ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਨੇ ‘ਬੱਪਾ’ ਦਾ ਲਿਆ ਆਸ਼ੀਰਵਾਦ
ਮੁੰਬਈ:
ਛਾਤੀ ਦੇ ਕੈਂਸਰ ਦੀ ਤੀਜੀ ਸਟੇਜ ਦੇ ਇਲਾਜ ਲਈ ਕੀਮੋਥੈਰੇਪੀਆਂ ਕਰਵਾ ਰਹੀ ਬੌਲੀਵੁੱਡ ਅਦਾਕਾਰਾ ਹਿਨਾ ਖ਼ਾਨ ਨੇ ਏਕਤਾ ਕਪੂਰ ਵੱਲੋਂ ਕਰਵਾਏ ਗਣੇਸ਼ ਉਤਸਵ ਸਮਾਗਮ ’ਚ ਸ਼ਿਰਕਤ ਕੀਤੀ। ਸੋਸ਼ਲ ਮੀਡੀਆ ਸ਼ਖ਼ਸੀਅਤ ਰਿਜ਼ਵਾਨ ਬਚਾਵ ਨੇ ਇਸ ਸਮਾਗਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਹਿਨਾ ਨੇ ਸਫੈਦ ਅਤੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਉਹ ਖੁਸ਼ੀ ਦੇ ਰੌਂਅ ’ਚ ਸਮਾਗਮ ’ਚ ਮੌਜੂਦ ਹੋਰ ਹਸਤੀਆਂ ਨਾਲ ਪੋਜ਼ ਦੇ ਰਹੀ ਹੈ। ਇਸ ਤਸਵੀਰ ’ਚ ਦਿਵਿਆਂਕਾ ਤ੍ਰਿਪਾਠੀ ਅਤੇ ਉਸ ਦਾ ਪਤੀ ਵਿਵੇਕ ਦਹੀਆ, ਅਨੀਤਾ ਹਸਨੰਦਾਨੀ ਰੈੱਡੀ, ਕ੍ਰਿਸਟਲ ਡਿਸੂਜ਼ਾ, ਰਿਥਵਿਕ ਧੰਜਾਨੀ, ਰਿਧਿਮਾ ਪੰਡਿਤ, ਸ਼ਬੀਰ ਆਹਲੂਵਾਲੀਆ ਅਤੇ ਕਾਂਚੀ ਕੌਲ ਵੀ ਨਜ਼ਰ ਆ ਰਹੇ ਹਨ। ਇੱਕ ਹੋਰ ਵੀਡੀਓ ’ਚ ਹਿਨਾ ਅਦਾਕਾਰ ਸਾਹਿਲ ਆਨੰਦ ਨਾਲ ਪੋਜ਼ ਦੇ ਰਹੀ ਹੈ। ਸਾਹਿਲ ਨੇ ਇਸ ਵੀਡੀਓ ਦੀ ਕੈਪਸ਼ਨ ’ਚ ਲਿਖਿਆ, ‘ਬੱਪਾ ਦੀਆਂ ਅਸੀਸਾਂ।’ ਇਸ ਤੋਂ ਪਹਿਲਾਂ ਹਿਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਠੀਕ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਸੀ। -ਆਈਏਐੱਨਐੱਸ
ਵਿੱਕੀ ਕੌਸ਼ਲ ਨੇ ਵੀ ਗਣੇਸ਼ ਭਗਵਾਨ ਦੇ ਦਰਸ਼ਨ ਕੀਤੇ
ਮੁੰਬਈ:
ਬੌਲੀਵੁੱਡ ਆਦਕਾਰ ਵਿੱਕੀ ਕੌਸ਼ਲ ਨੇ ਗਣਪਤੀ ਬੱਪਾ ਦਾ ਆਸ਼ੀਰਵਾਦ ਲੈਣ ਲਈ ਵੀਰਵਾਰ ਸਵੇਰੇ ਮੁੰਬਈ ਦੇ ‘ਲਾਲਬਾਗਚਾ ਰਾਜਾ’ ਦਾ ਵਿਸ਼ੇਸ਼ ਦੌਰਾ ਕੀਤਾ। ਗਣੇਸ਼ ਚਤੁਰਥੀ ਦੌਰਾਨ ‘ਲਾਲਬਾਗਚਾ ਰਾਜਾ’ ਦੇ ਦਰਸ਼ਨ ਕਰਨਾ ਕਾਫੀ ਅਹਿਮ ਸਮਝਿਆ ਜਾਂਦਾ ਹੈ। ਇਸੇ ਦੌਰਾਨ ਜਦੋਂ ਅਦਾਕਾਰ ਇਥੇ ਸ੍ਰੀ ਗਣੇਸ਼ ਦੇ ਦਰਸ਼ਨ ਕਰਨ ਲਈ ਪੁੱਜਿਆ ਤਾਂ ਉਸ ਨੂੰ ਦੇਖ ਉਥੇ ਕਾਫੀ ਪ੍ਰਸ਼ੰਸਕ ਵੀ ਪਹੁੰਚ ਗਏ। ਵਿੱਕੀ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਗਣੇਸ਼ ਚਤੁਰਥੀ 6 ਸਤੰਬਰ ਤੋਂ ਸ਼ੁਰੂ ਹੋਈ ਸੀ। ਇਹ ਤਿਓਹਾਰ ਦਸ ਦਿਨ ਤੱਕ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ’ਚ ਸ਼ਰਧਾਲੂ ਆਪਣੇ ਘਰ ਸ੍ਰੀ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕਰਕੇ ਉਸ ਦੀ ਪੂਜਾ ਕਰਦੇ ਹਨ। -ਏਐੱਨਆਈ