‘ਐਮੀ ਐਵਾਰਡ’ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਭਾਰਤੀ ਬਣੇਗਾ ਵੀਰ ਦਾਸ
ਨਵੀਂ ਦਿੱਲੀ:
ਹਾਸਰਸ ਕਲਾਕਾਰ ਵੀਰ ਦਾਸ ਨੂੰ 52ਵੇਂ ਕੌਮਾਂਤਰੀ ਐਮੀ ਐਵਾਰਡ ਦਾ ਮੇਜ਼ਬਾਨ ਐਲਾਨਿਆ ਗਿਆ ਹੈ। ਦਾਸ ਪਹਿਲਾ ਭਾਰਤੀ ਹੈ, ਜੋ ਅਮਰੀਕਾ ਵਿੱਚ ਕਰਵਾਏ ਜਾਣ ਵਾਲੇ ਸਾਲਾਨਾ ਪੁਰਸਕਾਰ ਸਮਾਗਮ ਦੀ ਮੇਜ਼ਬਾਨੀ ਕਰੇਗਾ। ਇਹ ਸਮਾਗਮ 25 ਨਵੰਬਰ ਨੂੰ ਨਿਊਯਾਰਕ ਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ। ਸਾਲ 2023 ’ਚ ਸਰਵੋਤਮ ਕਾਮੇਡੀ ਪੁਰਸਕਾਰ ਜਿੱਤਣ ਮਗਰੋਂ ਵੀਰ ਦਾਸ ਦੀ ਇਸ ਸਮਾਗਮ ’ਚ ਮੇਜ਼ਬਾਨੀ ਰਾਹੀਂ ਇੱਕ ਵਾਰ ਫਿਰ ਕੌਮਾਂਤਰੀ ਮੰਚ ’ਤੇ ਵਾਪਸੀ ਹੋ ਰਹੀ ਹੈ। ‘ਗੋ ਗੋਆ ਗੋਨ’ ਅਤੇ ‘ਦੇਲੀ ਬੇਲੀ’ ਰਾਹੀਂ ਚਰਚਾ ’ਚ ਆਏ ਅਦਾਕਾਰ ਨੇ ਕਿਹਾ ਕਿ ਕੌਮਾਂਤਰੀ ਐਮੀ ਐਵਾਰਡ ਸਮਾਗਮ ’ਚ ਇਸ ਵਾਰ ਮੇਜ਼ਬਾਨ ਵਜੋਂ ਵਾਪਸੀ ਕਰਨਾ ਉਸ ਲਈ ਉਤਸ਼ਾਹ ਭਰਪੂਰ ਪਲ ਹਨ। ਉਸ ਨੇ ਕਿਹਾ, ‘ਪਿਛਲੇ ਸਾਲ ਐਮੀ ਪੁਰਸਕਾਰ ਜਿੱਤਣ ਮਗਰੋਂ ਮੈਂ ਇਸ ਸਮਾਗਮ ਨਾਲ ਕਾਫੀ ਜੁੜਿਆ ਹੋਇਆ ਹਾਂ ਤੇ ਇਸ ਸਾਲ ਇਸ ਸਮਾਗਮ ਲਈ ਮੇਜ਼ਬਾਨ ਵਜੋਂ ਚੁਣੇ ਜਾਣ ’ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’ ਨਿਊਯਾਰਕ ਅਧਾਰਿਤ ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ (ਆਈਏਟੀਏਐੱਸ) ਵੱਲੋਂ ਕਰਵਾਏ ਜਾ ਰਹੇ ਇਸ ਕੌਮਾਂਤਰੀ ‘ਐਮੀਜ਼’ ਨੂੰ ਯੂਐੱਸ ਤੋਂ ਬਾਹਰ ਸਭ ਤੋਂ ਵਧੀਆ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਮਾਨਤਾ ਪ੍ਰਾਪਤ ਹੈ। ਆਈਏਟੀਏਐੱਸ ਦੇ ਪ੍ਰਧਾਨ ਅਤੇ ਸੀਈਓ ਬਰੂਸ ਐਲ ਪੈਸਨਰ ਨੇ ਕਿਹਾ,‘ਅਸੀਂ ਵੀਰ ਦਾਸ ਵੱਲੋਂ ਅੰਤਰਰਾਸ਼ਟਰੀ ਐਮੀ ਐਵਾਰਡ ਦੀ ਮੇਜ਼ਬਾਨੀ ਕਰਨ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਖੁਸ਼ੀ ਮਹਿਸੂਸ ਕਰ ਰਹੇ ਹਾਂ।’ -ਪੀਟੀਆਈ