਅੰਤਲੀ ਲੜਾਈ’ ਸਿਰਲੇਖ ਹੇਠ ਇਸ ਦਾ ਅਨੁਵਾਦ ਹਰੀਸ਼ ਜੈਨ ਨੇ ਕੀਤਾ। ਪਾਠਕਾਂ ਲਈ ਹੇਠਾਂ ਪੇਸ਼ ਹਨ ਇਸ ਪੁਸਤਕ ਦੇ ਕੁਝ ਅੰਸ਼:

Advertisement

ਮਾਰਕ ਟੱਲੀ, ਸਤੀਸ਼ ਜੈਕਬ

ਭਾਰਤ ਦੀ ਰਾਜਨੀਤੀ ’ਤੇ ਕਰੀਬ ਵੀਹ ਸਾਲ ਛਾਈ ਰਹੀ ਸ੍ਰੀਮਤੀ ਇੰਦਰਾ ਗਾਂਧੀ 31 ਅਕਤੂਬਰ 1984 ਨੂੰ ਸਵੇਰੇ ਸਵਾ ਨੌਂ ਵਜੇ ਆਪਣੇ ਬੰਗਲੇ ਦੇ ਬਗਲੀ ਦਰਵਾਜ਼ੇ ਤੋਂ ਆਪਣੇ ਦਫ਼ਤਰ ਜਾਣ ਲਈ ਵਿਹੜਾ ਪਾਰ ਕਰਨ ਲਈ ਨਿਕਲੀ। ਜਿੰਨਾ ਸਮਾਂ ਵੀ ਉਹ ਪ੍ਰਧਾਨ ਮੰਤਰੀ ਰਹੀ, ਉਸ ਨੇ ਆਪਣੀ ਰਿਹਾਇਸ਼ ਇੱਕ, ਸਫਦਰ ਜੰਗ ਰੋਡ ’ਤੇ ਹੀ ਰੱਖੀ ਜੋ ਕਿ ਸਾਦਾ, ਸਫ਼ੇਦ ਅਤੇ ਅੰਗਰੇਜ਼ੀ ਬਸਤੀਵਾਦ ਕਿਸਮ ਦਾ ਬੰਗਲਾ ਹੈ। ਅਜਿਹੇ ਬੰਗਲੇ ਅੰਗਰੇਜ਼ਾਂ ਨੇ ਆਪਣੇ ਪ੍ਰਬੰਧਕੀ ਅਫਸਰਾਂ ਦੇ ਨਿਵਾਸ ਲਈ ਉਦੋਂ ਬਣਵਾਏ ਸਨ ਜਦੋਂ ਉਨ੍ਹਾਂ ਨੇ ਆਪਣੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਲਿਆਂਦੀ ਸੀ। ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ ਚਮਕ-ਦਮਕ ਵਾਲਾ ਜਾਂ ਵਿਖਾਵੇ ਭਰਿਆ ਨਹੀਂ ਸੀ। ਹੋਰ ਬਹੁਤ ਸਾਰੇ ਸਿਆਸੀ ਆਗੂਆਂ ਦੇ ਮੁਕਾਬਲੇ ਖ਼ੂਬਸੂਰਤੀ ਤੇ ਸੁਹਜ ਸਵਾਦ ਪ੍ਰਤੀ ਸ੍ਰੀਮਤੀ ਗਾਂਧੀ ਦੀ ਖ਼ਾਸ ਰੁਚੀ ਸੀ। ਭਾਵੇਂ ਉਸ ਕੋਲ ਵਿਸ਼ਾਲ ਰਾਜਨੀਤਕ ਸਰਮਾਇਆ ਸੀ ਪਰ ਉਹ ਆਪਣੇ ਪੁੱਤਰ ਰਾਜੀਵ, ਉਸ ਦੀ ਇਤਾਲਵੀ ਪਤਨੀ ਸੋਨੀਆ ਅਤੇ ਉਸ ਦੇ ਦੋ ਬੱਚਿਆਂ ਨਾਲ ਬਹੁਤ ਹੀ ਸਾਦਾ ਘਰੇਲੂ ਜ਼ਿੰਦਗੀ ਬਤੀਤ ਕਰਦੀ ਸੀ।

ਦਿੱਲੀ ਵਿੱਚ ਦੰਗਿਆਂ ਦੌਰਾਨ ਸਾੜੀਆਂ ਕਾਰਾਂ।

ਪ੍ਰਧਾਨ ਮੰਤਰੀ ਆਪਣੇ ਪਹਿਨਣ ਲਈ ਸਾੜ੍ਹੀਆਂ ਦੀ ਚੋਣ ਸਦਾ ਹੀ ਬੜੇ ਧਿਆਨ ਨਾਲ ਕਰਦੀ। ਉਸ ਸਵੇਰ ਉਸ ਨੇ ਕੇਸਰੀ ਸਾੜ੍ਹੀ ਪਹਿਨੀ ਹੋਈ ਸੀ ਕਿਉਂਕਿ ਇਹ ਰੰਗ ਟੈਲੀਵਿਜ਼ਨ ’ਤੇ ਬਹੁਤ ਹੀ ਨਿਖਰ ਕੇ ਆਉਂਦਾ ਸੀ। ਉਹ ਪ੍ਰਸਿੱਧ ਨਾਟਕਕਾਰ, ਅਦਾਕਾਰ ਅਤੇ ਹਾਸਰਸ ਲੇਖਕ ਪੀਟਰ ਉਸਤੀਨੋਵ ਨਾਲ ਟੈਲੀਵਿਜ਼ਨ ਇੰਟਰਵਿਊ ਲਈ ਜਾ ਰਹੀ ਸੀ। ਵਿਸ਼ਵ ਨੇਤਾ ਦੇ ਤੌਰ ’ਤੇ ਆਪਣੇ ਰੁਤਬੇ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ ਅਤੇ ਇਸ ਦਾ ਭਰਪੂਰ ਆਨੰਦ ਮਾਣਦੀ ਸੀ। ਭਾਵੇਂ ਉਹ ਪੱਛਮੀ ਪ੍ਰੈੱਸ ਦੀ ਬਹੁਤ ਤਿੱਖੀ ਆਲੋਚਨਾ ਕਰਦੀ ਸੀ ਪਰ ਬਾਹਰੋਂ ਆਉਣ ਵਾਲੀਆਂ ਪ੍ਰਸਿੱਧ ਹਸਤੀਆਂ ਦੀ ਪ੍ਰੈੱਸ ਮਿਲਣੀ ਦੀ ਬੇਨਤੀ ਨੂੰ ਉਹ ਸਦਾ ਹੀ ਚਾਅ ਅਤੇ ਤੱਟ ਫੱਟ ਸਵੀਕਾਰਦੀ ਸੀ।
ਪ੍ਰਧਾਨ ਮੰਤਰੀ ਆਪਣਾ ਸਵੇਰ ਦਾ ਕਾਰ ਵਿਹਾਰ ਜ਼ਿਆਦਾਤਰ ‘ਦਰਸ਼ਨ’ ਤੋਂ ਸ਼ੁਰੂ ਕਰਦੀ ਸੀ। ਉਸ ਸਮੇਂ ਉਹ ਚੁਣੇ ਹੋਏ ਲੋਕਾਂ ਦੇ ਜਥਿਆਂ, ਜਿਨ੍ਹਾਂ ਵਿੱਚ ਬਹੁਤੀ ਗ਼ਰੀਬ ਜਨਤਾ ਤੇ ਭਾਰਤ ਦੇ ਦੂਰ-ਦਰਾਡੇ ਇਲਾਕਿਆਂ ਤੋਂ ਆਏ ਲੋਕ ਹੁੰਦੇ ਸਨ, ਨੂੰ ਇੱਕ ਸਫਦਰ ਜੰਗ ਰੋਡ ’ਤੇ ਬੇਤਕੱਲੁਫ਼ੀ ਨਾਲ ਮਿਲਦੀ ਸੀ। 31 ਅਕਤੂਬਰ ਦੀ ਸਵੇਰ ‘ਦਰਸ਼ਨ’ ਦਾ ਪ੍ਰਬੰਧ ਨਹੀਂ ਸੀ ਕੀਤਾ ਗਿਆ। ਉੜੀਸਾ ਦੀ ਯਾਤਰਾ ਅੱਧ ਵਿਚਕਾਰ ਛੱਡ ਕੇ ਸ੍ਰੀਮਤੀ ਗਾਂਧੀ ਪਿਛਲੀ ਰਾਤ ਹੀ ਵਾਪਸ ਆਈ ਸੀ। ਇਸ ਯਾਤਰਾ ਦੌਰਾਨ ਦਿੱਤੇ ਅੰਤਲੇ ਭਾਸ਼ਣ ਤੋਂ ਇੰਝ ਲੱਗਦਾ ਸੀ ਜਿਵੇਂ ਉਸ ਨੂੰ ਆਪਣੀ ਮੌਤ ਦਾ ਪਹਿਲਾਂ ਹੀ ਅੰਦੇਸ਼ਾ ਹੋ ਗਿਆ ਹੋਵੇ। ਉਸ ਨੇ ਕਿਹਾ, ‘‘ਮੈਨੂੰ ਇਹ ਚਿੰਤਾ ਨਹੀਂ ਕਿ ਮੈਂ ਜ਼ਿੰਦਾ ਰਹਿੰਦੀ ਹਾਂ ਜਾਂ ਨਹੀਂ। ਜਦ ਤੱਕ ਮੇਰਾ ਸਾਹ ਚਲਦਾ ਹੈ, ਮੈਂ ਤੁਹਾਡੀ ਸੇਵਾ ਕਰਦੀ ਰਹਾਂਗੀ। ਜਦੋਂ ਮੈਂ ਮਰ ਜਾਵਾਂਗੀ, ਮੇਰੇ ਖ਼ੂਨ ਦੀ ਹਰ ਬੂੰਦ ਭਾਰਤ ਨੂੰ ਸ਼ਕਤੀ ਦੇਵੇਗੀ ਅਤੇ ਇਸ ਨੂੰ ਇਕਮੁੱਠ ਰੱਖਣ ਵਿੱਚ ਸਹਾਈ ਹੋਵੇਗੀ।’’ ਸ੍ਰੀਮਤੀ ਗਾਂਧੀ ਆਪਣੀ ਯਾਤਰਾ ਤੋਂ ਜਲਦੀ ਵਾਪਸ ਆ ਗਈ ਸੀ ਕਿਉਂਕਿ ਉਸ ਦੇ ਪੋਤੇ ਤੇ ਪੋਤੀ ਨਾਲ ਦਿੱਲੀ ਵਿੱਚ ਕਾਰ ਹਾਦਸਾ ਵਾਪਰ ਗਿਆ ਸੀ। ਉਸ ਦੇ ਸਾਰੇ ਪਰਿਵਾਰ ਨੂੰ ਹੀ ਸਿੱਖਾਂ ਤੋਂ ਧਮਕੀ ਭਰੇ ਖ਼ਤ ਆ ਰਹੇ ਸਨ ਜਿਨ੍ਹਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਕਾਰਨ ਰੋਹ ਭਰਿਆ ਹੋਇਆ ਸੀ। ਸ੍ਰੀਮਤੀ ਗਾਂਧੀ ਨੂੰ ਇਹ ਖ਼ਦਸ਼ਾ ਸੀ ਕਿ ਇਹ ਹਾਦਸਾ ਸ਼ਾਇਦ ਉਸ ਦੇ ਪੋਤੇ ਪੋਤੀ ’ਤੇ ਕੀਤਾ ਹੋਇਆ ਹਮਲਾ ਹੋਵੇ।
ਸ੍ਰੀਮਤੀ ਗਾਂਧੀ ਦੇ ਨਿਵਾਸ ਅਤੇ ਦਫ਼ਤਰ ਦੀ ਵਲਗਣ ਇੱਕ ਵਾੜ ਰਾਹੀਂ ਵੰਡੀ ਹੋਈ ਸੀ ਜਿਸ ਵਿੱਚ ਇੱਕ ਫਾਟਕੀ ਲੱਗੀ ਹੋਈ ਸੀ। ਜਿਉਂ ਹੀ ਪ੍ਰਧਾਨ ਮੰਤਰੀ ਹਰ ਰੋਜ਼ ਦੀ ਤਰ੍ਹਾਂ ਆਪਣੇ ਨਿੱਜੀ ਸਹਾਇਕ ਆਰ.ਕੇ. ਧਵਨ ਨਾਲ ਫਾਟਕੀ ਤੱਕ ਪਹੁੰਚੀ ਤਾਂ ਉਹ ਬੇਅੰਤ ਸਿੰਘ ਨੂੰ ਵੇਖ ਕੇ ਮੁਸਕਰਾਈ ਜੋ ਕਿ ਪੁਲੀਸ ਦਾ ਸਬ ਇੰਸਪੈਕਟਰ ਸੀ ਅਤੇ ਉੱਥੇ ਸੁਰੱਖਿਆ ਡਿਊਟੀ ’ਤੇ ਤਾਇਨਾਤ ਸੀ। ਜਿਉਂ ਹੀ ਉਹ ਮੁਸਕਰਾਈ, ਬੇਅੰਤ ਸਿੰਘ ਨੇ ਆਪਣਾ ਰਿਵਾਲਵਰ ਕੱਢ ਕੇ ਉਸ ’ਤੇ ਗੋਲੀ ਦਾਗ ਦਿੱਤੀ। ਉਹ ਜ਼ਮੀਨ ’ਤੇ ਡਿੱਗ ਪਈ। ਫਾਟਕੀ ਦੇ ਦੂਸਰੇ ਪਾਸੇ ਡਿਊਟੀ ’ਤੇ ਤਾਇਨਾਤ ਸਿਪਾਹੀ ਸਤਵੰਤ ਸਿੰਘ ਨੇ ਆਪਣੀ ਸਟੇਨਗੰਨ ਪ੍ਰਧਾਨ ਮੰਤਰੀ ਦੀ ਦੇਹ ’ਤੇ ਖ਼ਾਲੀ ਕਰ ਦਿੱਤੀ। ਸਤਵੰਤ ਦੀਆਂ ਬਹੁਤੀਆਂ ਗੋਲੀਆਂ ਪ੍ਰਧਾਨ ਮੰਤਰੀ ਨੂੰ ਨਾ ਵੱਜੀਆਂ ਤੇ ਕੰਕਰੀਟ ਵਿਛੇ ਰਸਤੇ ਤੋਂ ਇਧਰ-ਉਧਰ ਖਿੰਡ ਗਈਆਂ।


ਪ੍ਰਧਾਨ ਮੰਤਰੀ ਨੂੰ ਗੋਲੀ ਮਾਰ ਕੇ ਬੇਅੰਤ ਸਿੰਘ ਨੇ ਆਪਣਾ ਵਾਕੀ-ਟਾਕੀ ਸੈੱਟ, ਵਾੜ ’ਤੇ ਟੰਗ ਦਿੱਤਾ। ਉਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਹੀ ਤਾਇਨਾਤ ਕੀਤਾ ਗਿਆ ਸੀ। ਬੇਅੰਤ ਸਿੰਘ ਨੇ ਆਪਣੇ ਹੱਥ ਸਿਰ ਤੋਂ ਉੱਪਰ ਚੁੱਕ ਲਏ ਅਤੇ ਕਿਹਾ ‘‘ਮੈਂ ਜੋ ਕਰਨਾ ਸੀ ਕਰ ਦਿੱਤਾ ਹੈ, ਹੁਣ ਤੁਸੀਂ ਜੋ ਕਰਨਾ ਹੈ ਕਰ ਲਵੋ।’’ ਉਸ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤੀ ਫ਼ੌਜ ਦੇ ਹਮਲੇ ਦਾ ਬਦਲਾ ਲੈ ਲਿਆ ਸੀ, ਉਹ ਤੀਰਥ ਸਥਾਨ ਜਿਸ ਦਾ ਵਾਸਾ ਸਿੱਖ ਭਾਈਚਾਰੇ ਦੇ ਦਿਲ ਵਿੱਚ ਹੈ।
ਦੋਵੇਂ ਅੰਗ ਰੱਖਿਅਕਾਂ ਨੂੰ ਦਫ਼ਤਰ ਦੀ ਵਲਗਣ ਦੇ ਅੰਦਰ ਬਣੀ ਪੁਲੀਸ ਚੌਕੀ ਵਿੱਚ ਤੁੰਨ ਦਿੱਤਾ ਗਿਆ, ਜਿੱਥੇ ਉਹ ਇੰਡੋ-ਤਿੱਬਤਨ ਬਾਰਡਰ ਪੁਲੀਸ ਦੇ ਜਵਾਨਾਂ ਨਾਲ ਖਹਿਬੜ ਪਏ। ਪ੍ਰਧਾਨ ਮੰਤਰੀ ਨਿਵਾਸ ਦੀ ਬਾਹਰੀ ਸੁਰੱਖਿਆ ਦਾ ਜ਼ਿੰਮਾ ਇੰਡੋ-ਤਿੱਬਤਨ ਬਾਰਡਰ ਪੁਲੀਸ ਕੋਲ ਸੀ। ਇਸ ਟਕਰਾਅ ਵਿੱਚ ਬੇਅੰਤ ਸਿੰਘ ਗੋਲੀ ਨਾਲ ਮਾਰਿਆ ਗਿਆ ਅਤੇ ਸਤਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਬੇਅੰਤ ਸਿੰਘ ਮਜ਼਼੍ਹਬੀ ਸਿੱਖ ਸੀ, ਜਿਨ੍ਹਾਂ ਨੇ ਸਿੱਖ ਮਤ ਨੂੰ ਅੰਗੀਕਾਰ ਕਰ ਲਿਆ ਸੀ, ਪਰ ਅਜੇ ਵੀ ਅਖੌਤੀ ਵੱਡੀ ਜਾਤ ਦੇ ਲੋਕ ਉਨ੍ਹਾਂ ਨੂੰ ਹੀਣੇ ਹੀ ਸਮਝਦੇ ਸਨ।
ਉੱਥੇ ਨਾ ਤਾਂ ਕੋਈ ਐਬੂਲੈਂਸ ਸੀ ਅਤੇ ਨਾ ਹੀ ਡਾਕਟਰਾਂ ਦੀ ਕੋਈ ਵਿਸ਼ੇਸ਼ ਤਿਆਰ-ਬਰ-ਤਿਆਰ ਟੀਮ। ਇਸ ਲਈ ਧਵਨ ਅਤੇ ਸ੍ਰੀਮਤੀ ਗਾਂਧੀ ਦੀ ਇਤਾਲਵੀ ਨੂੰਹ ਸੋਨੀਆ ਨੇ ਪ੍ਰਧਾਨ ਮੰਤਰੀ ਨੂੰ ਹਿੰਦੋਸਤਾਨ ਵਿੱਚ ਬਣੀ ਅੰਬੈਸਡਰ ਕਾਰ ਵਿੱਚ ਪਾਇਆ ਤੇ ਤਿੰਨ ਮੀਲ ਦੂਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵੱਲ ਚੱਲ ਪਏ। ਹਸਪਤਾਲ ਵਿੱਚ ਉਨ੍ਹਾਂ ਨੂੰ ਘਬਰਾਏ ਹੋਏ ਜੂਨੀਅਰ ਡਾਕਟਰ ਹੀ ਮਿਲੇ। ਜਦੋਂ ਉਨ੍ਹਾਂ ਕੋਲ ਸੀਨੀਅਰ ਡਾਕਟਰ ਆਏ ਤਾਂ ਉਨ੍ਹਾਂ ਨੇ ਸ੍ਰੀਮਤੀ ਗਾਂਧੀ ਦੇ ਦਿਲ ਅਤੇ ਫੇਫੜਿਆਂ ਦੇ ਕੰਮ ਕਰਨ ਲਈ ਕੁਝ ਮੈਡੀਕਲ ਯੰਤਰ ਲਗਾ ਦਿੱਤੇ ਅਤੇ ਖ਼ੂਨ ਚੜ੍ਹਾਉਣਾ ਸ਼ੁਰੂ ਕਰ ਦਿੱਤਾ। ਡਾਕਟਰਾਂ ਨੇ ਸ੍ਰੀਮਤੀ ਗਾਂਧੀ ਦੀ ਮੌਤ ਦਾ ਐਲਾਨ ਦੁਪਹਿਰ ਦੇ ਦੋ ਵੱਜ ਕੇ ਵੀਹ ਮਿੰਟ ਤੱਕ ਨਾ ਕੀਤਾ ਜਦੋਂਕਿ ਡਾਕਟਰੀ ਲਿਹਾਜ਼ ਨਾਲ ਹਸਪਤਾਲ ਪਹੁੰਚਣ ਵੇਲੇ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਸੁਪਰਡੈਂਟ ਨੇ ਬਾਅਦ ਵਿੱਚ ਦੱਸਿਆ ਕਿ ਸ੍ਰੀਮਤੀ ਗਾਂਧੀ ਦੇ ਸਰੀਰ ’ਤੇ ਗੋਲੀਆਂ ਦੇ ਵੀਹ ਤੋਂ ਜ਼ਿਆਦਾ ਜ਼ਖ਼ਮ ਸਨ। ਗੋਲੀਆਂ ਨੇ ਉਸ ਦਾ ਜਿਗਰ, ਗੁਰਦਾ, ਇੱਕ ਬਾਂਹ ਅਤੇ ਸਰੀਰ ਦੇ ਸੱਜੇ ਹਿੱਸੇ ਦੀਆਂ ਕੁਝ ਧਮਣੀਆਂ ਅਤੇ ਸ਼ਿਰਾਵਾਂ ਛੇਦ ਦਿੱਤੀਆਂ ਸਨ। ਸਰਕਾਰ ਦੇ ਕੰਟਰੋਲ ਵਾਲੇ ਆਲ ਇੰਡੀਆ ਰੇਡੀਓ ਨੂੰ ਮੌਤ ਦਾ ਐਲਾਨ ਕਰਨ ਦੀ ਮਨਜ਼ੂਰੀ ਸ਼ਾਮ ਦੇ ਛੇ ਵਜੇ ਤੱਕ ਨਾ ਮਿਲੀ ਜਦੋਂਕਿ ਇਸ ਤੋਂ ਪੰਜ ਘੰਟੇ ਪਹਿਲਾਂ ਲੱਖਾਂ ਦੇਸ਼ ਵਾਸੀ ਸਥਾਨਕ ਖ਼ਬਰ ਏਜੰਸੀਆਂ ਅਤੇ ਬੀ.ਬੀ.ਸੀ. ਦੀ ਵਿਦੇਸ਼ ਸੇਵਾ ਤੋਂ ਇਹ ਖ਼ਬਰ ਸੁਣ ਚੁੱਕੇ ਸਨ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ।
ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਕਤਲ ਦੀ ਖ਼ਬਰ ਬੀ.ਬੀ.ਸੀ. ਤੋਂ ਸੁਣੀ, ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਦਾ ਪੁੱਤਰ ਰਾਜੀਵ ਵੀ ਸੀ। 31 ਅਕਤੂਬਰ ਵਾਲੇ ਦਿਨ ਉਹ ਕਲਕੱਤਾ ਦੇ ਹੇਠਲੇ ਭਾਗ ਹੁਗਲੀ ਨਦੀ ਦੇ ਡੈਲਟੇ ਵਿੱਚ ਕਾਂਗਰਸ ਪਾਰਟੀ ਦੀ ਮਦਦ ਲਈ ਇੱਕ ਮੁਹਿੰਮ ਚਲਾ ਰਿਹਾ ਸੀ। ਪੁਲੀਸ ਦੀ ਇੱਕ ਗਸ਼ਤੀ ਪਾਰਟੀ ਨੇ ਉਸ ਦੇ ਕਾਰਾਂ ਦੇ ਕਾਫ਼ਲੇ ਨੂੰ ਰੋਕਿਆ ਅਤੇ ਉਸ ਨੂੰ ਤੁਰੰਤ ਦਿੱਲੀ ਪਹੁੰਚਣ ਲਈ ਕਿਹਾ ਕਿਉਂਕਿ ਕੋਈ ਵੱਡੀ ਘਟਨਾ ਵਾਪਰ ਗਈ ਸੀ। ਰਾਜੀਵ ਗਾਂਧੀ ਤੁਰੰਤ ਹੈਲੀ-ਪੈਡ ਵੱਲ ਚੱਲ ਪਿਆ ਤੇ ਉੱਥੋਂ ਉਹ ਕਲਕੱਤਾ ਹਵਾਈ ਅੱਡੇ ’ਤੇ ਪਹੁੰਚਿਆ। ਉੱਥੇ ਉਸ ਨੇ ਬੀ.ਬੀ.ਸੀ. ਲਗਾਇਆ ਤੇ ਸਾਢੇ ਬਾਰਾਂ ਵਜੇ ਦੀ ਵਿਸ਼ਵ ਸਰਵਿਸ ਵਿੱਚ ਸਤੀਸ਼ ਜੈਕਬ ਦੀ ਰਿਪੋਰਟ ਸੁਣੀ ਕਿ ਸ੍ਰੀਮਤੀ ਗਾਂਧੀ ਦੀ ਹਾਲਤ ਬਹੁਤ ਨਾਜ਼ੁਕ ਹੈ। ਕੁਝ ਮਿੰਟਾਂ ਬਾਅਦ ਹੀ ਸਤੀਸ਼ ਜੈਕਬ ਨੇ ਲੰਡਨ ਨੂੰ ਇਹ ਪੱਕੀ ਸੂਚਨਾ ਦੇ ਦਿੱਤੀ ਕਿ ਸ੍ਰੀਮਤੀ ਗਾਂਧੀ ਦੀ ਮੌਤ ਹੋ ਗਈ ਹੈ। ਰਾਜੀਵ ਗਾਂਧੀ ਤੁਰੰਤ ਕਲਕੱਤੇ ਤੋਂ ਦਿੱਲੀ ਨੂੰ ਉੱਡ ਪਿਆ।
ਦਿੱਲੀ ਹਵਾਈ ਅੱਡੇ ’ਤੇ ਉੱਤਰਦੇ ਹੀ ਰਾਜੀਵ ਗਾਂਧੀ ਦੀ ਪਹਿਲੀ ਚਿੰਤਾ ਆਪਣੇ ਪਰਿਵਾਰ ਬਾਰੇ ਜਾਣਨ ਦੀ ਸੀ। ਸਭ ਤੋਂ ਪਹਿਲਾਂ ਤਾਂ ਉਸ ਨੇ ਇਹ ਜਾਣਨਾ ਚਾਹਿਆ ਕਿ ਕੀ ਉਸ ਦੀ ਪਤਨੀ ਅਤੇ ਬੱਚੇ ਠੀਕ ਹਨ। ਫਿਰ ਉਸ ਨੇ ਸੁਰੱਖਿਆ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕੀਤੀ। ਹਵਾਈ ਅੱਡੇ ਤੋਂ ਉਹ ਸਿੱਧੇ ਹਸਪਤਾਲ ਲਈ ਚੱਲ ਪਿਆ ਜਿੱਥੇ ਉਸ ਦੀ ਮਾਤਾ ਨੂੰ ਲਿਜਾਇਆ ਗਿਆ ਸੀ।
ਸ੍ਰੀਮਤੀ ਗਾਂਧੀ ਭਾਰਤ ਦੀ ਪਹਿਲੀ ਪ੍ਰਧਾਨ ਮੰਤਰੀ ਸੀ ਜਿਸ ਦਾ ਕਤਲ ਹੋਇਆ, ਪਰ ਗੱਦੀ ’ਤੇ ਹੁੰਦਿਆਂ ਮਰਨ ਵਾਲਿਆਂ ਵਿੱਚੋਂ ਉਹ ਤੀਸਰੀ ਸੀ। ਜਦੋਂ ਉਸ ਦੇ ਪਿਤਾ ਪੰਡਿਤ ਨਹਿਰੂ ਅਤੇ ਉਨ੍ਹਾਂ ਦੇ ਜਾਨਸ਼ੀਨ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋਈ ਤਾਂ ਕਾਂਗਰਸ ਪਾਰਟੀ ਨੇ ਆਪਣਾ ਨਵਾਂ ਨੇਤਾ ਚੁਣਨ ਤੱਕ ਇੱਕ ਸੀਨੀਅਰ ਮੰਤਰੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਸੀ। ਇਸ ਵਾਰ ਕਾਂਗਰਸ ਦੇ ਸੀਨੀਅਰ ਨੇਤਾਵਾਂ, ਜਿਨ੍ਹਾਂ ਵਿੱਚ ਵਿੱਤ ਮੰਤਰੀ (ਤਤਕਾਲੀ) ਪ੍ਰਣਬ ਮੁਖਰਜੀ ਵੀ ਸ਼ਾਮਿਲ ਸਨ ਤੇ ਰਾਜੀਵ ਗਾਂਧੀ ਦੇ ਨਾਲ ਹੀ ਪਾਰਟੀ ਮੁਹਿੰਮ ਉੱਤੇ ਸਨ, ਨੇ ਇਹ ਫ਼ੈਸਲਾ ਕੀਤਾ ਕਿ ਜਾਨਸ਼ੀਨੀ ਦਾ ਮਸਲਾ ਤੁਰੰਤ ਹੀ ਨਿਬੇੜ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਉਨਤਾਲੀ ਸਾਲਾ ਸਾਬਕਾ ਪਾਇਲਟ, ਜਿਹੜਾ ਸਿਆਸਤ ਵਿੱਚ ਕੁੱਲ ਚਾਰ ਸਾਲ ਪਹਿਲਾਂ ਹੀ ਸ਼ਾਮਿਲ ਹੋਇਆ ਸੀ, ਨੂੰ ਉਸੇ ਸ਼ਾਮ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ’ਚ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਾ ਦਿੱਤੀ ਭਾਵੇਂ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਇਸ ਦੀ ਆਲੋਚਨਾ ਵੀ ਕੀਤੀ।
