ਪਿੰਡ ਦੀਆਂ ਬਾਤਾਂ
ਡਾ. ਅਮਰ ਕੋਮਲ
ਕਹਾਣੀ, ਕੱਥ-ਕ੍ਰਮ ਵਿਚ ਬੱਝੀਆਂ ਕੁਝ ਘਟਨਾਵਾਂ ਦਾ ਇਕ ਸਿਲਸਿਲਾ ਹੀ ਨਹੀਂ ਹੁੰਦਾ ਸਗੋਂ ਕਹਾਣੀ ਵਿਚਲੀ ਮਹੱਤਵਪੂਰਨ ਗੱਲ ਇਨ੍ਹਾਂ ਘਟਨਾਵਾਂ ਨੂੰ ਇਕ ਨਿਸ਼ਚਿਤ ਜੁਗਤ ਵਿਚ ਬੰਨ੍ਹਣ ਵਾਲੀ ਉਹ ਮੂਲ ਲੁਕੀ ਹੋਈ ਸੁਰ ਹੈ ਜਿਸ ਨੂੰ ਪਾ ਲੈਣਾ ਕਹਾਣੀ ਨੂੰ ਪਾ ਲੈਣਾ ਹੈ। ਇਸ ਨੂੰ ਪਾ ਕੇ ਅੱਗੋਂ ਇਸ ਦੀ ਵਿਆਖਿਆ ਕਰ ਸਕਣਾ ਕਹਾਣੀ ਦੀ ਆਲੋਚਨਾ ਹੈ। ਪਰ ਇਹ ਇੰਨਾ ਸੌਖਾ ਨਹੀਂ, ਜਿੰਨਾ ਨਜ਼ਰ ਆਉਂਦਾ ਹੈ।
ਇਸ ਗੱਲ ਨੂੰ ਆਪਣੀ ਦ੍ਰਿਸ਼ਟੀ ਵਿਚ ਰੱਖ ਕੇ ਡਾ. ਸਵੈਰਾਜ ਸੰਧੂ ਰਚਿਤ ’51 ਕਹਾਣੀਆਂ’ (ਕੀਮਤ: 400 ਰੁਪਏ; ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਦਾ ਮੁਲਾਂਕਣ ਕਰਨ ਲੱਗਿਆ ਹਾਂ। ’51 ਕਹਾਣੀਆਂ’ ਦਾ ਸਮਰਪਣ ਪੰਨਾ ਪੜ੍ਹਨ ਪਿੱਛੋਂ ਮੈਂ ਇਸ ਸੰਗ੍ਰਹਿ ਦੀਆਂ ਚੋਣਵੀਆਂ ਕਹਾਣੀਆਂ ਦਾ ਪਾਠ ਕੀਤਾ ਤਾਂ ਮੈਨੂੰ ‘ਮੇਰੇ ਪਿੰਡ ਅਤੇ ਉਹਦੀ ਰਹਿਤਲ’ ਦੇ ਸ਼ਬਦ ਵਾਰ ਵਾਰ ਯਾਦ ਆਏ ਅਤੇ ’51 ਕਹਾਣੀਆਂ’ ਦੇ ਲੇਖਕ ਦੇ ਲਿਖੇ ‘ਦੋੋ ਸ਼ਬਦ’ ਮਹੱਤਵਪੂਰਨ ਹਨ: ”ਮੇਰੀਆਂ ਇਨ੍ਹਾਂ ਕਹਾਣੀਆਂ ਵਿਚ ਮੇਰੇ ਬਚਪਨ ਤੋਂ ਵੀਹ ਸਾਲ ਜਵਾਨ ਹੋ ਜਾਣ ਤੱਕ ਪਿੰਡ ਵਿਚ ਜੀਵੇ ਹੋਏ ਜੀਵਨ ਦੀ ਕੋਈ ਨਾ ਕੋਈ ਘਟਨਾ-ਕਾਤਰ, ਮੋੜ ਆਦਿ, ਇਨ੍ਹਾਂ ਦੀ ਰਚਨਾ ਪ੍ਰਕਿਰਿਆ ਵਿਚ ਪਿਆ ਹੋਇਆ ਹੈ। ਮੈਂ ਪਿੰਡ ਤੋਂ ਢਾਈ ਸੌ ਕਿਲੋਮੀਟਰ ਦੂਰ, ਸ਼ਹਿਰ ਵਿਚ ਬੈਠਾ ਹੋਇਆ, ਬੀਤੇ ਸਮੇਂ ਨੂੰ ਫੜਨ ਦੀ ਕੋਸ਼ਿਸ਼ ਕਰ ਕੇ, ਪੁਨਰ ਸਿਰਜਣਾ ਕਰ ਰਿਹਾ ਹਾਂ।”
