ਮਾਘ ਦੀ ਸੰਗਰਾਂਦ: ‘ਭੂਤ ਬੰਗਲਾ’ ਦੇ ਸੈੱਟ ’ਤੇ ਅਕਸ਼ੈ ਕੁਮਾਰ ਤੇ ਪਰੇਸ਼ ਰਾਵਲ ਨੇ ਪੇਚੇ ਲਾਏ
ਮੁੰਬਈ:
ਬੌਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਅੱਜ ਅਦਾਕਾਰ ਪਰੇਸ਼ ਰਾਵਲ ਨਾਲ ਮੱਕਰ ਸੰਕ੍ਰਾਂਤੀ ਮਨਾਈ। ਇਹ ਦੋਵੇਂ ਆਪਣੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ’ਤੇ ਪੁੱਜੇ ਤੇ ਮਾਘ ਦੀ ਸੰਗਰਾਂਦ ਮੌਕੇ ਪਤੰਗ ਉਡਾਏ ਤੇ ਪੇਚੇ ਲਾਏ। ਅਕਸ਼ੈ ਕੁਮਾਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਪਤੰਗ ਉਡਾਉਂਦਾ ਦਿਖਾਈ ਦੇ ਰਿਹਾ ਹੈ ਜਦਕਿ ਪਰੇਸ਼ ਰਾਵਲ ਨੇ ਡੋਰ ਫੜੀ ਹੋਈ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ, ‘ਮੇਰੇ ਪਿਆਰੇ ਦੋਸਤ @ਪਰੇਸ਼ ਰਾਵਲ ਨਾਲ #ਭੂਤ ਬੰਗਲਾ ਦੇ ਸੈੱਟ ਉੱਤੇ ਮਾਘ ਦੀ ਸੰਗਰਾਂਦ ਦਾ ਜਸ਼ਨ ਮਨਾਇਆ।’ ਇਸ ਮੌਕੇ ਅਦਾਕਾਰ ਨੇ ਪੋਂਗਲ, ਉੱਤਰਾਯਨ ਅਤੇ ਬੀਹੂ ਲਈ ਵੀ ਸ਼ੁਭਕਾਮਨਾਵਾਂ ਭੇਜੀਆਂ। ਅਕਸ਼ੈ ਕੁਮਾਰ ਤੇ ਪਰੇਸ਼ ਰਾਵਲ ਦੋਵਾਂ ਨੇ ‘ਹੇਰਾ ਫੇਰੀ’,‘ਭੂਲ ਭੁਲੱਈਆ’, ‘ਗਰਮ ਮਸਾਲਾ’ ਸਣੇ ਕਈ ਬਲਾਕਬਸਟਰ ਫਿਲਮਾਂ ਇਕੱਠਿਆਂ ਦਿੱਤੀਆਂ ਹਨ। ‘ਭੂਤ ਬੰਗਲਾ’ ਰੋਮਾਂਚ ਅਤੇ ਹਾਸੇ ਨਾਲ ਭਰਪੂਰ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਤੇ ਨਿਰਮਾਣ ਸ਼ੋਭਾ ਕਪੂਰ ਅਤੇ ਏਕਤਾ ਆਰ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਅਤੇ ਅਕਸ਼ੈ ਕੁਮਾਰ ਦੇ ਪ੍ਰੋਡਕਸ਼ਨ ਹਾਊਸ ਕੇਪ ਆਫ ਗੁੱਡ ਫਿਲਮਜ਼ ਵਲੋਂ ਕੀਤਾ ਗਿਆ ਹੈ। -ਆਈਏਐੱਨਐੱਸ