ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
ਪੱਤਰ ਪ੍ਰੇਰਕ
ਮਾਨਸਾ, 13 ਨਵੰਬਰ
ਇੱਥੇ ਬਾਬਾ ਵਿਸ਼ਵਕਰਮਾ ਮੰਦਿਰ ਵਿਖੇ ਰਾਮਗੜੀਆ ਸਭਾ ਮਾਨਸਾ ਵੱਲੋਂ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਉਪਰੰਤ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮੰਦਰ ਕਮੇਟੀ ਵੱਲੋਂ ਬਲੱਡ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ।
ਇਸ ਮੌਕੇ ਜਗਦੀਪ ਸਿੰਘ ਨਕੱਈ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਕੌਰ ਗਾਗੋਵਾਲ, ਗੁਰਪ੍ਰੀਤ ਸਿੰਘ ਝੱਬਰ, ਪ੍ਰੇਮ ਅਰੋੜਾ, ਮੇਜਰ ਸਿੰਘ ਐੱਸਓ, ਹਰਜੀਤ ਸਿੰਘ ਸੱਗੂ, ਹਰਜੀਤ ਸਿੰਘ ਕਣਕਵਾਲੀਆਂ, ਇੰਦਰਜੀਤ ਸਿੰਘ ਮੁਨਸ਼ੀ ਤੇ ਗੁਰਜੀਤ ਸਿੰਘ ਠੇਕੇਦਾਰ ਵੀ ਹਾਜ਼ਰ ਸਨ।
ਸ਼ਹਿਣਾ (ਪੱਤਰ ਪ੍ਰੇਰਕ): ਸ਼ਹਿਣਾ ਵਿੱਚ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮਿਸਤਰੀ ਭਾਈਚਾਰੇ ਨੇ ਵਿਸ਼ਵਕਰਮਾ ਦਿਵਸ ਮੌਕੇ ਔਜਾਰਾਂ ਦੀ ਪੂਜਾ ਕੀਤੀ। ਲਾਗਲੇ ਪਿੰਡ ਬੁਰਜ ਫਹਿਤਗੜ੍ਹ, ਲੀਲੋ ਕੋਠੇ, ਉੱਗੋਕੇ ਅਤੇ ਗਿੱਲ ਕੋਠੇ ’ਚ ਵੀ ਵਿਸ਼ਵਕਰਮਾ ਦਿਵਸ ਮਨਾਇਆ ਗਿਆ।
ਮਮਦੋਟ (ਜਸਵੰਤ ਸਿੰਘ ਥਿੰਦ): ਵਿਸ਼ਵਕਰਮਾ ਸਭਾ ਮਮਦੋਟ ਵੱਲੋਂ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਭਾ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਜਿਸ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਬਾਬਾ ਰੌਲਾ ਸਿੰਘ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ।
ਕਾਲਾਂਵਾਲੀ (ਪੱਤਰ ਪ੍ਰੇਰਕ): ਇਲਾਕੇ ਦੇ ਪਿੰਡਾਂ ਅਤੇ ਕਸਬਿਆਂ ’ਚ ਅੱਜ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੀਵਾਲੀ ਦੀ ਰਾਤ ਨੂੰ ਵੱਖ-ਵੱਖ ਪਿੰਡਾਂ ’ਚ ਧਾਰਮਿਕ ਸਥਾਨਾਂ ’ਤੇ ਪ੍ਰੋਗਰਾਮ ਕਰਵਾਏ ਗਏ, ਧਾਰਮਿਕ ਸਥਾਨਾਂ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਮੰਡੀ ਕਾਲਾਂਵਾਲੀ, ਪਿੰਡ ਪੰਨੀਵਾਲਾ ਰੁਲਦੂ, ਬੱਪਾਂ ਅਤੇ ਅਲੀਕਾਂ ਸਮੇਤ ਅਨੇਕ ਪਿੰਡਾਂ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਸਮੂਹ ਮਿਸਤਰੀ ਭਾਈਚਾਰੇ ਅਤੇ ਦੁਕਾਨਦਾਰਾਂ ਨੇ ਮਿਲ ਕੇ ਵਿਸ਼ਵਕਰਮਾ ਦਿਵਸ ’ਤੇ ਧਾਰਮਿਕ ਪ੍ਰੋਗਰਾਮ ਕਰਵਾਏ।
ਸਵੇਰੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਫਿਰ ਹਾਜ਼ਰ ਸਮੂਹ ਸੰਗਤਾਂ ਲਈ ਲੰਗਰ ਲਾਏ ਗਏ। ਇਲਾਕੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ ਗਈ। ਇਸੇ ਤਰ੍ਹਾਂ ਪਿੰਡ ਬੀਰੂਵਾਲਾ ਗੁੜਾ ਵਿੱਚ ਵਿਸ਼ਵਕਰਮਾ ਮੰਦਰ ਵਿੱਚ ਸਮੂਹ ਮਿਸਤਰੀ ਭਾਈਚਾਰੇ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਵਿਸ਼ਵਕਰਮਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ।