ਆਜ਼ਾਦ ਉਮੀਦਵਾਰ ਕਮਲਜੀਤ ਬਰਾੜ ਵੱਲੋਂ ਪਿੰਡਾਂ ਦੇ ਦੌਰੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਮਈ
ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਲੁਧਿਆਣਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕਮਲਜੀਤ ਸਿੰਘ ਬਰਾੜ ਨੇ ਕਈ ਪਿੰਡਾਂ ਦਾ ਦੌਰਾ ਕੀਤਾ। ਪੰਥਕ ਜਥੇਬੰਦੀਆਂ ਦੀ ਹਮਾਇਤ ਪ੍ਰਾਪਤ ਸ੍ਰੀ ਬਰਾੜ ਨੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਪੰਜਾਬ ਤੇ ਪੰਥ ਦੇ ਨਾਲ-ਨਾਲ ਹਲਕੇ ਦੇ ਲੋਕਾਂ ਨਾਲ ਆਪਣੀ ਪੁਰਾਣੀ ਸਾਂਝ ਦੇ ਸਿਰ ’ਤੇ ਵੋਟਾਂ ਮੰਗੀਆਂ। ਪਿੰਡ ਭੰਮੀਪੁਰਾ, ਦੇਹੜਕਾ, ਕਮਾਲਪੁਰਾ, ਲੱਖਾ, ਡੱਲਾ, ਗਿੱਦੜਪਿੰਡੀ, ਲੰਮੇ, ਮਾਣੂੰਕੇ, ਬੁਰਜ ਕੁਲਾਰਾਂ ਵਿੱਚ ਮੀਟਿੰਗਾਂ ਦੌਰਾਨ ਭਰਵੀਂ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਉਹ ਸੰਸਦ ’ਚ ਪਹੁੰਚ ਕੇ ਪੰਜਾਬ ਅਤੇ ਪੰਥ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਅਤੇ ਸਜ਼ਾਵਾਂ ਪੂਰੀਆਂ ਕਰ ਕੇ ਜੇਲ੍ਹਾਂ ’ਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨਗੇ। ਰਵਨੀਤ ਬਿੱਟੂ ਨੂੰ ਉਨ੍ਹਾਂ ਕਾਂਗਰਸ ਦਾ ਭਗੌੜਾ ਜਦਕਿ ਰਾਜਾ ਵੜਿੰਗ ਨੂੰ ਬਾਹਰਲੇ ਹਲਕੇ ਦਾ ਦੱਸਿਆ। ਉਨ੍ਹਾਂ ਕਿਹਾ ਕਿ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿਮਰਜੀਤ ਬੈਂਸ ਦੀ ਹਮਾਇਤ ਲੈ ਕੇ ਰਾਜਾ ਵੜਿੰਗ ਨੇ ਨੈਤਿਕਤਾ ਦਾ ਘਾਣ ਕੀਤਾ ਹੈ। ਇੰਟਰਨੈਸ਼ਨਲ ਢਾਡੀ ਜਥਾ ਬੀਬੀ ਵੀਰਪਾਲ ਕੌਰ ਸਮਾਲਸਰ ਵਾਲਿਆਂ ਨੇ ਜੇਤੂ ਵਾਰਾਂ ਪੇਸ਼ ਕਰ ਕੇ ਵੋਟਰਾਂ ’ਚ ਜੋਸ਼ ਭਰਿਆ।