‘ਆਪ’ ਆਗੂ ਮਾਨ ਵੱਲੋਂ ਚੱਢਾ ਮਾਰਕੀਟ ਦਾ ਦੌਰਾ
ਪੱਤਰ ਪ੍ਰੇਰਕ
ਫਗਵਾੜਾ, 8 ਅਗਸਤ
ਇਥੋਂ ਦੇ ਚੱਢਾ ਮਾਰਕੀਟ ਵਿਖੇ ਬਰਸਾਤੀ ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਸਬੰਧੀ ਜਾਇਜ਼ਾ ਲੈਣ ਲਈ ਆਪ ਆਗੂ ਜੋਗਿੰਦਰ ਸਿੰਘ ਮਾਨ ਮਾਰਕੀਟ ਪੁੱਜੇ ਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਚੱਢਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਚਾਹਲ ਨੇ ਦੱਸਿਆ ਕਿ ਮਾਰਕੀਟ ਦੇ ਸੀਵਰੇਜ ਪਿਛਲੇ ਕਾਫ਼ੀ ਸਮੇਂ ਬੰਦ ਪਏ ਹਨ ਜਿਸ ਕਾਰਨ ਥੋੜ੍ਹੀ ਜਿਹੀ ਵੀ ਬਾਰਿਸ਼ ਹੋਣ ਨਾਲ ਮਾਰਕੀਟ ’ਚ ਬਹੁਤ ਪਾਣੀ ਜਮ੍ਹਾਂ ਹੋ ਜਾਂਦਾ ਹੈ ਤੇ ਓਵਰਫ਼ਲੋਅ ਵੀ ਹੋ ਜਾਂਦਾ ਹੈ ਤੇ ਕਈ ਥਾਵਾਂ ’ਤੇ ਮੱਖੀ ਮੱਛਰ ਵੀ ਪੈਦਾ ਹੁੰਦਾ ਹੈ ਜਿਸ ਨਾਲ ਕਈ ਦੁਕਾਨਦਾਰ ਬਿਮਾਰ ਵੀ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਮਾਰਕੀਟ ਦੀ ਸਫ਼ਾਈ ਤੁਰੰਤ ਕਰਵਾਈ ਜਾਵੇ ਤੇ ਇਸ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕਰਵਾਇਆ ਜਾਵੇ। ਇਸ ਮੌਕੇ ਦੁਕਾਨਦਾਰਾਂ ਵਲੋਂ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ। ਮਾਨ ਨੇ ਮੌਕੇ ’ਤੇ ਅਧਿਕਾਰੀਆਂ ਨੂੰ ਇਸ ਦੀ ਤੁਰੰਤ ਸਫ਼ਾਈ ਲਈ ਕਿਹਾ ਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਗੁਰਦੇਵ ਸਿੰਘ ਵਾਈਸ ਪ੍ਰਧਾਨ, ਤਰਨਪ੍ਰੀਤ ਸਿੰਘ ਰਾਜੂ, ਕਾਂਤ ਘਈ, ਗੁਰਦੇਵ ਸਿੰਘ ਕੁੰਦੀ, ਸੌਰਵ ਵਾਸੁਦੇਵ, ਮਨੋਜ ਵਰਮਾ, ਅਸ਼ਨਜੀਤ ਸਿੰਘ ਸਮੇਤ ਕਈ ਦੁਕਾਨਦਾਰ ਸ਼ਾਮਿਲ ਸਨ।