ਇਸ ਤੋਂ ਸਪੱੱਸ਼ਟ ਹੈ ਕਿ ਲੇਖਕ ਨੇ ਆਪਣੇ ਪਿੰਡਾਂ ਸਬੰਧੀ ਲੋਕਾਂ ਦੀਆਂ ਮੁੜ ਬਾਤਾਂ ਕਰ ਕੇ ਹੀ ਇਨ੍ਹਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਲੇਖਕ ਆਪ ਸਵੀਕਾਰਦਾ ਹੈ, ”ਇਨ੍ਹਾਂ ਕਹਾਣੀਆਂ ਵਿਚ ਮੇਰੇ ਜ਼ਾਤੀ ਤਜ਼ਰਬੇ, ਹੰਢਾਏ ਪਲ ਤੇ ਮਾਣੇ ਲਮਹੇ ਗੁੰਦੇ ਹੋਏ ਹਨ। ਹਯਾਤੀ ਦਾ ਏਨਾ ਲੰਮਾ ਅਰਸਾ ਬੀਤਣ ਬਾਅਦ, ਮੈਂ ਆਪਣੀ ਕਲਪਨਾ ਵਿਚੋਂ, ਉਨ੍ਹਾਂ ਪਲਾਂ ਨੂੰ ਮੁੜ ਜੀਵਤ ਕਰ ਕੇ ਰਚਿਆ ਹੈ।”
ਇੰਜ ਕਹਾਣੀਆਂ ਦੇ ਜਿਉਂਦੇ-ਜਾਗਦੇ ਪਾਤਰ ਉਸ ਦੇ ਚੇਤੇ ਵਿਚ ਹਨ ਤੇ ਸਾਹਮਣੇ ਬੈਠੇ ਨਜ਼ਰ ਆ ਰਹੇ ਹਨ, ਜਿਵੇਂ ਆਪਣੀ ਕੀਤੀ ‘ਤੇ ਪਛਤਾਅ ਰਿਹਾ ਦੋਸਤ ਦੇਵ, ਪਿੰਡ ਦੀ ਕੰਧ ਨਾਲ ਬੈਠਾ ਪਾਗਲ ਜੀਤ, ਨਵੇਂ ਬਣੇ ਡੇਰੇ ਦਾ ਬਾਬਾ ਸਾਧ ਆਦਿ।
ਇਨ੍ਹਾਂ ਕਹਾਣੀਆਂ ਦੀ ਮੂਲ ਸੁਰ ਲੇਖਕ ਦੇ ਆਪਣੇ ਪਿੰਡ ਦੀਆਂ ਹੀ ਬਾਤਾਂ ਅਤੇ ਪਿੰਡ ਦੇ ਲੋਕ ਹਨ। ਉਨ੍ਹਾਂ ਦੇ ਧੰਦਿਆਂ ਦੇ ਵੇਰਵੇ, ਖੇਤਾਂ ਦਾ ਹਾਲ, ਡੰਗਰਾਂ ਦੀਆਂ ਗੱਲਾਂ, ਬੀਤੇ ਸਮਿਆਂ ਦੀਆਂ ਬਾਤਾਂ, ਹੱਲਿਆਂ ਵੇਲੇ ਪਿੰਡਾਂ ‘ਚ ਲੁਟੇਰਿਆਂ ਵੱਲੋਂ ਕੀਤੇ ਕਤਲ, ਲੁੱਟਣ-ਪੁੱਟਣ ਦੇ ਪ੍ਰਸੰਗ ਹਨ। ’51 ਕਹਾਣੀਆਂ’ ਵਿਚੋਂ ਦੋ-ਤਿੰਨ ਕਹਾਣੀਆਂ ਤੋਂ ਇਲਾਵਾ ਬਾਕੀ ਸਾਰੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਉਸ ਦੇ ਪਿੰਡ ਨਾਲ ਸਬੰਧਿਤ ਹੈ।
