ਸਿਵਲ ਸਰਜਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
ਪੱਤਰ ਪ੍ਰੇਰਕ
ਮਾਛੀਵਾੜਾ, 15 ਜੁਲਾਈ
ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਅਤੇ ਜ਼ਿਲ੍ਹਾ ਐਪਿਡਮੋਲੋਜਿਸਟ ਅਫ਼ਸਰ ਡਾ. ਰਮੇਸ਼ ਭਗਤ ਨੇ ਸੀਐੱਚਸੀ ਮਾਛੀਵਾੜਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਲੜਕਿਆਂ ਦੇ ਸਰਕਾਰੀ ਸਕੂਲ ਵਿੱਚ ਬਣੇ ਰਾਹਤ ਕੈਂਪ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ।
ਸਿਵਲ ਸਰਜਨ ਨੇ ਸਿਹਤ ਵਿਭਾਗ ਮਾਛੀਵਾੜਾ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ’ਚ ਮੈਡੀਕਲ ਕੈਂਪ ਲਾਏ ਜਾਣ ਦੀ ਸ਼ਲਾਘਾ ਕੀਤੀ ਅਤੇ ਗਰਭਵਤੀ ਔਰਤ ਦਾ ਹਾਲ ਜਾਣਿਆ। ਉਨ੍ਹਾਂ ਹੜ੍ਹ ਪੀੜਤ ਲੋਕਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦੇਣ ਦਾ ਭਰੋਸਾ ਦਿਵਾਇਆ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਘਾਟ ਹੋਣ ਕਾਰਨ ਡੀਹਾਈਡ੍ਰੇਸ਼ਨ ਹੋ ਸਕਦੀ ਹੈ ਜਿਸ ਲਈ ਪਾਣੀ ਵਿੱਚ ਕਲੋਰੀਨ ਦੀ ਵਰਤੋਂ, ਪਾਣੀ ਉਬਾਲ ਕੇ ਜਾਂ ਓਆਰਐੱਸ ਦਾ ਘੋਲ ਪੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਨੀਵੇਂ ਇਲਾਕਿਆਂ ਨੂੰ ਤੁਰੰਤ ਖਾਲੀ ਕਰਾਉਣ ਅਤੇ ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਏ ਪਾਣੀ, ਭੋਜਨ ਦੀ ਵਰਤੋਂ ਨਾ ਕਰਨ ਲਈ ਵੀ ਕਿਹਾ। ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਤੁਰੰਤ ਮੈਡੀਕਲ ਕੈਂਪ ਵਿੱਚ ਡਾਕਟਰਾਂ ਨਾਲ ਸੰਪਰਕ ਕਰੇ, ਖੁਦ ਇਲਾਜ ਨਾ ਕਰੋ। ਐੱਸਐੱਮਓ ਡਾ. ਜਸਦੇਵ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕੇ ਸੱਪ ਦੇ ਡੰਗਣ ਦੀਆਂ ਘਟਨਾਵਾਂ ਆਮ ਹਨ ਇਸ ਲਈ ਕੋਸ਼ਿਸ਼ ਕਰੋ ਕਿ ਪਾਣੀ ਵਿੱਚ ਨਾ ਜਾਓ। ਜੇਕਰ ਕਿਸੇ ਨੂੰ ਸੱਪ ਡੰਗ ਲੈਂਦਾ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰੇ ਅਤੇ ਜਿੱਥੇ ਮੀਂਹ ਜਾਂ ਹੜ੍ਹ ਦਾ ਪਾਣੀ ਖੜ੍ਹਾ ਹੈ ਉਸ ਵਿੱਚ ਸਪਰੇਅ ਕਰਵਾਈ ਜਾ ਰਹੀ ਹੈ ਤਾਂ ਜੋ ਡੇਂਗੂ ਅਤੇ ਮਲੇਰੀਆ ਤੋਂ ਬਚਿਆ ਜਾ ਸਕੇ।