ਐੱਨਆਈਏ ਵੱਲੋਂ ਹਥਿਆਰਾਂ ਦੀ ਤਸਕਰੀ ਮਾਮਲੇ ’ਚ ਨੌਂ ਥਾਵਾਂ ’ਤੇ ਛਾਪੇ
ਨਵੀਂ ਦਿੱਲੀ, 27 ਨਵੰਬਰ
ਦਹਿਸ਼ਤੀ ਧੜਿਆਂ ਵੱਲੋਂ ਭਾਰਤ ’ਚ ਹਥਿਆਰਾਂ ਤੇ ਗੋਲੀਸਿੱਕੇ ਦੀ ਤਸਕਰੀ ਦੀ ਸਾਜ਼ਿਸ਼ ਦੀ ਜਾਂਚ ਤਹਿਤ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ ਸਣੇ ਕਈ ਸੂਬਿਆਂ ’ਚ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਬਿਆਨ ’ਚ ਕਿਹਾ ਗਿਆ ਕਿ ਹਰਿਆਣਾ ਦੇ ਪਲਵਲ ਤੇ ਫਰੀਦਾਬਾਦ, ਪੰਜਾਬ ਦੇ ਜਲੰਧਰ ਅਤੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਤੇ ਛਾਪੇ ਮਾਰ ਕੇ ਐੱਨਆਈਏ ਨੇ ‘‘ਅਤਿਵਾਦੀ-ਗੈਂਗਸਟਰ ਸਿੰਡੀਕੇਟ ਕੇਸ’’ ਵਿੱਚ ਸ਼ੱਕੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਮੁਤਾਬਕ ਤਲਾਸ਼ੀ ਦੌਰਾਨ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਜਿਸ ਵਿੱਚ ਮੋਬਾਈਲ/ਡਿਜੀਟਲ ਉਪਕਰਨ, ਬੈਂਕਿੰਗ ਟਰਾਂਜੈਕਸ਼ਨਾਂ ਅਤੇ ਪ੍ਰਾਪਰਟੀ ਸਬੰਧੀ ਦਸਤਵੇਜ਼ ਸ਼ਾਮਲ ਹਨ।
ਇਸ ਵਿੱਚ ਕਿਹਾ ਗਿਆ, ‘‘ਅਤਿਵਾਦ-ਗੈਂਗਸਟਰ ਸਿੰਡੀਕੇਟ ਕੇਸ ’ਚ ਵੱਡੀ ਕਾਰਵਾਈ ਕਰਦਿਆਂ ਐੱਨਆਈਏ ਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਦਵਿੰਦਰ ਬੰਬੀਹਾ ਸਿੰਡੀਕੇਟ ਨਾਲ ਜੁੜੇ ਸਹਿਯੋਗੀਆਂ ਨਾਲ ਸਬੰਧਤ ਨੌਂ ਟਿਕਾਣਿਆਂ ’ਤੇ ਛਾਪੇ ਮਾਰੇ।’’ ਅਧਿਕਾਰੀਆਂ ਨੇ ਕਿਹਾ ਕਿ ਖ਼ਤਰਨਾਕ ਗੈਂਗਸਟਰ ਬੰਬੀਹਾ 2016 ’ਚ ਪੁਲੀਸ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਹਿਯੋਗੀਆਂ ਦਾ ਵਿਰੋਧੀ ਮੰਨਿਆ ਜਾਂਦਾ ਹੈ। -ਪੀਟੀਆਈ