ਜਿਵੇਂ ‘ਗੋਲ਼ੀ’ ਕਹਾਣੀ ਵਿਚ ਦਾਦੀ ਆਪਣੇ ਪੇਕਿਆਂ ਦੀਆਂ ਗੱਲਾਂ ਸੁਣਾਉਂਦੀ ਆਖਦੀ ਹੈ: ”ਪਿਓ ਮੇਰਾ ਤੇ ਮੇਰਾ ਅੰੰਬਰਸਰ ‘ਚ, ਕਿਹੜਾ ਮਾਈ ਦਾ ਲਾਲ ਹੋਊ, ਜਿਹਨੇ ਕਿਸ਼ਨ ਸਿਹੋਂ ਨੂੰ ਨਾ ਸੁਣਿਆ ਵੇਖਿਆ ਹੋਵੇ।” ਜਿਹੜੇ ਇਲਾਕੇ ਦੇ ਅਮਲ ਤੇ ਅਸਲ ਵਿਚ ਤਾਂ ਲੁਟੇਰੇ ਹੀ ਸਨ, ਪਰ ਲੋਕ ਉਨ੍ਹਾਂ ਨੂੰ ਸੂਰਮੇ ਸਮਝਦੇ ਸਨ।
ਇਸ ਪਰਕਰਣ ਵਿਚ ‘ਪਿੰਡ ਦੀ ਧੀ’ ਦੀ ਪੇਸ਼ ਕੀਤੀ ਕਹਾਣੀ ਸਾਧਾਰਨ ਕਥਾ-ਪ੍ਰਸੰਗ ਹੈ। ਪਰ ਕਹਾਣੀ ਦਾ ਸਿਖਰ ਉਸ ਵੇਲੇ ਮਹੱਤਵਪੂਰਨ ਸਿਰਜਿਆ ਜਾਂਦਾ ਹੈ, ਜਦੋਂ ਤੀਰਥ ਦੀ ਬੇਬੇ ਸਵੇਰ ਦੀ ਚਾਹ ਦਾ ਜੱਗ ਫੜੀ ਅੰਦਰ ਆਈ ਤਾਂ ਉਸ ਨੇ ਇਕ ਘਟਨਾ ਦਾ ਹਾਲ ਸੁਣਾਇਆ ਜਿਸ ਨੂੰ ਉਹ ‘ਰੱਖੇ ਦੀ ਕੁੜੀ’ ਕਹਿੰਦੀ ਸੀ। ਉਹ ਬਹੁਤ ਨਿਡਰ, ਦਲੇਰ ਅਤੇ ਹੌਸਲੇ ਵਾਲੀ ਸੀ, ”ਨਿਹੱਥੀ ਹੋ ਗਈ ਗੁੱਥਮ-ਗੁੱਥਾ, ਉਨ੍ਹਾਂ ਤਿੰਨਾਂ ਨਾਲ, ਹੱਥਾ-ਪਾਈ ‘ਚ ਦੁਨਾਲੀ ਦੀ ਨਾਲ ਭਵਾ ਕੇ ਇਕ ਜਣਾ ਮਰਵਾ ਦਿੱਤਾ ਉਹਨੇ, ਦੂਜਿਆਂ ਦੋਵਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਤਕੜੇ ਹੋ ਕੇ ਪਹਿਲਾਂ ਉਸ ਨੂੰ ਮੰਜੇ ‘ਤੇ ਡਾਹਿਆ, ਫਿਰ ਬੁਰੀ ਤਰ੍ਹਾਂ ਕੁੱਟਿਆ। ਫੇਰ ਮੰਜੇ ਨਾਲ ਬੰਨ੍ਹ ਕੇ ਉਹਨੂੰ ਪਹਿਲਾਂ ਅੱਧਮੋਏ ਰੱਖੇ ਨੂੰ ਗੋਲ਼ੀ ਮਾਰੀ, ਫੇਰ ਉਸ ਨੂੰ ਮਾਰਿਆ…।” ਇਸ ਤਰ੍ਹਾਂ ਇਨ੍ਹਾਂ ਕਹਾਣੀਆਂ ਦੇ ਪ੍ਰਸੰਗਾਂ ਨੂੰ ਸਿਖਰ ‘ਤੇ ਲਿਆ ਕੇ, ਹਰ ਕਥਾ ਨੂੰ ਰੌਸ਼ਨ ਕਰਨ ਦੀ ਵਿਧੀ ਹਰ ਕਹਾਣੀ ਵਿਚ ਹੈ।
‘ਧੂੰਆਂ’ ਕਹਾਣੀ ਵਿਚ ਇਕ ਪਾਤਰ ਪੇਸ਼ ਹੈ ਜਿਸ ਨੇ 1947 ਦੀ ਵੰਡ ਸਮੇਂ ਮੁਸਲਮਾਨਾਂ ਦੇ ਘਰ ਪਰਿਵਾਰ ਲੁੱਟ ਲੁੱਟ ਕੇ ਆਪਣਾ ਘਰ ਹੀ ਨਹੀਂ ਸੀ ਭਰਿਆ ਸਗੋਂ ਆਪਣੀ ਤਲਵਾਰ ਨਾਲ ਮੁਸਲਮਾਨਾਂ ਦੀਆਂ ਨਿਰਦੋਸ਼ ਔਰਤਾਂ ਦੀ ਇੱਜ਼ਤ ਵੀ ਲੁੱਟੀ ਸੀ। …ਪਰ ਸਮਾਂ ਲੰਘਣ ‘ਤੇ, ਹਾਲਾਤ ਆਮ ਹੋਣ ਪਿੱਛੋਂ ਉਹ ਕਬੀਲਦਾਰ ਬਣ ਕੇ ਜਦ ਜ਼ਿੰਦਗੀ ਜਿਉਣ ਲੱਗਾ ਤਾਂ ਉਸ ਨੂੰ ਵਾਰ ਵਾਰ ਆਪਣੇ ਹੱਥੀਂ ਕੀਤੇ ਜ਼ੁਲਮ ਦੀਆਂ ਘਟਨਾਵਾਂ ਚੇਤੇ ਆਉਣ ਲੱਗੀਆਂ। ਉੁਸ ਵੱਲੋੋਂ ਕਤਲ ਕੀਤੇ ਮੁਸਲਮਾਨ ਮਰਦ-ਔਰਤਾਂ ਦੇ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਆਉਂਦੇ ਤਾਂ ਉਹ ਨੀਮ ਪਾਗਲ ਹੋ ਜਾਂਦਾ। ਹਰ ਵਕਤ ਉਸ ਨੂੰ ਆਪਣੇ ਹੱਥੀਂ ਕੀਤੇ ਕਤਲਾਂ ਦੀਆਂ ਵਾਰਦਾਤਾਂ ਦੇ ਖ਼ਿਆਲਾਂ ਨੇ ਬੇਚੈਨ ਬਣਾ ਕੇ, ਪਛਤਾਉਣ ਵਾਲਾ ਪਾਪੀ ਪੁਰਸ਼ ਬਣਾ ਦਿੱਤਾ। ਤਨ-ਮਨ ਤੋਂ ਬੇਚੈਨ ਬੇਕਾਰ ਵਿਅਕਤੀ… ਅੰਤ ਉਸ ਨੇ ਇਸ ਪਛਤਾਵੇ ਦੀ ਅੱਗ ਵਿਚ ਤੜਫਣ ਤੋਂ ਛੁਟਕਾਰਾ ਪ੍ਰਾਪਤ ਕੀਤਾ, ਜਦ ਆਪ ਨਿੰਮ ਨਾਲ ਫਾਹਾ ਲੈ ਲਿਆ।
ਇਨ੍ਹਾਂ ਕਹਾਣੀਆਂ ਦੀ ਸੰਰਚਨਾਤਮਕ ਵਿਧੀ ਕਈ ਬਾਤਾਂ ਵਰਗੀ ਕਥਨ ਵਿਧੀ ਹੈ। ਕਈ ਕਹਾਣੀਆਂ ਲੇਖਕ ਕਥਨ ਵਿਧੀ ਨਾਲ ਪੇਸ਼ ਕਰਦਾ ਹੈ। ਬਾਤਾਂ ਪਾਉਣ ਵਾਂਗ ਸੁਣਾਉਣ ਕਥਨ ਅਤੇ ਵਰਣਨ ਕਰਨ ਦੇ ਲਹਿਜੇ ਵਾਲਾ ਹੈ। ਇਹ ਕਹਾਣੀਆਂ ਆਪ ਦੇੇਖੇ, ਸੁਣੇ, ਅੱਖਾਂ ਅੱਗੇ ਵਾਪਰੇ ਕੱਥ ਦੇ ਸਤਿ ਸੰਕਲਪਾਂ ਦੀ ਦਾਸਤਾਨ ਬਣਾ ਕੇ ਲਿਖੀਆਂ ਹਨ।