ਸ੍ਰੀਮਤੀ ਗਾਂਧੀ ਨੇ ਜਾਣ-ਬੁੱਝ ਕੇ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਲਗਪਗ ਖ਼ਤਮ ਕਰ ਦਿੱਤਾ ਸੀ। ਉਹ ਕਿਸੇ ਸ਼ਰੀਕ ਜਾਂ ਮੁਕਾਬਲੇ ’ਚ ਖੜ੍ਹਨ ਵਾਲੇ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੀ। ਇਸ ਲਈ ਉਸ ਦੇ ਮੰਤਰੀ ਮੰਡਲ ਵਿੱਚ ਕੋਈ ਅਜਿਹੀ ਸ਼ਖ਼ਸੀਅਤ ਨਹੀਂ ਸੀ ਜਿਹੜੀ ਅੱਗੇ ਆਉਣ ਵਾਲੇ ਖ਼ਤਰਨਾਕ ਅਤੇ ਅਨਿਸ਼ਚਿਤਤਾ ਭਰੇ ਦਿਨਾਂ ਵਿੱਚੋਂ ਭਾਰਤ ਨੂੰ ਪਾਰ ਲੰਘਾ ਸਕਦੀ। ਸਥਿਰਤਾ ਨੂੰ ਕਾਇਮ ਰੱਖਣ ਦੀ ਇੱਕੋ ਇੱਕ ਆਸ ਨਹਿਰੂ ਗਾਂਧੀ ਪਰਿਵਾਰ ਦੀ ਕ੍ਰਿਸ਼ਮੇ ਭਰੀ ਖਿੱਚ ਹੀ ਸੀ ਅਤੇ ਰਾਜੀਵ ਕੋਲ ਭਾਵੇਂ ਕੋਈ ਵੀ ਸਰਕਾਰੀ ਅਹੁਦਾ ਨਹੀਂ ਸੀ ਪਰ ਉਹ ਇਸ ਖ਼ਾਨਦਾਨ ਦਾ ਵਾਰਿਸ ਸੀ।
ਸ੍ਰੀਮਤੀ ਗਾਂਧੀ ਦੀ ਮੌਤ ਤੋਂ ਬਾਅਦ ਉਸ ਸ਼ਾਮ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਨੂੰ ਜਾਣ ਵਾਲੀ ਮੁੱਖ ਸੜਕ ਦੇ ਨਾਲ ਨਾਲ ਸਿੱਖਾਂ ਖ਼ਿਲਾਫ਼ ਫ਼ਿਰਕੂ ਦੰਗੇ ਭੜਕ ਪਏ। ਅਗਲੇ ਦਿਨ ਇਹ ਲੱਗਦਾ ਸੀ ਜਿਵੇਂ ਸਾਰੇ ਹਿੰਦੋਸਤਾਨ ਨੂੰ ਅੱਗ ਲੱਗ ਗਈ ਹੋਵੇ। ਲਗਪਗ ਇੱਕੋ ਇੱਕ ਸੂਬਾ ਜਿਹੜਾ ਫ਼ਿਰਕੂ ਦੰਗਿਆਂ ਦੇ ਪਾਗਲਪਣ ਤੋਂ ਬਚਿਆ ਹੋਇਆ ਸੀ, ਉਹ ਸਿੱਖਾਂ ਦੀ ਮਾਤਰਭੂਮੀ ਪੰਜਾਬ ਸੀ। ਇੱਥੇ ਹਿੰਦੂਆਂ ਨੂੰ ਡਰ ਸੀ ਕਿ ਸਿੱਖ ਬਦਲੇ ਦੀ ਕਾਰਵਾਈ ਕਰਨਗੇ, ਪਰ ਫ਼ੌਜ ਦੀ ਤਾਇਨਾਤੀ ਅਤੇ ਬਹੁਤ ਸਾਰੇ ਸਿੱਖ ਨੇਤਾਵਾਂ ਦੇ ਜ਼ਿੰਮੇਵਾਰ ਵਤੀਰੇ ਨੇ ਕੋਈ ਪ੍ਰਤੀਕਿਰਿਆ ਨਾ ਹੋਣ ਦਿੱਤੀ।
ਰਾਜਧਾਨੀ ਵਿੱਚ ਦੋ ਦਿਨ ਗੁੰਡਿਆਂ ਤੇ ਬਦਮਾਸ਼ਾਂ ਦੇ ਟੋਲੇ, ਜਿਨ੍ਹਾਂ ਦੀ ਅਗਵਾਈ ਕਈ ਥਾਈਂ ਕਾਂਗਰਸ ਪਾਰਟੀ ਦੇ ਵਰਕਰ ਕਰ ਰਹੇ ਸਨ, ਕਤਲ, ਅੱਗਜ਼ਨੀ ਅਤੇ ਲੁੱਟਮਾਰ ਕਰਦੇ ਰਹੇ। ਕੁਝ ਥਾਵਾਂ ’ਤੇ ਪੁਲੀਸ ਨੇ ਆਪ ਵੀ ਸਰਗਰਮੀ ਨਾਲ ਇਸ ਕਤਲੋਗਾਰਤ ਵਿੱਚ ਹਿੱਸਾ ਲਿਆ ਅਤੇ ਕੁਝ ਹੋਰ ਥਾਵਾਂ ’ਤੇ ਸਭ ਕੁਝ ਹੁੰਦਾ ਵੇਖ ਕੇ ਵੀ ਅੱਖਾਂ ਬੰਦ ਕਰੀ ਰੱਖੀਆਂ।
ਰੇਲ ਯਾਤਰਾ ਕਰ ਰਹੇ ਸਿੱਖਾਂ ਨੂੰ ਵੱਢੇ ਜਾਣ ਦੀਆਂ ਖ਼ਬਰਾਂ ਦੇਸ਼ ਵੰਡ ਵੇਲੇ ਦੀਆਂ ਮਨਹੂਸ ਯਾਦਾਂ ਤਾਜ਼ਾ ਕਰਵਾ ਰਹੀਆਂ ਸਨ। ਥਾਣਿਆਂ ਤੋਂ ਪੁਲੀਸ ਹੈੱਡਕੁਆਰਟਰ ਨੂੰ ਏਨੀ ਘੱਟ ਤੇ ਗ਼ਲਤ ਸੂਚਨਾ ਜਾ ਰਹੀ ਸੀ ਕਿ ਪੁਲੀਸ ਕਮਿਸ਼ਨਰ ਨੂੰ ਨਹੀਂ ਸੀ ਪਤਾ ਕਿ ਕੀ ਹੋ ਰਿਹਾ ਹੈ। ਕੁਝ ਹਿੰਦੂਆਂ ਰਾਹੀਂ ਸਿੱਖਾਂ ਖ਼ਿਲਾਫ਼ ਹੋਰ ਜ਼ਿਆਦਾ ਹਿੰਸਾ ਭੜਕਾਉਣ ਦੇ ਉਦੇਸ਼ ਨਾਲ ਜਾਣ ਬੁੱਝ ਕੇ ਅਫ਼ਵਾਹਾਂ ਉਡਾਈਆਂ ਗਈਆਂ ਸਨ। ਇਨ੍ਹਾਂ ਅਫ਼ਵਾਹਾਂ ਨੇ ਹੋਰ ਹਫੜਾ-ਦਫੜੀ ਪਾ ਦਿੱਤੀ। ਸ੍ਰੀਮਤੀ ਗਾਂਧੀ ਦੀ ਮੌਤ ’ਤੇ ਸਿੱਖਾਂ ਵੱਲੋਂ ਖ਼ੁਸ਼ੀਆਂ ਮਨਾਈਆਂ ਜਾਣ ਦੀਆਂ ਖ਼ਬਰਾਂ ਨੂੰ ਬਹੁਤ ਵਧਾ ਚੜ੍ਹਾ ਕੇ ਫੈਲਾਇਆ ਗਿਆ। ਇੱਕ ਵੱਡੇ ਅਧਿਕਾਰੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਕਿ ਇੱਕ ਰੇਲ ਗੱਡੀ ਪੰਜਾਬ ਤੋਂ ਦਿੱਲੀ ਦੇ ਬਿਲਕੁਲ ਬਾਹਰ ਸਾਹਿਬਾਬਾਦ ਪਹੁੰਚੀ ਹੈ, ਜਿਸ ਵਿੱਚ ਸੈਂਕੜੇ ਹੀ ਲਾਸ਼ਾਂ ਹਨ। ਉਸ ਨੇ ਕਿਹਾ ਕਿ ਸਾਰੇ ਮੁਸਾਫ਼ਿਰਾਂ ਨੂੰ ਸਿੱਖਾਂ ਨੇ ਵੱਢ ਦਿੱਤਾ ਹੈ। ਜਦੋਂ ਇੱਕ ਪੱਤਰਕਾਰ ਨੂੰ ਸਾਹਿਬਾਬਾਦ ਭੇਜਿਆ ਗਿਆ ਤਾਂ ਉਸ ਨੂੰ ਇਸ ਖ਼ਬਰ ਵਿੱਚ ਕੋਈ ਸਚਾਈ ਨਾ ਲੱਭੀ। ਇਸ ਸਾਰੀ ਅਨਿਸ਼ਚਿਤਤਾ ਦੌਰਾਨ ਸਤੀਸ਼ ਜੈਕਬ ਦੇ ਹੱਥ ਦਿੱਲੀ ਵਿੱਚ ਹੋਏ ਸਭ ਤੋਂ ਭਿਆਨਕ ਕਤਲੇਆਮਾਂ ਵਿੱਚੋਂ ਇੱਕ ਦੀ ਜਾਣਕਾਰੀ ਲੱਗੀ। ਸ਼ੁੱਕਰਵਾਰ, ਦੋ ਨਵੰਬਰ ਨੂੰ ਉਹ ਯਮੁਨਾ ਨਦੀ ਦਾ ਇਨਕਮ ਟੈਕਸ ਦਫ਼ਤਰ ਵਾਲਾ ਪੁਲ ਪਾਰ ਕਰਕੇ ਤ੍ਰਿਲੋਕਪੁਰੀ ਗਿਆ, ਜਿਹੜੀ ਕੰਮ-ਕਾਜੀ ਲੋਕਾਂ ਦੀ ਨਵੀਂ ਫੈਲ ਰਹੀ ਬਸਤੀ ਹੈ। ਡਰ ਨਾਲ ਕੰਬਦੇ ਲੋਕਾਂ ਦੇ ਇੱਕ ਛੋਟੇ ਜਿਹੇ ਸਮੂਹ ਨੇ ਉਸ ਨੂੰ 32 ਨੰਬਰ ਬਲਾਕ ਵਿੱਚ ਜਾਣ ਨੂੰ ਕਿਹਾ। ਜਦੋਂ ਉਹ ਉਸ ਬਲਾਕ ਵਿੱਚ ਪਹੁੰਚਿਆ ਤਾਂ ਉਸ ਨੇ ਇੱਟਾਂ ਦੇ ਬਣੇ ਇੱਕ ਛੋਟੇ ਜਿਹੇ ਮਕਾਨ ਦੇ ਬਰਾਮਦੇ ਵਿੱਚ ਤਿੰਨ ਸੜੀਆਂ ਲਾਸ਼ਾਂ ਪਈਆਂ ਵੇਖੀਆਂ। ਜਿਉਂ ਹੀ ਉਹ ਉਸ ਭੀੜੀ ਗਲੀ ਵਿੱਚੋਂ ਲੰਘਣ ਲੱਗਾ, ਉਸ ਨੇ ਲਗਭਗ ਹਰ ਮਕਾਨ ਦੇ ਬਰਾਮਦੇ ਵਿੱਚ ਲਾਸ਼ਾਂ ਪਈਆਂ ਵੇਖੀਆਂ। ਇਹ ਲਾਸ਼ਾਂ ਪ੍ਰਤੱਖ ਰੂਪ ਵਿੱਚ ਸਿੱਖਾਂ ਦੀਆਂ ਹੀ ਸਨ। ਸਤੀਸ਼ ਜੈਕਬ ਨੂੰ ਸਾਰੇ ਪਾਸੇ ਮਿੱਟੀ ਦੇ ਤੇਲ ਦੀ ਮੁਸ਼ਕ ਆਈ ਜਿਹੜਾ ਇਨ੍ਹਾਂ ਲਾਸ਼ਾਂ ਨੂੰ ਸਾੜਨ ਲਈ ਵਰਤਿਆ ਗਿਆ ਸੀ। ਕੁਝ ਨੂੰ ਲੋਹੇ ਦੀਆਂ ਸਲਾਖਾਂ ਨਾਲ ਵਿੰਨ੍ਹ ਦਿੱਤਾ ਗਿਆ ਸੀ। ਜ਼ਿਆਦਾਤਰ ਘਰ ਲੁੱਟ ਲਏ ਗਏ ਸਨ। ਸਿੱਖ ਪਰਿਵਾਰਾਂ ਦੀਆਂ ਤ੍ਰਭਕੀਆਂ ਤੇ ਡੌਰ-ਭੌਰ ਹੋਈਆਂ ਇਸਤਰੀਆਂ ਤੇ ਬੱਚੇ ਅਜੇ ਵੀ ਆਪਣੇ ਘਰਾਂ ਵਿੱਚ ਸਨ। ਬਹੁਤ ਸਾਰੇ ਰੋ ਰਹੇ ਸਨ। ਜ਼ਿਆਦਾਤਰ ਇੰਨੇ ਸੁੰਨ-ਮਸੁੰਨ ਹੋ ਗਏ ਸਨ ਕਿ ਉਨ੍ਹਾਂ ਮੂੰਹੋਂ ਕੋਈ ਬੋਲ ਹੀ ਨਹੀਂ ਸੀ ਫੁਟਦਾ। ਫਿਰ ਵੀ ਇੱਕ ਬਿਰਧ ਇਸਤਰੀ ਨੇ ਆਪਣੇ ਨਾਲ ਵਾਪਰੇ ਭਾਣੇ ਬਾਰੇ ਦੱਸਿਆ। ਉਸ ਨੇ ਕਿਹਾ, ‘‘ਲੋਕਾਂ ਦੇ ਹਜੂਮ, ਸੈਂਕੜਿਆਂ ਦੀ ਭੀੜ ਨੇ ਇਸ ਬਲਾਕ ’ਤੇ ਹੱਲਾ ਕਰ ਦਿੱਤਾ। ਉਨ੍ਹਾਂ
ਨੂੰ ਜਿੰਨੇ ਵੀ ਸਿੱਖ ਆਦਮੀ ਮਿਲੇ, ਸਭ ਨੂੰ ਮਾਰ ਦਿੱਤਾ ਤੇ ਸਾੜ ਦਿੱਤਾ। ਬਚਾਅ ਦਾ ਕੋਈ ਰਾਹ ਨਹੀਂ ਸੀ। ਉਹ ਜੰਗਲੀ ਦਰਿੰਦਿਆਂ ਦੀ ਤਰ੍ਹਾਂ ਸਨ, ਮਨੁੱਖ ਨਹੀਂ ਸਨ। ਅਸੀਂ ਉਨ੍ਹਾਂ ਦਾ ਕੁਝ ਨਹੀਂ ਵਿਗਾੜਿਆ ਸੀ।’’ ਜਦੋਂ ਸਤੀਸ਼ ਜੈਕਬ ਉਸ ਸਿੱਖ ਇਸਤਰੀ ਨਾਲ ਗੱਲ ਕਰ ਰਿਹਾ ਸੀ ਤਾਂ ਹਿੰਦੂਆਂ ਦੀ ਕੁਝ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਸਤੀਸ਼ ਨੂੰ ਦੱਸਿਆ ਕਿ ਉਹ ਤ੍ਰਿਲੋਕਪੁਰੀ ਦੇ ਵਾਸੀ ਹਨ ਪਰ ਉਨ੍ਹਾਂ ਦਾ ਕਤਲੇਆਮ ਵਿੱਚ ਕੋਈ ਹੱਥ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਗੁੰਡਿਆਂ ਦੇ ਟੋਲੇ ਇਸ ਬਾਹਰਲੀ ਬਸਤੀ ਵਿੱਚ ਆ ਵੜੇ ਸਨ ਅਤੇ ਉਨ੍ਹਾਂ ਨੇ ਇਹ ਜਬਰ-ਜ਼ੁਲਮ ਕੀਤਾ ਸੀ। ਇੱਕ ਬਿਰਧ ਮੁਸਲਮਾਨ ਡਾਕਟਰ ਅਸ਼ਫਾਕ, ਸਤੀਸ਼ ਜੈਕਬ ਨੂੰ ਆਪਣੇ ਪੁਰਾਣੀ ਦਿੱਲੀ ਵਾਲੇ ਘਰ ਰਹਿਣ ਵੇਲੇ ਤੋਂ ਜਾਣਦਾ ਸੀ। ਉਸ ਨੇ ਸਤੀਸ਼ ਜੈਕਬ ਨੂੰ ਇੱਕ ਪਾਸੇ ਬੁਲਾਇਆ। ਉਸ ਨੇ ਸਤੀਸ਼ ਨੂੰ ਦੱਸਿਆ ਕਿ ਵੱਢ-ਟੁੱਕ ਚਾਰ ਘੰਟੇ ਚੱਲਦੀ ਰਹੀ ਹੈ ਅਤੇ ਉਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਜ਼ਿਆਦਾਤਰ ਤ੍ਰਿਲੋਕਪੁਰੀ ਤੋਂ ਬਾਹਰਲੇ ਗੁੰਡਿਆਂ ਦੇ ਟੋਲੇ ਖੂਨ-ਖ਼ਰਾਬੇ ਲਈ ਜ਼ਿੰਮੇਵਾਰ ਸਨ। ਉਸ ਨੇ ਇਹ ਵੀ ਕਿਹਾ ਕਿ ਕੁਝ ਸਥਾਨਕ ਵਾਸੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ। ਪ੍ਰਤੱਖ ਰੂਪ ਵਿੱਚ ਬਦਮਾਸ਼ਾਂ ਨੇ ਪਹਿਲਾਂ ਲਾਗਲੇ ਗੁਰਦੁਆਰੇ ’ਤੇ ਹਮਲਾ ਕੀਤਾ ਤੇ ਫਿਰ 32 ਨੰਬਰ ਬਲਾਕ ਵਿੱਚ ਵੜ ਗਏ। ਸਿੱਖਾਂ ਨੇ ਮੁਕਾਬਲਾ ਕੀਤਾ, ਪਰ ਉਹ ਬਹੁਤ ਹੀ ਘੱਟ ਗਿਣਤੀ ਵਿੱਚ ਸਨ। ਡਾਕਟਰ ਅਸ਼ਫਾਕ ਨੇ ਕਿਹਾ ਕਿ ਇੰਚਾਰਜ ਪੁਲੀਸ ਅਧਿਕਾਰੀ ਅਤੇ ਤਿੰਨ ਸਿਪਾਹੀ ਖੜ੍ਹੇ ਇਸ ਸਾਰੀ ਵਾਰਦਾਤ ਨੂੰ ਤੱਕਦੇ ਰਹੇ।
ਸਤੀਸ਼ ਜੈਕਬ ਪੁਲੀਸ ਥਾਣੇ ਗਿਆ ਤੇ ਸਬ ਇੰਸਪੈਕਟਰ ਸੂਰਯਵੀਰ ਸਿੰਘ ਨੂੰ ਪੁੱਛਿਆ ਕਿ ਉਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਪੁਲੀਸ ਅਧਿਕਾਰੀ ਨੇ ਉੱਤਰ ਦਿੱਤਾ, ‘‘ਅਸੀਂ ਮਜਬੂਰ ਸਾਂ। ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਲਈ ਸਿਰਫ਼ ਡੰਡੇ ਹੀ ਸਨ।’’ ਜਿਉਂ ਹੀ ਸਤੀਸ਼ ਜੈਕਬ ਉੱਥੋਂ ਜਾਣ ਲੱਗਿਆ, ਪੁਲੀਸ ਦੇ ਸਦਰ ਮੁਕਾਮ ਤੋਂ ਡਿਪਟੀ ਇੰਸਪੈਕਟਰ ਜਨਰਲ ਹੁਕਮ ਚੰਦ ਜਾਟਵ ਉੱਥੇ ਪਹੁੰਚਿਆ। ਉਹ ਗੁੱਸੇ ਨਾਲ ਸ਼ੂਕ ਰਿਹਾ ਸੀ ਅਤੇ ਸਥਾਨਕ ਥਾਣਾ ਅਧਿਕਾਰੀ ’ਤੇ ਵਰ੍ਹਿਆ, ‘‘ਤੇਰੇ ਇਲਾਕੇ ਵਿੱਚ ਜੋ ਕੁਝ ਵਾਪਰ ਰਿਹਾ ਸੀ, ਤੂੰ ਇਸ ਦੀ ਸੂਚਨਾ ਸਦਰ ਮੁਕਾਮ ’ਤੇ ਕਿਉਂ ਨਹੀਂ ਦਿੱਤੀ?’’
