ਸੰਭਲ ਹਿੰਸਾ: ਪ੍ਰਦਰਸ਼ਨਕਾਰੀਆਂ ਕੋਲੋਂ ਕੀਤੀ ਜਾਵੇਗੀ ਨੁਕਸਾਨ ਦੀ ਵਸੂਲੀ
ਲਖਨਊ, 27 ਨਵੰਬਰ
ਉੱਤਰ ਪ੍ਰਦੇਸ਼ ਸਰਕਾਰ ਸੰਭਲ ਵਿੱਚ ਹਾਲ ਹੀ ’ਚ ਹੋਈ ਹਿੰਸਾ ਦੌਰਾਨ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਦੀ ਵਸੂਲੀ ਪ੍ਰਦਰਸ਼ਨਕਾਰੀਆਂ ਕੋਲੋਂ ਕਰੇਗੀ। ਇਨ੍ਹਾਂ ਦੀ ਪਛਾਣ ਕਰਨ ਲਈ ਵੱਖ-ਵੱਖ ਥਾਵਾਂ ’ਤੇ ਪੋਸਟਰ ਲਾਏ ਜਾਣਗੇ। ਪਿਛਲੇ ਐਤਵਾਰ ਨੂੰ ਸੰਭਲ ਵਿੱਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ ਭੜਕ ਗਈ ਸੀ, ਜਿਸ ਵਿੱਚ ਚਾਰ ਲੋਕ ਮਾਰੇ ਗਏ ਸਨ। ਇਸ ਦੌਰਾਨ ਕੀਤੇ ਗਏ ਪਥਰਾਅ ਵਿੱਚ ਜਨਤਕ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ।
ਰਾਜ ਸਰਕਾਰ ਦੇ ਬੁਲਾਰੇ ਨੇ ਅੱਜ ਕਿਹਾ, ‘ਸੂਬਾ ਸਰਕਾਰ ਸੰਭਲ ਵਿੱਚ ਹਿੰਸਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਰੁਖ ਅਪਣਾ ਰਹੀ ਹੈ। ਹਿੰਸਾ ਕਰਨ ਵਾਲਿਆਂ ਦੇ ਪੋਸਟਰ ਵੱਖ-ਵੱਖ ਥਾਵਾਂ ’ਤੇ ਲਾਏ ਜਾਣਗੇ ਅਤੇ ਉਨ੍ਹਾਂ ਕੋਲੋਂ ਹੀ ਨੁਕਸਾਨ ਦੀ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਦੀ ਲਈ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਵੀ ਦਿੱਤਾ ਜਾ ਸਕਦਾ ਹੈ।’ ਦੂਜੇ ਪਾਸੇ ਭਾਜਪਾ ਨੇ ਅੱਜ ਆਖਿਆ ਕਿ ਸੰਭਲ ਜ਼ਿਲ੍ਹੇ ’ਚ ਹਾਲੀਆ ਹਿੰਸਕ ਘਟਨਾ ਲਈ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। -ਪੀਟੀਆਈ
ਸਪਾ ਵੱਲੋਂ ਸੰਭਲ ਮੁੱਦੇ ’ਤੇ ਸੰਸਦ ਵਿੱਚ ਚਰਚਾ ਕਰਨ ਦੀ ਮੰਗ
ਨਵੀਂ ਦਿੱਲੀ:
ਸਮਾਜਵਾਦੀ ਪਾਰਟੀ (ਸਪਾ) ਆਗੂਆਂ ਕਿਹਾ ਕਿ ਉਹ ਸੰਸਦ ਵਿੱਚ ਸੰਭਲ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਵੀ ਕੀਤੀ। ਸਪਾ ਦੀ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ, ‘ਅਸੀਂ ਸੰਭਲ ਹਿੰਸਾ ’ਤੇ ਚਰਚਾ ਚਾਹੁੰਦੇ ਹਾਂ। ਸਾਡੇ ਕਈ ਸੰਸਦ ਮੈਂਬਰਾਂ ਨੇ ਇਸ ਸਬੰਧੀ ਸਪੀਕਰ ਨੂੰ ਲਿਖਤੀ ਵੀ ਦਿੱਤਾ ਹੈਾਂ।’ ਭੀੜ ਨੂੰ ਭੜਕਾਉਣ ਦੇ ਦੋਸ਼ ਹੇਠ ਦਰਜ ਕੀਤੀ ਗਈ ਐੱਫਆਈਆਰ ਵਿੱਚ ਨਾਮਜ਼ਦ ਸੰਭਲ ਤੋਂ ਸਪਾ ਦੇ ਸੰਸਦ ਮੈਂਬਰ ਜ਼ੀਆ ਉਰ ਰਹਿਮਾਨ ਨੇ ਕਿਹਾ ਕਿ ਘਟਨਾ ਵੇਲੇ ਉਹ ਮੌਕੇ ’ਤੇ ਮੌਜੂਦ ਨਹੀਂ ਸਨ। ਉਨ੍ਹਾਂ ਲੋਕਾਂ ’ਤੇ ਗੋਲੀਆਂ ਚਲਾਉਣ ਲਈ ਪੁਲੀਸ ਅਤੇ ਪ੍ਰਸ਼ਾਸਨ ਦੀ ਨਿਖੇਧੀ ਵੀ ਕੀਤੀ। -ਪੀਟੀਆਈ