ਇਨ੍ਹਾਂ ਕਹਾਣੀਆਂ ਵਿਚ ਲੇਖਕ ਦੇ ਬਚਪਨ ਤੋਂ ਵੀਹ ਸਾਲ ਦੇ ਸਮੇਂ ਵਿਚ ਦੇਖੇ, ਅਨੁਭਵ ਕੀਤੇ, ਜੀਵੇ ਤੇ ਹੰਢਾਏ ਪਲਾਂ ਦੀਆਂ ਹੱਡਬੀਤੀਆਂ ਦੇ ਵੇਰਵੇ ਕਹਾਣੀਆਂ ਬਣਾ ਕੇ ਪੇਸ਼ ਕੀਤੇ ਹਨ। ਪਾਤਰ ਉਹ ਬੋਲੀ ਬੋਲਦੇ ਹਨ ਜੋ ਲੇਖਕ ਨੇ ਬਚਪਨ ਤੋਂ ਲੋਕਾਂ ਨੂੰ ਬੋਲਦੇ ਸੁਣਿਆ ਹੈ, ਪਾਤਰਾਂ ਦੇ ਵਰਤ-ਵਰਤਾਰੇ ਦੀ ਮਾਝੀ ਉਪ-ਬੋਲੀ, ਜਿਸ ਨੂੰ ਹਰ ਪੰਜਾਬੀ ਸਮਝ ਲੈਂਦਾ ਹੈ।
ਲੇਖਕ ਦੇ ਪੁਰਾਣੇ ਬਜ਼ੁਰਗ, ਆਂਢੀ-ਗੁਆਂਢੀ, ਡੰਗਰ ਚਾਰਦੇ ਪਾਲੀ, ਹਲ਼ ਵਾਹੁੰਦੇ ਹਾਲੀ, ਪਿੰਡਾਂ ਦੇ ਖੇਤ, ਲੱਗ ਰਹੇ ਟਿਊਬਵੈੱਲ, ਪੇਂਡੂ ਰਹਿਤਲ ਨੂੰ ਮੁੜ ਜਿਉਣਾ ਅਸੰਭਵ ਹੈ। ਇਹ ਪਾਤਰ ਬਣਾ, ਕਲਪਨਾ ਵਿਚ ਜਿਉਂਦੇ ਕਰ ਕੇ ਇਨ੍ਹਾਂ ਕਹਾਣੀਆਂ ਵਿਚ ਮੁੜ ਸਰੂਪੇ ਗਏ ਹਨ।
ਬੀਤੇ ਲੋਕ ਜੀਵਨ ਦੀਆਂ ਇਹ ਕਹਾਣੀਆਂ ਅੱਜ ਦੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਲਈ ਅਜਿਹੀ ਫਿਲਮ ਵਾਂਗ ਦਸਤਾਵੇਜ਼ ਹਨ, ਜਿਨ੍ਹਾਂ ਨੂੰ ਅਸੀਂ ਅਭੁੱਲ ਅਮੁੱਲ ਯਾਦਾਂ ਕਹਿ ਸਕਦੇ ਹਾਂ। ’51 ਕਹਾਣੀਆਂ’ ਦਾ ਕਰਤਾ ਇਸ ਸੰਗ੍ਰਹਿ ਦੀਆਂ ਦਸਤਾਵੇਜ਼ੀ ਹਕੀਕਤਾਂ ਦੇ ਅਜਿਹੇ ਦ੍ਰਿਸ਼ਾਂ ਨੂੰ ਪੇਸ਼ ਕਰਨ ਵਿਚ ਸਫ਼ਲ ਹੈ ਜਿਹੜੇ ਅਮੀਰ ਵਿਰਸੇ ਦੇ ਰੂਪ ਵਿਚ ਮੁੜ ਕਦੇ ਨਹੀਂ ਵਾਪਰ ਸਕਦੇ।
ਸੰਪਰਕ: 84378-73565, 88376-84173