ਰਾਜਪਾਲ ਵੱਲੋੋਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਦੌਰਾ
ਐਨਪੀ. ਧਵਨ
ਪਠਾਨਕੋਟ, 24 ਜੁਲਾਈ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਕਮੇਟੀ ਰੂਮ ਵਿੱਚ ਰਣਜੀਤ ਸਾਗਰ ਡੈਮ ਪ੍ਰਾਜੈਕਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਡੈਮ ਪ੍ਰਾਜੈਕਟ ਦੇ ਨਿਰਮਾਣ ਸਮੇਂ ਵੱਖ-ਵੱਖ ਹਾਦਸਿਆਂ ਵਿੱਚ ਸ਼ਹੀਦ ਹੋਏ 300 ਦੇ ਕਰੀਬ ਮੁਲਾਜ਼ਮਾਂ ਦੀ ਯਾਦ ਵਿੱਚ ਬਣੇ ਸ਼ਹੀਦੀ ਸਮਾਰਕ ’ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ।
ਡੈਮ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਸ਼ੇਰ ਸਿੰਘ ਨੇ ਦੱਸਿਆ ਕਿ ਰਾਜਪਾਲ ਨੇ ਰਣਜੀਤ ਸਾਗਰ ਡੈਮ ਅਤੇ ਨਿਰਮਾਣ ਅਧੀਨ ਸ਼ਾਹਪੁਰਕੰਡੀ ਡੈਮ (ਬੈਰਾਜ ਪ੍ਰਾਜੈਕਟ) ਬਾਰੇ ਜਾਣਕਾਰੀ ਲਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਸਮੇਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਪੂਰੇ ਪੰਜਾਬ ਲਈ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰਕੰਡੀ ਡੈਮ (ਬੈਰਾਜ ਪ੍ਰਾਜੈਕਟ) ਦਾ ਕੰਮ ਲਗਪਗ 95 ਫ਼ੀਸਦ ਤੋਂ ਜ਼ਿਆਦਾ ਪੂਰਾ ਹੋ ਚੁੱਕਾ ਹੈ। ਇਸ ਦੀ ਬਣਨ ਵਾਲੀ ਝੀਲ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਨੂੰ ਸਟੋਰ ਕਰਨ ਦੀ ਸਮਰੱਥਾ ਵਧ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਦਾ ਕੰਮ ਪੂਰਾ ਹੋਣ ’ਤੇ ਪਾਕਿਸਤਾਨ ਵੱਲ ਪਾਣੀ ਦੀ ਇੱਕ ਵੀ ਬੂੰਦ ਨਹੀਂ ਜਾ ਸਕੇਗੀ। ਜ਼ਿਕਰਯੋਗ ਹੈ ਕਿ ਰਾਜਪਾਲ ਨੇ ਲੰਘੀ ਸ਼ਾਮ ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਵਿੱਚ ਗ੍ਰਾਮੀਣ ਸੁਰੱਖਿਆ ਕਮੇਟੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਰਾਤ ਉਨ੍ਹਾਂ ਡੈਮ ਉਪਰ ਗੁਜ਼ਾਰੀ।
ਇਸ ਮੌਕੇ ਚੀਫ ਇੰਜਨੀਅਰ ਸ਼ੇਰ ਸਿੰਘ, ਐੱਸਡੀਐੱਮ ਧਾਰ ਕਲਾਂ ਕਾਲਾ ਰਾਮ ਕਾਂਸਲ, ਐੱਸਈ ਐਡਮਨ ਜਸਵੀਰ ਪਾਲ, ਐਕਸੀਅਨ ਹੈਡਕੁਰਟਰ ਲਖਵਿੰਦਰ ਸਿੰਘ, ਐਕਸੀਅਨ ਜਤਿੰਦਰ ਕੁਮਾਰ, ਚੀਫ ਸਕਿਓਰਿਟੀ ਅਫਸਰ ਪੈਸਕੋ ਸਕਿਓਰਿਟੀ ਕਰਨਲ ਅਨਿਲ ਭੱਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।