‘‘ਸਾਹਿਬ, ਅਸੀਂ ਕੀ ਕਰ ਸਕਦੇ ਸਾਂ?’’ ਸਬ ਇੰਸਪੈਕਟਰ ਸੂਰਯਵੀਰ ਸਿੰਘ ਨੇ ਉੱਤਰ ਦਿੱਤਾ, ‘‘ਸਾਡੀ ਗਿਣਤੀ ਬਹੁਤ ਹੀ ਘੱਟ ਸੀ। ਅਸੀਂ ਆਪਣੀ ਸੁਰੱਖਿਆ ਨਹੀਂ ਸੀ ਕਰ ਸਕਦੇ।’’
‘‘ਤੇਰਾ ਕੀ ਮਤਲਬ ਹੈ? ਠੀਕ ਹੈ, ਤੇਰੀ ਹਿੰਮਤ ਜੁਆਬ ਦੇ ਗਈ ਸੀ। ਪਰ ਕੀ ਤੇਰੀ ਜ਼ੁਬਾਨ ਵੀ ਬੰਦ ਹੋ ਗਈ ਸੀ? ਕੀ ਤੇਰੇ ਕੋਲ ਵਾਇਰਲੈੱਸ ਤੇ ਟੈਲੀਫੋਨ ਨਹੀਂ ਸੀ?’’
‘‘ਸਾਹਿਬ, ਅਸੀਂ ਨਹੀਂ ਜਾਣਦੇ ਸੀ ਕਿ ਸੂਚਨਾ ਦੇਣੀ ਹੈ। ਅਸੀਂ ਨਹੀਂ ਜਾਣਦੇ ਸੀ ਕਿ ਹੋ ਕੀ ਰਿਹਾ ਹੈ? ਅਸੀਂ ਵੇਰਵੇ ਕਿਵੇਂ ਦੇ ਸਕਦੇ ਸੀ?’’
‘‘ਇਹ ਸੱਚ ਨਹੀਂ। ਜਾਂ ਤਾਂ ਤੂੰ ਬਹੁਤ ਡਰਿਆ ਹੋਇਆ ਸੀ ਜਾਂ ਇਨ੍ਹਾਂ ਵਾਰਦਾਤਾਂ ਵਿੱਚ ਤੂੰ ਇਤਨਾ ਜ਼ਿਆਦਾ ਸ਼ਾਮਿਲ ਸੀ ਕਿ ਸਾਨੂੰ ਸਹੀ ਖ਼ਬਰ ਨਹੀਂ ਦੇ ਸਕਿਆ। ਇੱਥੇ ਹੋਰ ’ਕੱਲੇ-’ਕੱਲੇ ਬੰਦੇ ਨੂੰ ਪਤਾ ਸੀ ਕਿ ਕੀ ਹੋ ਰਿਹਾ ਹੈ। ਤੈਨੂੰ ਕਿਉਂ ਨਹੀਂ ਸੀ ਪਤਾ?’’
‘‘ਸਾਹਿਬ, ਗੱਲ ਇੰਨੀ ਸਿੱਧੀ ਅਤੇ ਸੌਖੀ ਨਹੀਂ...’’
‘‘ਜ਼ੁਬਾਨ ਬੰਦ ਰੱਖ। ਤੈਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ।’’ ਡਿਪਟੀ ਇੰਸਪੈਕਟਰ ਜਨਰਲ ਜ਼ੋਰ ਨਾਲ ਬੋਲਿਆ ਅਤੇ ਆਪਣੇ ਆਦਮੀਆਂ ਨੂੰ ਉਸ ਨੂੰ ਫੜ ਲੈਣ ਲਈ ਕਿਹਾ।
‘ਇੰਡੀਅਨ ਐਕਸਪ੍ਰੈਸ’ ਦਾ ਇੱਕ ਰਿਪੋਰਟਰ ਰਾਹੁਲ ਬੇਦੀ ਵੀ 2 ਨਵੰਬਰ ਦੁਪਹਿਰ ਤੋਂ ਬਾਅਦ ਤ੍ਰਿਲੋਕਪੁਰੀ ਗਿਆ। ਉਸ ਨੂੰ ਉੱਥੋਂ ਦੇ ਵਾਸੀਆਂ ਨੇ ਦੱਸਿਆ ਕਿ ਵੱਢ-ਟੁੱਕ ਤੀਹ ਘੰਟੇ ਚੱਲਦੀ ਰਹੀ ਹੈ। ਇੱਕ ਸਥਾਨਕ ਥਾਣੇ ਵਿੱਚ ਉਸ ਨੂੰ ਦੱਸਿਆ ਗਿਆ ਕਿ ਉਸ ਇਲਾਕੇ ਵਿੱਚ ਕੋਈ ਵੀ ਖ਼ਾਸ ਘਟਨਾ ਨਹੀਂ ਵਾਪਰੀ। ਜਦੋਂ ਉਸ ਨੇ ਥਾਣੇ ਦੇ ਵਲਗਣ ਵਿੱਚ ਖੜ੍ਹੀ, ਸੜੀਆਂ ਅਤੇ ਸੜ ਰਹੀਆਂ ਲਾਸ਼ਾਂ ਨਾਲ ਲੱਦੀ ਲਾਰੀ ਬਾਰੇ ਪੁੱਛਿਆ ਤਾਂ ਪੁਲੀਸ ਅਧਿਕਾਰੀ ਨੇ ਉੱਤਰ ਦਿੱਤਾ, “ਥਾਣਾ ਇੰਚਾਰਜ ਸਾਹਿਬ ਇਨ੍ਹਾਂ ਮੌਤਾਂ ਬਾਰੇ ਜਾਣਦੇ ਹਨ ਪਰ ਉਹ ਦਿੱਲੀ ਗਏ ਹੋਏ ਹਨ ਅਤੇ ਪਰਤ ਕੇ ਹੀ ਉਹ ਇਨ੍ਹਾਂ ਬਾਰੇ ਕਾਰਵਾਈ ਕਰਨਗੇ।’’ ਬੇਦੀ ਨੇ ਦੇਖਿਆ ਕਿ ਫ਼ੌਜ ਵੀ ਕੁਝ ਖ਼ਾਸ ਨਹੀਂ ਸੀ ਕਰ ਰਹੀ। ਉਸ ਨੇ ਦੋ ਫ਼ੌਜੀ ਅਫ਼ਸਰਾਂ ਨੂੰ ਤ੍ਰਿਲੋਕਪੁਰੀ ਵਿੱਚ ਹੋਈਆਂ ਖ਼ੌਫ਼ਨਾਕ ਤੇ ਵਹਿਸ਼ਤ ਭਰੀਆਂ ਘਟਨਾਵਾਂ ਦੀ ਸੂਚਨਾ ਦਿੱਤੀ ਅਤੇ ਉਨ੍ਹਾਂ ਨੇ ਸਹਾਇਤਾ ਭੇਜਣ ਦਾ ਵਚਨ ਦਿੱਤਾ, ਪਰ ਸਾਢੇ ਤਿੰਨ ਘੰਟੇ ਬਾਅਦ ਵੀ ਉਸ ਇਲਾਕੇ ਵਿੱਚ ਫ਼ੌਜ ਦਾ ਕੋਈ ਜਵਾਨ ਨਾ ਪਹੁੰਚਿਆ। ਯਮੁਨਾ ਪੁਲ ’ਤੇ ਤਾਇਨਾਤ ਹਵਾਈ ਸੈਨਾ ਦੇ ਇੱਕ ਅਫਸਰ ਨੇ ਸਹਾਇਤਾ ਤੋਂ ਉੱਕਾ ਹੀ ਇਨਕਾਰ ਕਰ ਦਿੱਤਾ। ਸ਼ਹਿਰ ਦੀ ਮੁੱਖ ਰਿੰਗ ਰੋਡ ’ਤੇ ਤਾਇਨਾਤ ਇੱਕ ਸੈਕਿੰਡ ਲੈਫਟੀਨੈਂਟ ਨੇ ਕਿਹਾ, ‘‘ਅਚਾਨਕ ਹੋਈ ਕਿਸੇ ਵੀ ਘਟਨਾ ਵਿੱਚ ਦਖ਼ਲ ਦੇਣ ਦਾ ਮੈਨੂੰ ਕੋਈ ਹੁਕਮ ਨਹੀਂ ਹੈ।’’
ਸਰਕਾਰ ਆਪ ਮੰਨਦੀ ਹੈ ਕਿ ਸਿੱਖਾਂ ਖ਼ਿਲਾਫ਼ ਹੋਏ ਫ਼ਿਰਕੂ ਦੰਗਿਆਂ ਵਿੱਚ 2717 ਜਾਨਾਂ ਗਈਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗਿਣਤੀ ਸਿੱਖਾਂ ਦੀ ਹੀ ਸੀ। ਇਨ੍ਹਾਂ ਵਿੱਚੋਂ ਕੋਈ 2150 ਜਾਨਾਂ ਦਿੱਲੀ ਵਿੱਚ ਗਈਆਂ। ਇੱਥੇ ਦੰਗਾਕਾਰੀਆਂ ਨੂੰ ਉਨ੍ਹਾਂ ਗੰਦੀਆਂ ਬਸਤੀਆਂ ਤੋਂ ਲਿਆਂਦਾ ਗਿਆ ਜਿਹੜੀਆਂ ਉਨ੍ਹਾਂ ਇਲਾਕਿਆਂ ਦੇ ਨਾਲ ਲੱਗਦੀਆਂ ਹਨ ਜਿੱਥੇ ਹਮਲੇ ਹੋਏ। ਬਹੁਤ ਸਾਰੇ ਸਿੱਖਾਂ ਨੇ ਕਿਹਾ ਕਿ ਸਥਾਨਕ ਹਿੰਦੂ ਗੁਆਂਢੀਆਂ ਨੇ ਉਨ੍ਹਾਂ ਨੂੰ ਧਾੜਾਂ ਤੋਂ ਲੁਕੋ ਕੇ ਰੱਖਿਆ। ਫਿਰ ਵੀ ਸਰਕਾਰੀ ਅਨੁਮਾਨ ਅਨੁਸਾਰ 50,000 ਸਿੱਖ ਆਪਣੇ ਦੇਸ਼ ਦੀ ਰਾਜਧਾਨੀ ਛੱਡ ਕੇ, ਸੁਰੱਖਿਆ ਲਈ ਪੰਜਾਬ ਦੌੜ ਗਏ। ਹੋਰ 50,000 ਨੇ ਸਰਕਾਰ ਅਤੇ ਹੋਰ ਸੰਸਥਾਵਾਂ ਰਾਹੀਂ ਖੋਲ੍ਹੇ ਵਿਸ਼ੇਸ਼ ਕੈਂਪਾਂ ਵਿੱਚ ਪਨਾਹ ਲਈ।
