For the best experience, open
https://m.punjabitribuneonline.com
on your mobile browser.
Advertisement

ਹਿੰਸਾਖੋਰ ਰਾਜਨੀਤੀ ਦੇ ਨਗਾਰੇ ਅਤੇ ਚੋਣ ਸਿਆਸਤ

08:50 AM Oct 16, 2023 IST
ਹਿੰਸਾਖੋਰ ਰਾਜਨੀਤੀ ਦੇ ਨਗਾਰੇ ਅਤੇ ਚੋਣ ਸਿਆਸਤ
Advertisement

ਸ਼ੈਲੀ ਵਾਲੀਆ

Advertisement

ਪੱਛਮੀ ਏਸ਼ੀਆ ਅਤੇ ਦੁਨੀਆ ਦੇ ਹੋਰ ਹਿੱਸਿਆਂ ਅੰਦਰ ਚੁਣਾਵੀ ਰਾਜਨੀਤੀ ਦੇ ਚਲੰਤ ਸਰਵੇਖਣ ਤੋਂ ਇਸ ਅਜੀਬ ਵਰਤਾਰੇ ਦਾ ਖੁਲਾਸਾ ਹੋਇਆ ਹੈ ਕਿ ਹਿੰਸਾ ਦਾ ਦੌਰ ਸ਼ੁਰੂ ਕਰਨ ਵਾਲੇ ਅਦਾਕਾਰ ਅਕਸਰ ਜੇਤੂ ਹੋ ਨਿੱਬੜਦੇ ਹਨ। ਹਿੰਸਾ ਨੂੰ ਸ਼ਹਿ ਦੇਣਾ ਅਸਲ ਵਿਚ ਚੋਣਾਂ ਜਿੱਤਣ ਦਾ ਨੁਸਖਾ ਹੈ। ਇਹੀ ਵਿਰੋਧਾਭਾਸ ਕੋਲੰਬੀਆ ਯੂਨੀਵਰਸਿਟੀ ਦੀ ਸਾਰਾ ਜ਼ੁਕਰਮੈਨ ਡਾਲੀ ਦੇ ਅਧਿਐਨ ਦਾ ਆਧਾਰ ਬਣੀ ਹੈ ਜਿਸ ਨੇ ਇਸ ਗੁੱਥੀ ਨੂੰ ਸੁਲਝਾਇਆ ਹੈ ਕਿ ਜੰਗ ਵਿਚ ਵੱਡੇ ਪੱਧਰ ’ਤੇ ਅੱਤਿਆਚਾਰ ਕਰਨ ਵਾਲੇ ਸਿਆਸਤਦਾਨ ਕਿਵੇਂ ‘ਸਾਫ਼ ਸੁਥਰੇ ਅਤੇ ਸੁਤੰਤਰ ਢੰਗ ਨਾਲ ਕਰਵਾਈਆਂ ਜਾਂਦੀਆਂ ਚੋਣਾਂ’ ਵਿਚ ਜਿੱਤ ਹਾਸਲ ਕਰ ਲੈਂਦੇ ਹਨ। ਇਸ ਦਾ ਜ਼ੋਰ ਉਨ੍ਹਾਂ ‘ਦਾਗ਼ੀ ਪਾਰਟੀਆਂ ਅਤੇ ਆਗੂਆਂ’ ਨੂੰ ਉਭਾਰ ਕੇ ਪੇਸ਼ ਕਰਨ ’ਤੇ ਰਹਿੰਦਾ ਹੈ ਜੋ ਜੰਗ, ਨਸਲੀ ਵਿਤਕਰਿਆਂ, ਦੰਗਿਆਂ ਦੀ ਸ਼ਕਲ ਵਿਚ ਹਿੰਸਾ ਤੋਂ ਬਾਅਦ ਸ਼ਾਂਤੀ ਦੇ ਦੂਤਾਂ ਦਾ ਰੂਪ ਧਾਰ ਲੈਂਦੇ ਹਨ।
ਪੱਛਮੀ ਏਸ਼ੀਆ ਵਿਚ ਭੜਕੀ ਖੂਨੀ ਜੰਗ ਦਾ ਮਸਲਾ ਹੀ ਲੈ ਲਓ। ਇਸ ’ਤੇ ਯਕੀਨ ਕਰਨਾ ਔਖਾ ਹੈ ਕਿ ਦੁਨੀਆ ਦੀ ਸਭ ਤੋਂ ਮਜ਼ਬੂਤ ਸੈਨਾ ਜਿਸ ਕੋਲ ਅਤਿ ਵਿਕਸਤ ਜਾਸੂਸੀ ਸਿਸਟਮ ਮੌਜੂਦ ਹੈ, ਨੂੰ ਹਮਾਸ ਦੇ ਹਮਲੇ ਦੀ ਕੋਈ ਭਿਣਕ ਹੀ ਨਾ ਪੈ ਸਕੀ। ਅਜੀਬ ਗੱਲ ਹੈ ਕਿ ਦੁਨੀਆ ਦੀ ਸਭ ਤੋਂ ਮਜ਼ਬੂਤ ਸਰਹੱਦ ਖੁੱਲ੍ਹੀ ਛੱਡ ਦਿੱਤੀ ਗਈ ਹੋਵੇ ਜਿਸ ਤੋਂ ਇਕ ਵਾਰ ਫਿਰ ਇਹ ਸ਼ੱਕ ਜ਼ਾਹਿਰ ਕੀਤੇ ਜਾਣ ਲੱਗੇ ਹਨ ਕਿ ਫ਼ਲਸਤੀਨ ਅਥਾਰਿਟੀ ਨੂੰ ਕਮਜ਼ੋਰ ਕਰਨ ਲਈ ਮੋਸਾਦ ਨੇ ਹਮਾਸ ਨੂੰ ਹੱਲਾਸ਼ੇਰੀ ਦਿੱਤੀ ਹੈ। ਸਭ ਲੋਕ ਜਾਣਦੇ ਹਨ ਕਿ ਟਕਰਾਅ ਦੇ ਸ਼ੁਰੂਆਤੀ ਪੜਾਅ ਵਿਚ ਹਮਾਸ ਨੂੰ ਮਕਬੂਜ਼ਾ ਖੇਤਰਾਂ ਵਿਚ ਪੈਰ ਜਮਾਉਣ ਦੀ ਖੁੱਲ੍ਹ ਦਿੱਤੀ ਗਈ ਜਿਸ ਨਾਲ ਫ਼ਲਸਤੀਨ ਲਬਿਰੇਸ਼ਨ ਆਰਗੇਨਾਈਜ਼ੇਸ਼ਨ (ਪੀਐੱਲਓ) ਦੇ ਧਰਮ ਨਿਰਪੱਖ ਕੌਮਪ੍ਰਸਤਾਂ ਨੂੰ ਕਾਬੂ ਹੇਠ ਰੱਖਣ ਦਾ ਮੌਕਾ ਮਿਲਿਆ ਸੀ। ਰਿਪਬਲਿਕਨ ਆਗੂ ਰੌਨ ਪਾੱਲ ਦੀ ਅਮਰੀਕੀ ਕਾਂਗਰਸ ਅੱਗੇ ਦਿੱਤੀ ਗਵਾਹੀ ਤੋਂ ਹਮਾਸ, ਮੋਸਾਦ ਅਤੇ ਅਮਰੀਕੀ ਖੁਫ਼ੀਆ ਤੰਤਰ ਦਰਮਿਆਨ ਸਬੰਧਾਂ ਨੂੰ ਪ੍ਰਵਾਨ ਕੀਤਾ ਗਿਆ ਸੀ।
ਹਮਾਸ ਦੇ ‘ਅਲ ਅਕਸਾ ਸਟੌਰਮ’ ਅਪਰੇਸ਼ਨ ਤੋਂ ਬਾਅਦ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ਪੱਟੀ ’ਤੇ ਅੰਤਾਂ ਦੀ ਬੰਬਾਰੀ ਕੀਤੀ ਹੈ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਝਟਪਟ ਜੰਗ ਵਿੱਢਣ ਦਾ ਐਲਾਨ ਕਰ ਦਿੱਤਾ। ਜ਼ਾਹਿਰ ਹੈ ਕਿ ਇਜ਼ਰਾਈਲ ਦੇ ਸੱਜੇ ਪੱਖੀ ਅਨਸਰ ਇਜ਼ਰਾਇਲੀ ਲੀਡਰਸ਼ਿਪ ਦੀ ਡਟ ਕੇ ਹਮਾਇਤ ਕਰਨਗੇ ਜੋ ਫ਼ਲਸਤੀਨੀ ਖੇਤਰਾਂ ’ਤੇ ਕਬਜ਼ਾ ਕਰ ਕੇ ਉਨ੍ਹਾਂ ਨੂੰ ਬਾਇਬਲ ਦੇ ਸਮਿਆਂ ਦੀ ਆਪਣੀ ਸਰਜ਼ਮੀਨ ਦੇਣ ਲਈ ਵਚਨਬੱਧ ਹੈ। ਨੇਤਨਯਾਹੂ ਜਾਣਦੇ ਹਨ ਕਿ ਹਮਾਸ ਦੇ
ਹਵਾਈ ਹਮਲਿਆਂ ਤੋਂ ਖੌਫ਼ਜ਼ਦਾ ਤੇ ਅਸੁਰੱਖਿਅਤ ਲੋਕ ਉਸ ਦੀ ਹਰ ਧੱਕੇਸ਼ਾਹੀ ਦੀ ਹਮਾਇਤ ਕਰਨਗੇ। ਇਸ ਟਕਰਾਅ ’ਚੋਂ ਜਿ਼ੰਦਾ ਬਚ ਜਾਣ ਵਾਲੇ ਲੋਕ ਅਸਥਿਰਤਾ ਅਤੇ ਹਿੰਸਾ ਦੇ ਨਿੱਤ ਦੇ ਤਾਂਡਵ ਤੋਂ ਅੱਕ ਕੇ ਉਨ੍ਹਾਂ ਵਿਚ ਪੂਰੀ ਤਰ੍ਹਾਂ ਵਿਸ਼ਵਾਸ ਜ਼ਾਹਿਰ ਕਰ ਦੇਣਗੇ।
ਨੇਤਨਯਾਹੂ ਦਾ ਆਪਣੇ ਵੋਟਰਾਂ ਨਾਲ ਇਹ ਵਾਅਦਾ ਸੀ ਕਿ ਉਹ ਫ਼ਲਸਤੀਨੀਆਂ ਨੂੰ ਉਨ੍ਹਾਂ ਦੇ ਵਤਨ ਤੋਂ ਅਲੱਗ ਥਲੱਗ ਕਰ ਦੇਣਗੇ ਜੋ ਯਹੂਦੀ ਲਾੱਬੀ ਅਤੇ ਨਾਲ ਹੀ ਅਮਰੀਕੀ ਵਿਦੇਸ਼ ਨੀਤੀ ਦਾ ਵੀ ਬਸਤੀਵਾਦੀ ਪ੍ਰਾਜੈਕਟ ਦਾ ਹਿੱਸਾ ਰਿਹਾ ਹੈ। ਫ਼ਲਸਤੀਨੀ ਲੋਕਾਂ ਨੂੰ ਨਿਖੇੜ ਕੇ ਅਤੇ ਮਹਿਰੂਮੀ ਵਿਚ ਰੱਖਣਾ ਨੇਤਨਯਾਹੂ ਦੇ ਭਵਿੱਖ ਦੇ ਦਾਬੇ ਦੇ ਸੰਘਰਸ਼ ਦਾ ਮਨੋਰਥ ਬਣ ਗਿਆ ਹੈ। ਇਸ ਤਰ੍ਹਾਂ ਇਕ ਅਜਿਹਾ ਹਨੇਰ ਯੁੱਗ ਦਿਖਾਈ ਦਿੰਦਾ ਹੈ ਜਿਸ ਵਿਚ ਕੱਟੜਪੰਥੀ ਤਾਕਤਾਂ ਦੀ ਜਿੱਤ ਅਤੇ ਜੋ ਕਿਸੇ ਰਾਜਨੀਤਕ ਪ੍ਰਣਾਲੀ ਵਿਚ ‘ਇਕਰੂਪਤਾ’ ਦੀ ਮਾਨਤਾ ਨੂੰ ਹੱਲਾਸ਼ੇਰੀ ਦਿੰਦਾ ਹੈ ਜੋ ਸੋਚ ਦੇ ਤਰੀਕੇ ਦੀ ‘ਸੁਭਾਵਿਕਤਾ’ ਸਥਾਪਤ ਕਰਨ ਲਈ ਉਨ੍ਹਾਂ ਦੀਆਂ ਏਕਾਧਿਕਾਰਵਾਦੀ ਯੋਜਨਾਵਾਂ ਦੇ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਨੇਤਨਯਾਹੂ ਦੀ ਨਿਰੰਕੁਸ਼ਤਾ ਖਿਲਾਫ਼ ਹਾਲ ਹੀ ਵਿਚ ਜੋ ਜਨਤਕ ਮੁਜ਼ਾਹਰੇ ਹੋਏ ਹਨ, ਇਨ੍ਹਾਂ ਦੇ ਮੱਦੇਨਜ਼ਰ ਸੰਭਵ ਹੈ ਕਿ ਉਹ ਆਪਣੇ ਆਪ ਨੂੰ ਇਜ਼ਰਾਇਲੀ ਰਾਜਨੀਤੀ ਵਿਚ ਲਾਚਾਰ ਮਹਿਸੂਸ ਕਰ ਰਹੇ ਹੋਣ ਅਤੇ ਇਸ ਕਰ ਕੇ ਹੀ ਇਹ ਜੰਗ ਛਿੜੀ ਹੈ। ਲਿਹਾਜ਼ਾ, ਪੱਛਮੀ ਏਸ਼ੀਆ ਨੂੰ ਨਸਲੀ, ਧਾਰਮਿਕ ਅਤੇ ਰਾਸ਼ਟਰਵਾਦੀ ਪਛਾਣਾਂ ਦੇ ਦਹਾਕੇ ਪੁਰਾਣੇ ਵੈਰ ਵਿਰੋਧਾਂ ਕਰ ਕੇ ਬਹੁਤ ਹੀ ਭੜਕਾਊ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇ ਅਸੀਂ ਯੂਕਰੇਨ ਉਪਰ ਰੂਸੀ ਹਮਲੇ ਦੀ ਗੱਲ ਕਰੀਏ ਤਾਂ ਇਹ ਸਪੱਸ਼ਟ ਹੈ ਕਿ ਭਾਵੇਂ ਰੂਸੀ ਰਾਸ਼ਟਰਪਤੀ ਯੂਕਰੇਨ ਦੀਆਂ ਦੋਨੇਤਸਕ ਅਤੇ ਲੁਹਾਂਸਕ ਖੇਤਰਾਂ ਵਿਚ ਕੀਤੀਆਂ ਵਧੀਕੀਆਂ ਦੇ ਨਾਂ ’ਤੇ ਆਪਣੇ ਹਮਲੇ ਨੂੰ ਸਹੀ ਠਹਿਰਾਉਂਦੇ ਹਨ ਪਰ ਇਸ ਦੇ ਕਾਰਨ ਸਪੱਸ਼ਟ ਭੂ-ਰਾਜਸੀ ਵਿਸਤਾਰ ਅਤੇ ਰੂਸ ਵਿਚ ਕੌਮਪ੍ਰਸਤ ਅਨਸਰਾਂ ਦੀ ਖੁਸ਼ਨੂਦੀ ਹਾਸਲ ਕਰਨ ਨਾਲ ਜੁੜੇ ਹੋਏ ਹਨ। ਪੂਤਨਿ ਵਰਗੇ ਸੱਤਾ ਦੇ ਭੁੱਖੇ ਆਗੂਆਂ ਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਕਿ ਸੋਵੀਅਤ ਸੰਘ ਦੇ ਪੁਰਾਣੇ ਬਹੁਤ ਸਾਰੇ ਗਣਰਾਜਾਂ ਦੇ ਨਾਟੋ ਵਿਚ ਸ਼ਾਮਲ ਹੋਣ ਨਾਲ ਰੂਸੀ ਸਾਮਰਾਜ ਦਾ ਇਕਬਾਲ ਸਦਾ ਲਈ ਅਸਤ ਹੋ ਜਾਵੇਗਾ। ਅੰਤਮ ਭੜਕਾਹਟ ਉਦੋਂ ਆਈ ਜਦੋਂ ਜਾਰਜੀਆ ਅਤੇ ਯੂਕਰੇਨ ਨੇ ਨਾਟੋ ਵਿਚ ਸ਼ਾਮਲ ਹੋਣ ਦੀ ਸਹਿਮਤੀ ਦੇ ਦਿੱਤੀ ਜਿਸ ਨਾਲ ਇਤਿਹਾਸਕ ਅਸੁਰੱਖਿਆ ਦਾ ਮਾਮਲਾ ਭਖ ਗਿਆ।
ਇਤਿਹਾਸਕਾਰ ਸਟੀਫਨ ਕੋਟਕਨਿ ਇਸ ਨੂੰ ਪੂਤਨਿ ਦੀ ‘ਰੱਖਿਆਤਮਕ ਹਮਲਾਵਰੀ’ ਆਖਦੇ ਹਨ ਜੋ ਅਠਾਰਵੀਂ ਸਦੀ ਦੀ ਮਹਾਨ ਮਹਾਰਾਣੀ ਕੈਥਰੀਨ ਦੇ ਇਸ ਪੱਖ ਤੋਂ ਲਿਆ ਗਿਆ ਜਾਪਦਾ ਹੈ ਕਿ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਦਾ ਇਕੋ-ਇਕ ਰਾਹ ਆਪਣੀਆਂ ਹੱਦਾਂ ਦਾ ਲਗਾਤਾਰ ਵਿਸਤਾਰ
ਕਰਨਾ ਹੁੰਦਾ ਹੈ। ਜੇਤੂ ਹੋ ਕੇ ਨਿਕਲਣ ਨਾਲ ਜੰਗ ਦੇ ਦਬਾਓ ਹੇਠ ਆਈ ਰੂਸੀ ਜਨਤਾ ਨੂੰ ਮਾਣ ਅਤੇ ਸੁਰੱਖਿਆ ਦੀ ਭਾਵਨਾ ਦਾ ਅਹਿਸਾਸ ਕਰਵਾਏਗੀ।
ਚਿਲੀ ਵਿਚ 1973 ਤੋਂ 1990 ਤੱਕ ਅੰਤਾਂ ਦੇ ਕਤਲੇਆਮ, ਬਲਾਤਕਾਰਾਂ ਅਤੇ ਤਸ਼ੱਦਦ ਦੀਆਂ ਘਟਨਾਵਾਂ ਨਾਲ ਗ੍ਰਸੇ ਜਨਰਲ ਪਨਿੋਚੇ ਦੇ ਸ਼ਾਸਨ ਨਾਲ ਇਸ ਵਿਰੋਧਭਾਸੀ ਥੀਸਿਸ ਦੀ ਪੁਸ਼ਟੀ ਹੁੰਦੀ ਹੈ। ਇਨ੍ਹਾਂ ਸਾਰੇ ਹੌਲਨਾਕ ਵਰਤਾਰਿਆਂ ਦੇ ਬਾਵਜੂਦ ਜਨਰਲ ਪਨਿੋਚੇ ਚੋਣਾਂ ਵਿਚ ਜਿੱਤਦੇ ਰਹੇ ਸਨ ਅਤੇ ਇਹ ਅਜਿਹਾ ਨਤੀਜਾ ਸੀ ਜੋ ਤਰਕ ਦੇ ਸਾਰੇ ਸਿਧਾਂਤਾਂ ਨੂੰ ਮੂਧਾ ਮਾਰ ਦਿੰਦਾ ਹੈ। ਇਸੇ ਤਰ੍ਹਾਂ 1994 ਵਿਚ ਅਲ ਸਲਵਾਡੋਰ ਵਿਚ ਅਜਿਹੀ ਪਾਰਟੀ ਦੀ ਜਿੱਤ ਹੁੰਦੀ ਹੈ ਜੋ ਹਿੰਸਾ ਭੜਕਾਉਣ ਲਈ ਜਿ਼ੰਮੇਵਾਰ ਹੁੰਦੀ ਹੈ। ਕੋਲੰਬੀਆ ਵਿਚ ਲਾਤੀਨੀ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਖੌਫਨਾਕ ਨਸਲਘਾਤਾਂ ’ਚੋਂ ਗੁਜ਼ਰਨ ਦੇ ਬਾਵਜੂਦ 2018 ਵਿਚ ਅਲਵਾਰੋ ਯੂਰਬਿੇ ਦੀ ਜਿੱਤ ਹੁੰਦੀ ਹੈ। ਬੇਤਹਾਸ਼ਾ ਅੱਤਿਆਚਾਰਾਂ ਕਰਨ ਦੇ ਬਾਵਜੂਦ ਸਿਆਸੀ ਪਾਰਟੀਆਂ ਅਤੇ ਹਮਲਾਵਰ ਜਥੇਬੰਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਦੀਆਂ ਰਹੀਆਂ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਦਰਸਾਉਣ ਅਤੇ ਵਿਰੋਧੀ ਧਿਰਾਂ ਨੂੰ ਨਕਾਰਾ ਸਿੱਧ ਕਰਨ ਦਾ ਬਹਾਨਾ ਮਿਲਦਾ ਹੈ ਜਿਸ ਦੇ ਆਧਾਰ ’ਤੇ ਉਹ ਵੋਟਰਾਂ ਦੇ ਉਸ ਤਬਕੇ ਨੂੰ ਪ੍ਰਭਾਵਿਤ ਕਰ ਲੈਂਦੀਆਂ ਹਨ ਜੋ ਰਾਜਨੀਤਕ ਫਰੇਬਾਂ ਅਤੇ ‘ਅੱਛੇ ਦਿਨਾਂ’ ਦੇ ਖੋਖਲੇ ਵਾਅਦਿਆਂ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਦਾ ਹੈ।
ਇਸ ਵਿਰੋਧਾਭਾਸ ਦੀਆਂ ਸਭ ਤੋਂ ਦਿਲਚਸਪ ਮਿਸਾਲਾਂ ’ਚੋਂ ਇਕ ਗੁਆਟੇਮਾਲਾ ਵਿਚ ਰਿਓਸ ਮੌਂਟ ਦੀ ਜਿੱਤ ਹੈ ਜਿੱਥੇ 1982 ਤੋਂ 1983 ਤੱਕ ਫ਼ੌਜੀ ਅਫ਼ਸਰ ਤੋਂ ਤਾਨਾਸ਼ਾਹ ਦੇ ਰੂਪ ਵਿਚ ਸ਼ਾਸਨ ਚਲਾਇਆ ਸੀ। ਦੇਸ਼ ਦੇ ਕਾਰ-ਮੁਖ਼ਤਾਰ ਵਜੋਂ ਉਸ ਦਾ ਇਹ ਛੋਟਾ ਜਿਹਾ ਕਾਰਜਕਾਲ ਖ਼ਾਨਾਜੰਗੀ ਦਾ ਸਭ ਤੋਂ ਭੈੜਾ ਦੌਰ ਹੋ ਨਿੱਬੜਦਾ ਹੈ ਜਿਸ ਵਿਚ ਜੰਗੀ ਅਪਰਾਧਾਂ ਅਤੇ ਸਮੂਹਕ ਕਤਲੇਆਮਾਂ ਦੇ ਦੋਸ਼ ਲੱਗਦੇ ਹਨ। ਮੌਂਟ ਫ਼ੌਜੀ ਵਰਦੀ ਪਹਨਿ ਕੇ ਚੋਣ ਪ੍ਰਚਾਰ ਕਰਨ ਦਾ ਹਥਕੰਡਾ ਵਰਤਦਾ ਹੈ ਅਤੇ ਖੁਦ ਨੂੰ ਦਹਾਕਿਆਂ ਤੋਂ ਚਲੀ ਆ ਰਹੀ ਅਰਾਜਕਤਾ ਨੂੰ ਖ਼ਤਮ ਕਰਨ ਦੇ ਬਿੰਬ ਵਜੋਂ ਪੇਸ਼ ਕਰਦਾ ਹੈ। ਸਾਰਾ ਡਾਲੀ ਦੀ ਕਿਤਾਬ ‘ਵਾਇਲੈਂਟ ਵਿਕਟਰਜ਼’ (ਹਿੰਸਕ ਜੇਤੂ) ਵਿਚ ਜਿ਼ਕਰ ਮਿਲਦਾ ਹੈ ਕਿ ਅੰਤ ਨੂੰ 85 ਫ਼ੀਸਦ ਨਪੀੜੇ ਅਤੇ ਅਸੁਰੱਖਿਅਤ ਲੋਕ ਜਨਰਲ ਮੌਂਟ ਦੇ ਹੱਕ ਵਿਚ ਵੋਟਾਂ ਪਾ ਦਿੰਦੇ ਹਨ।
ਇਸ ਦੀ ਇਕ ਹੋਰ ਬੱਜਰ ਮਿਸਾਲ 9/11 ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਹਮਲਾਵਰ ਵਿਦੇਸ਼ ਨੀਤੀ ਅਤੇ ਇਰਾਕ ’ਤੇ ਫ਼ੌਜੀ ਹਮਲੇ ਤੋਂ ਮਿਲਦੀ ਹੈ ਜਿਸ ਕਰ ਕੇ ਬੁਸ਼ ਨੂੰ ਦੂਜੀ ਵਾਰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲ ਸਕਿਆ ਸੀ। ਫਿਲਪੀਨਜ਼ ਵਿਚ ਰਾਸ਼ਟਰਪਤੀ ਰੌਡਰਿਗੋ ਡੂਟਰਟੇ ਨੇ ਨਸ਼ੇ ਦੇ ਆਦੀਆਂ ਜਾਂ ਹਰ ਉਹ ਸ਼ਖ਼ਸ ਜਿਸ ਨੂੰ ਉਹ ਜਨਤਕ ਵਿਵਸਥਾ ਲਈ ਖ਼ਤਰਾ ਮੰਨਦੇ ਹਨ, ਨੂੰ ਅਪੀਲ ਜਾਂ ਗ੍ਰਿਫ਼ਤਾਰੀ ਪਾਏ ਬਿਨਾ ਹੀ ਮੌਤ ਦੇ ਘਾਟ ਉਤਾਰਨ ਦਾ ਵਾਅਦਾ ਕਰ ਕੇ ਚੋਣਾਂ ਜਿੱਤੀਆਂ ਹਨ। ਡੂਟਰਟੇ ਦੀ ਅੰਨ੍ਹੇਵਾਹ ਰਾਜਕੀ ਹਿੰਸਾ ਨੇ ਹੀ ਉਨ੍ਹਾਂ ਦੀ ਜਿੱਤ ਦਾ ਰਾਹ ਪੱਧਰਾ ਕੀਤਾ ਹੈ। ਹਾਲੀਆ ਮਹੀਨਿਆਂ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੂਟਰਟੇ ਦੀ ਚੋਣ ਰਣਨੀਤੀ ਦੀ ਨਕਲ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਰ ਰੋਜ਼ ਉਹ ਆਪਣੀ ਨਸਲਵਾਦੀ ਸੋਚ ਅਤੇ ਸੱਤਾਵਾਦ ਦੀ ਆਪਣੀ ਲਾਲਸਾ ਤੋਂ ਪਰਦਾ ਚੁੱਕਦੇ ਰਹਿੰਦੇ ਹਨ। ਉਂਝ, ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਪਾਗਲਪਣ ਅਤੇ ਬੜਬੋਲੇਪਣ ’ਤੇ ਆਮ ਲੋਕ ਕਦੇ ਕੋਈ ਬਹੁਤੀ ਕੋਫ਼ਤ ਮਹਿਸੂਸ ਨਹੀਂ ਕਰਦੇ।
ਦੁਨੀਆ ਭਰ ਵਿਚ ਵੱਖ ਵੱਖ ਆਗੂ ਆਪਣੇ ਆਪ ਨੂੰ ਬਾਹੂਬਲੀ ਜਾਂ ਗਲੀ ਦੇ ਗੁੰਡੇ ਸਿੱਧ ਕਰਨ ਲਈ ਇਸ ਕਿਸਮ ਦੀਆਂ ਹਿੰਸਕ ਤਿਕੜਮਾਂ ਦਾ ਸਹਾਰਾ ਲੈ ਰਹੇ ਹਨ। ਅਜੀਬ ਗੱਲ ਇਹ ਹੈ ਕਿ ਇਹ ਸਭ ਕੁਝ ਆਮ ਲੋਕਾਂ ਨੂੰ ਲੁਭਾਉਣ ਲਈ ਕੀਤਾ ਜਾਂਦਾ ਹੈ ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਚੁਣਾਵੀ ਜਿੱਤ ਦਾ ਇਨਾਮ ਮਿਲਣ ਦੀ ਆਸ ਹੁੰਦੀ ਹੈ ਅਤੇ ਇਸ ਨੂੰ ਭਵਿੱਖ ਵਿਚ ਜਨਤਕ ਬਦਅਮਨੀ ਦੇ ਤੋੜ ਦੇ ਰੂਪ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ। ਹਕੀਕਤ ਤੋਂ ਕੋਰੀ ਇਸ ਦੁਨੀਆ ਵਿਚ ਆਗੂ ਭਵਿੱਖੀ ਸਥਿਰਤਾ ਯਕੀਨੀ ਬਣਾਉਣ ਲਈ ਸੰਵਿਧਾਨਕ ਸੰਸਥਾਵਾਂ ਦੀ ਦੁਰਗਤ ਨੂੰ ਵਾਜਬਿ ਠਹਿਰਾਉਣ ਲਈ ਦੁਰਪ੍ਰਚਾਰ ਅਤੇ ਝੂਠ ਦਾ ਸਹਾਰਾ ਲੈਂਦੇ ਹਨ।
*ਲੇਖਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਅੰਗਰੇਜ਼ੀ ਅਤੇ ਸਭਿਆਚਾਰਕ ਅਧਿਐਨ ਵਿਭਾਗ ਦੇ ਪ੍ਰੋਫੈਸਰ ਹਨ।

Advertisement
Author Image

sukhwinder singh

View all posts

Advertisement
Advertisement
×