ਪਿੰਡ ਤੁੰਗਵਾਲੀ ਤੇ ਦਸਮੇਸ਼ ਨਗਰ ਦੀਆਂ ਪੰਚਾਇਤਾਂ ਨੇ ਨਸ਼ਿਆਂ ਖ਼ਿਲਾਫ਼ ਮਤੇ ਪਾਏ
ਪਵਨ ਗੋਇਲ
ਭੁੱਚੋ ਮੰਡੀ, 2 ਅਗਸਤ
ਪਿੰਡ ਤੁੰਗਵਾਲੀ ਅਤੇ ਦਸਮੇਸ਼ ਨਗਰ ਦੀਆਂ ਪੰਚਾਇਤਾਂ ਵੱਲੋਂ ਅੱਜ ਪਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਵਿੱਚ ਵੱਡਾ ਇਕੱਠ ਕਰਕੇ ਨਸ਼ਿਆਂ ਖ਼ਿਲਾਫ਼ ਮਤੇ ਪਾਏ ਗਏ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਫੈਸਲਾ ਲਿਆ ਕਿ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਮਦਦ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਪਿੰਡ ਦਾ ਕੋਈ ਵੀ ਰਾਜਨੀਤਕ ਆਗੂ ਨਸ਼ਾ ਤਸਕਰਾਂ ਦੀ ਮਦਦ ਕਰੇਗਾ ਤਾਂ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ। ਇਸ ਇਕੱਠ ਦੀ ਅਗਵਾਈ ਕਰ ਰਹੇ ਸਰਪੰਚ ਵਕੀਲ ਸਿੰਘ ਅਤੇ ਸਰਪੰਚ ਵੀਰਪਾਲ ਕੌਰ ਮਾਨ ਨੇ ਕਿਹਾ ਕਿ ਜਲਦੀ ਹੀ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀ ਨਿਯੁਕਤੀ ਕੀਤੀ ਜਾਵੇਗੀ।
ਇਸ ਮੌਕੇ ਹਲਕਾ ਵਿਧਾਇਕ ਜਗਸੀਰ ਸਿੰਘ ਦੀ ਪਤਨੀ ਬੇਅੰਤ ਕੌਰ, ‘ਆਪ’ ਦੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬਲਜਿੰਦਰ ਕੌਰ ਮਾਹਲ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਮਾਨ, ਸੰਤ ਹਜ਼ਾਰਾ ਸਿੰਘ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਅਤੇ ਸੁਖਵਿੰਦਰ ਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਸੁਨਿਹਰੀ ਭਵਿੱਖ ਲਈ ਖੇਡਾਂ ਅਤੇ ਪੜ੍ਹਾਈ ਵਿੱਚ ਆਪਣੀ ਰੁਚੀ ਵਧਾਉਣ। ਇਸ ਮੌਕੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਕਿਹਾ ਕਿ ਨਸ਼ੇ ਸਿਆਸੀ ਆਗੂਆਂ ਅਤੇ ਪੁਲੀਸ ਪ੍ਰਸ਼ਾਸਨ ਦੀ ਸ਼ਹਿ ’ਤੇ ਹੀ ਵਿਕ ਰਹੇ ਹਨ। ਜੇਕਰ ਸਰਕਾਰ ਸੱਚੇ ਮਨ ਨਾਲ ਨਸ਼ਿਆਂ ਨੂੰ ਖ਼ਤਮ ਕਰਨਾ ਚਾਹੇ ਤਾਂ ਪੰਜਾਬ ਵਿੱਚੋਂ ਚਾਰ ਦਿਨਾਂ ਵਿੱਚ ਨਸ਼ੇ ਖ਼ਤਮ ਹੋ ਜਾਣਗੇ।
ਇਸ ਮੌਕੇ ਪਹੁੰਚੇ ਭੁੱਚੋ ਦੇ ਡੀਐੱਸਪੀ ਰਛਪਾਲ ਸਿੰਘ, ਨਥਾਣਾ ਦੇ ਐੱਸਐੱਚਓ ਜਸਵੀਰ ਸਿੰਘ ਅਤੇ ਚੌਕੀ ਇੰਚਾਰਜ ਗੁਰਮੇਜ਼ ਸਿੰਘ ਨੇ ਲੋਕਾਂ ਨੂੰ ਵਿਸ਼ਵਾਸ ਦਵਿਾਇਆ ਕਿ ਪੁਲੀਸ ਹਮੇਸ਼ਾਂ ਉਨ੍ਹਾਂ ਦੇ ਨਾਲ ਹੈ। ਜਦੋਂ ਵੀ ਕਿਸੇ ਨਸ਼ਾ ਤਸਕਰ ਬਾਰੇ ਕੋਈ ਸੂਹ ਮਿਲਦੀ ਹੈ, ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕਰੋ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਪੂਰੀ ਨਜ਼ਰ ਰੱਖਣ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਬਚਾੲਆ ਜਾ ਸਕੇ।
ਭਗਤਾ ਭਾਈ ਵਾਸੀ ਨਸ਼ਿਆਂ ਖ਼ਿਲਾਫ਼ ਹੋਏ ਇਕਜੁੱਟ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਕਸਬਾ ਭਗਤਾ ਭਾਈ ਵਾਸੀਆਂ ਨੇ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਅੱਜ ਸਥਾਨਕ ਭੂਤਾਂ ਵਾਲਾ ਖੂਹ ‘ਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ, ਜਿਸ ‘ਚ ਕਸਬੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ, ਨਗਰ ਪੰਚਾਇਤ, ਧਾਰਮਿਕ, ਸਮਾਜ ਸੇਵੀ, ਕਿਸਾਨ ਯੂਨੀਅਨਾਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਆਪਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਹਾਜ਼ਰ ਹੋਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨਸ਼ਾ ਸਾਡੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਲੋਕ ਨਸ਼ਿਆਂ ਦੇ ਕਹਿਰ ਤੋਂ ਬੇਹੱਦ ਦੁਖੀ ਹਨ। ਬੀ.ਕੇ.ਯੂ. (ਉਗਰਾਹਾਂ) ਦੇ ਆਗੂ ਅਵਤਾਰ ਸਿੰਘ ਤਾਰੀ ਭਗਤਾ ਨੇ ਇਕੱਠ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਉਣ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਉਪਰੰਤ ਨਗਰ ਵਾਸੀਆਂ ਵੱਲੋਂ ਥਾਣਾ ਭਗਤਾ ਭਾਈ ਦੀ ਪੁਲੀਸ ਨੂੰ ਇਸ ਮੁਹਿੰਮ ਵਿਚ ਸਹਿਯੋਗ ਲਈ ਮੰਗ ਪੱਤਰ ਵੀ ਦਿੱਤਾ ਗਿਆ।