ਕਿਸੇ ਸਰਕਾਰੀ ਜਾਂਚ ਦੀ ਗ਼ੈਰ-ਮੌਜੂਦਗੀ ਕਾਰਨ ਪ੍ਰਮੁੱਖ ਨਾਗਰਿਕਾਂ ਦੇ ਤਿੰਨ ਗਰੁੱਪਾਂ ਨੇ ਆਪਣੀ ਜਾਂਚ ਕੀਤੀ। ਉਨ੍ਹਾਂ ਨੇ ਇਸ ਗੱਲ ਦੇ ਸਬੂਤ ਇਕੱਠੇ ਕੀਤੇ ਕਿ ਸਥਾਨਕ ਪੁਲੀਸ ਵਿਵਸਥਾ ਬਿਲਕੁਲ ਭੰਗ ਹੋ ਗਈ ਸੀ ਅਤੇ ਪੰਜ ਥਾਵਾਂ ’ਤੇ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਹਿੰਸਾ ਨੂੰ ਭੜਕਾਇਆ। ਇਨ੍ਹਾਂ ਗਰੁੱਪਾਂ ਵਿੱਚੋਂ ਇੱਕ ‘ਸਿਟੀਜ਼ਨ ਕਮਿਸ਼ਨ’ ਵਿੱਚ ਸੁਪਰੀਮ ਕੋਰਟ ਦਾ ਇੱਕ ਸਾਬਕਾ ਚੀਫ਼ ਜਸਟਿਸ, ਇੱਕ ਸਾਬਕਾ ਗ੍ਰਹਿ ਸਕੱਤਰ, ਰਾਸ਼ਟਰਮੰਡਲ ਦਾ ਇੱਕ ਸਾਬਕਾ ਸਕੱਤਰ ਅਤੇ ਵਿਦੇਸ਼ ਮੰਤਰਾਲੇ ਦਾ ਇੱਕ ਸਾਬਕਾ ਸਕੱਤਰ ਸ਼ਾਮਲ ਸਨ। ਇਸ ਕਮਿਸ਼ਨ ਨੇ ਕਿਹਾ, ‘‘ਕੀਤੇ ਗਏ ਗੁਨਾਹਾਂ ਦੀ ਵੰਨਗੀ ਦੀ ਵਿਲੱਖਣ ਇਕਸਾਰਤਾ, ਜਿਸ ਵਿੱਚ ਕੁਝ ਸਥਾਨਕ ਤਬਦੀਲੀਆਂ ਸ਼ਾਮਿਲ ਸਨ, ਤੋਂ ਇਹ ਤਕੜੀ ਰਾਇ ਬਣਦੀ ਹੈ ਕਿ ਕਿਸੇ ਪੜਾਅ ਉੱਤੇ ਇਸ ਸਭ ਦਾ ਉਦੇਸ਼ ਸਿੱਖਾਂ ਨੂੰ ਸਬਕ ਸਿਖਾਉਣਾ ਬਣ ਗਿਆ ਸੀ।’’ ਇਸ ਰਿਪੋਰਟ ਨੇ ‘ਪੁਲੀਸ ਦੀ ਹੱਦੋਂ ਵੱਧ ਅਸਫਲਤਾ, ਸ਼ੱਕੀ ਰਾਜਨੀਤਕ ਤੱਤਾਂ ਦਾ ਦੰਗਿਆਂ ਨੂੰ ਭੜਕਾਉਣਾ; ਸਰਕਾਰੀ ਕੰਟਰੋਲ ਵਾਲੇ ਰੇਡੀਓ ਤੇ ਟੈਲੀਵਿਜ਼ਨ ਦੇ ਸੰਚਾਰ ਸਾਧਨਾਂ ਦੀ ਅਸਪਸ਼ਟ, ਗ਼ੈਰਯਕੀਨੀ, ਸ਼ੱਕੀ ਤੇ ਦੁਅਰਥੀ ਭੂਮਿਕਾ; ਅਤੇ ਸਰਕਾਰੀ ਤੰਤਰ ਦੀ ਆਪਣੇ ਫ਼ਰਜ਼ ਪ੍ਰਤੀ ਉਦਾਸੀਨਤਾ, ਜੜ੍ਹਤਾ ਅਤੇ ਕੋਈ ਦਿਲਚਸਪੀ ਨਾ ਹੋਣ’ ਬਾਰੇ ਵੀ ਲਿਖਿਆ।
ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਅਤੇ ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼ ਨੇ ਆਪਣੀਆਂ ਰਿਪੋਰਟਾਂ ਵਿੱਚ ਵਿਸ਼ੇਸ਼ ਤੌਰ ’ਤੇ ਲਿਖਿਆ, ‘‘ਜਿਹੜੇ ਇਲਾਕੇ ਦੰਗਿਆਂ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਜਿਵੇਂ ਕਿ ਤਿਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ ਵਿੱਚ ਧਾੜਾਂ ਦੀ ਅਗਵਾਈ ਸਥਾਨਕ ਕਾਂਗਰਸ (ਆਈ) ਦੇ ਨੇਤਾਵਾਂ ਅਤੇ ਉਸ ਇਲਾਕੇ ਦੇ ਗੁੰਡਿਆਂ ਨੇ ਕੀਤੀ।’’
ਇਨ੍ਹਾਂ ਦੂਸ਼ਣਾਂ ਦੀ ਸਰਕਾਰੀ ਜਾਂਚ ਕਰਵਾਉਣ ਲਈ ਰਾਜੀਵ ਗਾਂਧੀ ’ਤੇ ਤਕੜਾ ਦਬਾਅ ਪਿਆ। ਅੰਤ ਵਿੱਚ ਉਹ ਅਪਰੈਲ ਵਿੱਚ ਇਸ ਜਾਂਚ ਲਈ ਮੰਨ ਗਿਆ ਜਦੋਂ ਹਿੰਸਾ ਹੋਈ ਨੂੰ ਪੰਜ ਮਹੀਨੇ ਬੀਤ ਗਏ ਸਨ। ਸਿੱਖ ਧਾਰਮਿਕ ਸੰਸਥਾਵਾਂ ਅਤੇ ਅਕਾਲੀ ਦਲ ਦੇ ਮੈਂਬਰਾਂ ਦਾ ਇਹ ਦਾਅਵਾ ਹੈ ਕਿ ਰਾਜੀਵ ਗਾਂਧੀ ਨੇ ਜਾਂਚ ਦਾ ਐਲਾਨ ਆਮ ਚੋਣਾਂ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣ ਤੱਕ ਮੁਲਤਵੀ ਰੱਖਿਆ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਨੂੰ ਪੱਕਾ ਕਰਨ ਲਈ ਫ਼ੈਸਲਾਕੁਨ ਰੂਪ ਵਿੱਚ ਜਿੱਤਣਾ ਉਸ ਦੀ ਜ਼ਰੂਰਤ ਸੀ। ਸਿੱਖ ਆਗੂਆਂ ਅਨੁਸਾਰ ਰਾਜੀਵ ਗਾਂਧੀ ਇਸ ਗੱਲੋਂ ਡਰਦਾ ਸੀ ਕਿ ਕੋਈ ਵੀ ਜਾਂਚ ਹਿੰਦੂ ਵੋਟਰਾਂ ਨੂੰ ਚੰਗੀ ਨਹੀਂ ਲੱਗਣੀ। ਪਹਿਲਾਂ ਤਾਂ ਸਰਕਾਰ ਨੇ ਇਹ ਸਟੈਂਡ ਬਣਾਈ ਰੱਖਿਆ ਕਿ ਜਾਂਚ ਖ਼ਤਰਨਾਕ ਸਾਬਿਤ ਹੋਵੇਗੀ ਕਿਉਂਕਿ ਇਸ ਨਾਲ ‘ਪੁਰਾਣੇ ਜ਼ਖ਼ਮ ਖੁੱਲ੍ਹ ਜਾਣਗੇ।’ ਜਦੋਂ ਆਖ਼ਰਕਾਰ ਗ੍ਰਹਿ ਮੰਤਰੀ ਨੇ ਜਾਂਚ ਦਾ ਐਲਾਨ ਕੀਤਾ ਤਾਂ ਇਸ ਨੂੰ ਉਨ੍ਹਾਂ ਰਿਆਇਤਾਂ ਦੇ ਸਮੂਹ ਦਾ ਅੰਗ ਦੱਸਿਆ ਜਿਹੜਾ ਪੰਜਾਬ ਦੇ ਹਾਲਾਤ ਨੂੰ ਆਮ ਬਣਾਉਣ ਲਈ ਸਰਕਾਰ ਦਾ ਉਪਰਾਲਾ ਸੀ। ਇਸ ਸਮੇਂ ਤੀਕਰ ਹਿੰਦੂਆਂ ਤੇ ਸਿੱਖਾਂ ਦੇ ਸੰਬੰਧਾਂ ਵਿਚਕਾਰ ਡੂੰਘੀ ਦਰਾੜ ਪੈ ਚੁੱਕੀ ਸੀ। ਐਮ.ਜੇ. ਅਕਬਰ ਨੇ ਆਪਣੀ ਪੁਸਤਕ ‘ਇੰਡੀਆ ਦਿ ਸੀਜ਼ ਵਿਦਇਨ’ ਵਿੱਚ ਲਿਖਿਆ ਹੈ ਕਿ ਮਹਾਤਮਾ ਗਾਂਧੀ ਦੇ ਕਤਲ ਨੇ ‘ਦੇਸ਼ ਨੂੰ ਫ਼ਿਰਕੂ ਪਾਗਲਪਣ ਵਿੱਚੋਂ ਬਾਹਰ ਧੱਕ ਦਿੱਤਾ’ ਸੀ। ਹੋ ਸਕਦਾ ਹੈ, ਸ੍ਰੀਮਤੀ ਗਾਂਧੀ ਦਾ ਦੋ ਸਿੱਖਾਂ ਰਾਹੀਂ ਕਤਲ ਹਰਿਮੰਦਰ ਸਾਹਿਬ ਦੇ ਹਮਲੇ ਤੋਂ ਰੋਹ ਨਾਲ ਭਰੇ ਸਿੱਖ ਭਾਈਚਾਰੇ ਨੂੰ ਇਸ ਦੇ ਗੁੱਸੇ ਤੋਂ ਮੁਕਤ ਕਰ ਦਿੰਦਾ। ਦਿੱਲੀ ਦੇ ਦੰਗਿਆਂ ਨੇ ਇਸ ਆਸ ਉੱਤੇ ਪਾਣੀ ਫੇਰ ਦਿੱਤਾ।
ਇਹ ਨਹੀਂ ਕਿਹਾ ਜਾ ਸਕਦਾ ਕਿ ਦਿੱਲੀ ਵਿੱਚ ਸਿੱਖਾਂ ਖ਼ਿਲਾਫ਼ ਹਿੰਸਾ ਹੋਰ ਕਿੰਨੀ ਦੇਰ ਭੜਕੀ ਰਹਿੰਦੀ ਜੇ ਰਾਜੀਵ ਗਾਂਧੀ 3 ਨਵੰਬਰ ਨੂੰ ਸਵੇਰੇ ਹੀ, ਜਦੋਂ ਉਸ ਦੀ ਮਾਂ ਦਾ ਦਾਹ ਸਸਕਾਰ ਸ਼ੁਰੂ ਹੋਣ ਵਿੱਚ ਕੁਝ ਹੀ ਘੰਟੇ ਰਹਿੰਦੇ ਸਨ, ਖ਼ੁਦ ਜਾ ਕੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਨਾ ਕਰਦਾ। ਲੱਗਦਾ ਹੈ ਕਿ ਇਸ ਦੌਰੇ ਨੇ ਨਵੇਂ ਪ੍ਰਧਾਨ ਮੰਤਰੀ ਨੂੰ ਇਹ ਜਚਾ ਦਿੱਤਾ ਸੀ ਕਿ ਗੰਭੀਰ ਅਤੇ ਤਾਲਮੇਲ ਵਾਲੀ ਕਾਰਵਾਈ ਉਸ ਦੀ ਸਰਕਾਰ ਦੇ ਹੁਕਮ ਦੀ ਮੁੜ ਸਥਾਪਤੀ ਲਈ ਬਹੁਤ ਜ਼ਰੂਰੀ ਹੈ।
ਸੂਚਨਾ ਮੰਤਰੀ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਖ਼ੁਦ ਸੈਨਾ ਮੁਖੀ ਨੂੰ ਅਮਨ ਕਾਨੂੰਨ ਦੀ ਬਹਾਲੀ ਲਈ ਕੁਝ ਕਰੜੇ ਕਦਮ ਚੁੱਕਣ ਦਾ ਆਦੇਸ਼ ਦਿੱਤਾ| ਦੁਪਹਿਰ ਤੀਕਰ ਪਟਾ ਚੜ੍ਹੇ ਪਹੀਆਂ ਵਾਲੀਆਂ ਬਖਤਰਬੰਦ ਗੱਡੀਆਂ ਨਵੀਂ ਦਿੱਲੀ ਦੇ ਕੇਂਦਰ, ਇੰਡੀਆ ਗੇਟ ਕੋਲ ਖੜ੍ਹਾ ਦਿੱਤੀਆਂ ਗਈਆਂ ਅਤੇ ਫ਼ੌਜੀਆਂ ਦੇ ਭਰੇ ਟਰੱਕ ਸੜਕਾਂ, ਗਲੀਆਂ ਵਿੱਚ ਗਸ਼ਤ ਕਰਨ ਲੱਗੇ ਪਰ ਫ਼ੌਜ ਸ੍ਰੀਮਤੀ ਗਾਂਧੀ ਦੇ ਸਸਕਾਰ ਲਈ ਕਾਫ਼ੀ ਦੇਰ ਨਾਲ ਆਈ।
ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੀਆਂ ਅੰਤਮ ਯਾਤਰਾਵਾਂ ਵੇਖਣ ਲਈ ਬਹੁਤ ਵੱਡੀਆਂ ਭੀੜਾਂ ਜੁੜੀਆਂ ਸਨ, ਪਰ ਨਵੀਂ ਦਿੱਲੀ ਦੀਆਂ ਗਲੀਆਂ ਸੜਕਾਂ ਲਗਭਗ ਖਾਲੀ ਸਨ ਜਦੋਂ ਸ੍ਰੀਮਤੀ ਗਾਂਧੀ ਦੀ ਮ੍ਰਿਤਕ ਦੇਹ, ਜਿਸ ਦਾ ਮੂੰਹ ਨੰਗਾ ਤੇ ਜਿਸ ਨੂੰ ਇੱਕ ਤੋਪ ਗੱਡੀ ’ਤੇ ਰੱਖਿਆ ਹੋਇਆ ਸੀ, ਨੂੰ ਹੌਲੀ ਹੌਲੀ ਦਾਹ ਸਸਕਾਰ ਦੀ ਥਾਂ ਵੱਲ ਲਿਜਾਇਆ ਜਾ ਰਿਹਾ ਸੀ। ਭਾਰਤੀ ਲੋਕ ਆਪਣੇ ਪ੍ਰਧਾਨ ਮੰਤਰੀ ਨੂੰ ਵੇਖਣ ਲਈ ਹਮੇਸ਼ਾ ਹੀ ਇਕੱਠੇ ਹੋਇਆ ਕਰਦੇ ਸਨ ਪਰ ਦੰਗਿਆਂ ਤੇ ਦਹਿਸ਼ਤ ਦੇ ਮਾਹੌਲ ਨੇ ਉਨ੍ਹਾਂ ਨੂੰ ਸ੍ਰੀਮਤੀ ਗਾਂਧੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਤੋਂ ਦੂਰ ਰੱਖਿਆ।
ਜਦੋਂ ਉਦਾਸ ਅਤੇ ਦਿਲਗੀਰ ਰਾਜੀਵ ਗਾਂਧੀ ਆਪਣੀ ਮਾਂ ਦੀ ਚਿਤਾ ਕੋਲ ਖੜ੍ਹਾ ਸੀ ਤਾਂ ਉਹ ਜ਼ਰੂਰ ਸੋਚ ਰਿਹਾ ਹੋਵੇਗਾ ਕਿ ਉਹ ਆਪਣੀ ਮਾਂ ਵੱਲੋਂ ਉਸ ਲਈ ਛੱਡੀ ਗਈ ਵਿਰਾਸਤ ਨਾਲ ਕਿਵੇਂ ਨਜਿੱਠੇਗਾ। ਉਹ ਆਪਣੀ ਮਾਂ ਦੀਆਂ ਕਮਜ਼ੋਰੀਆਂ ਅਤੇ ਸ਼ਕਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਅਤੇ ਉਹ ਇਹ ਜਾਣਦਾ ਸੀ ਕਿ ਇਹ ਕਮਜ਼ੋਰੀਆਂ ਉਸ ਦੀ ਮਾਂ ਦੀ ਮੌਤ ਲਈ ਕਿਸੇ ਵੀ ਤਰ੍ਹਾਂ ਘੱਟ ਜ਼ਿੰਮੇਵਾਰ ਨਹੀਂ ਸਨ। ਉਹ ਪਹਿਲਾਂ ਹੀ ਜਾਣਦਾ ਸੀ ਕਿ ਉਸ ਦੀ ਮਾਂ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਪ੍ਰਤੱਖ ਤੇ ਘੋਰ ਗ਼ਲਤੀਆਂ ਸਨ, ਜਿਨ੍ਹਾਂ ਨੂੰ ਗੁਨਾਹ ਭਰੀ ਲਾਪ੍ਰਵਾਹੀ ਕਿਹਾ ਜਾ ਸਕਦਾ ਸੀ।

Advertisement
Author Image

Advertisement