ਦਿੱਲੀ ਤੋਂ ਚੰਡੀਗੜ੍ਹ ਕੋਕੀਨ ਤਸਕਰੀ ਕਰਨ ਦਾ ਪਰਦਾਫਾਸ਼
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਨਵੰਬਰ
ਇਸ ਪੁਲੀਸ ਜ਼ਿਲ੍ਹੇ ਵਿੱਚ ਖਾਕੀ ਦੀਆਂ ਸਰਗਰਮੀਆਂ ਨਾਲ ਕੋਕੀਨ ਤੇ ਹੋਰ ਨਸ਼ਿਆਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਐਂਟੀ ਨਾਰਕੋਟਿਕਸ ਸੈੱਲ ਡੱਬਵਾਲੀ ਨੇ ਲੱਖਾਂ ਰੁਪਏ ਦੀ 30.79 ਗਰਾਮ ਕੋਕੀਨ ਅਤੇ ਬੁਲੇਟ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੀ ਗ੍ਰਿਫ਼ਤਾਰੀ ਨਾਲ ਦਿੱਲੀ ਤੋਂ ਚੰਡੀਗੜ੍ਹ ਵਾਇਆ ਡੱਬਵਾਲੀ ਕੋਕੀਨ ਤਸਕਰੀ ਹੋਣ ਦਾ ਖੁਲਾਸਾ ਹੋਇਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਸ਼ਨਾਖਤ ਮਨੀਸ਼ ਉਰਫ ਮੌਂਟੀ ਵਾਸੀ ਸੁੰਦਰ ਨਗਰ, ਡਬਵਾਲੀ ਵਜੋਂ ਹੋਈ ਹੈ। ਪੁਲੀਸ ਨੇ ਪੜਤਾਲ ਲਈ ਉਸ ਦਾ ਅਦਾਲਤ ਤੋਂ ਇੱਕ ਦਿਨਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਬਰਾਮਦ ਕੋਕੀਨ ਦੀ ਬਾਜ਼ਾਰੀ ਕੀਮਤ ਕਰੀਬ ਤਿੰਨ ਲੱਖ ਰੁਪਏ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਡੱਬਵਾਲੀ ਵਿੱਚ ਚਿੱਟੇ ਦੇ ਬਾਅਦ ਕੋਕੀਨ ਵੱਲ ਵਧਦੇ ਕਦਮ ਡੱਬਵਾਲੀ ਖੇਤਰ ਲਈ ਕਾਫੀ ਖਤਰਨਾਕ ਰੁਝਾਨ ਹੈ। ਪੁਲੀਸ ਸੂਤਰਾਂ ਮੁਤਾਬਕ ਉਕਤ ਮੁਲਜ਼ਮ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਕ੍ਰਿਕਟ ਬੁਕੀਜ਼ ਦੇ ਸੰਪਰਕ ਵਿੱਚ ਰਿਹਾ ਹੈ ਅਤੇ ਇਹ ਖੁਦ ਵੀ ਕਥਿਤ ਤੌਰ ‘ਤੇ ਉਕਤ ਮਾਰੂ ਨਸ਼ੇ ਦਾ ਸ਼ਿਕਾਰ ਹੈ। ਉਹ ਕ੍ਰਿਕੇਟ ਬੁਕੀਜ਼ ਆਦਿ ਨੂੰ ਇਸ ਨਸ਼ੇ ਦੀ ਸਪਲਾਈ ਕਰਦਾ ਹੈ। ਸੂਤਰਾਂ ਮੁਤਾਬਕ ਉਕਤ ਵਿਅਕਤੀ, ਇੱਕ ਵੱਟਸਐਪ ਨੰਬਰ ਦੇ ਜ਼ਰੀਏ ਦਿੱਲੀ ਵਿੱਚਲੇ ਕੋਕੀਨ ਤਸਕਰਾਂ ਦੇ ਰਾਬਤੇ ਵਿੱਚ ਸੀ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਨੇ ਹੁਣ ਤੱਕ ਤਿੰਨ ਵਾਰ ਕੋਕੀਨ ਦੀ ਸਪਲਾਈ ਲਿਆਉਣ ਦੀ ਗੱਲ ਕਬੂਲੀ ਹੈ। ਉਹ ਦਿੱਲੀ ਤੋਂ ਲਗਪਗ ਚਾਰ ਹਜ਼ਾਰ ਰੁਪਏ ਪ੍ਰਤੀ ਗ੍ਰਾਮ ਦੇ ਭਾਅ ਖਰੀਦ ਕੇ ਲਿਆਉਂਦਾ ਸੀ।