Sarod maestro Aashish Khan dies ਮਸ਼ਹੂਰ ਸਰੋਦ ਵਾਦਕ ਉਸਤਾਦ ਆਸ਼ੀਸ਼ ਖਾਨ ਦਾ ਅਮਰੀਕਾ ’ਚ ਦੇਹਾਂਤ
ਨਵੀਂ ਦਿੱਲੀ, 16 ਨਵੰਬਰ
ਦੁਨੀਆ ਭਰ ਵਿੱਚ ਸਰੋਦ ਨੂੰ ਮਸ਼ਹੂਰ ਕਰਨ ਵਾਲੇ ਪ੍ਰਸਿੱਧ ਸਰੋਦ ਵਾਦਕ ਉਸਤਾਦ ਆਸ਼ੀਸ਼ ਖਾਨ ਦਾ ਅੱਜ ਅਮਰੀਕਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਜੌਰਜ ਹੈਰਿਸਨ, ਐਰਿਕ ਕਲੈਪਟਨ ਅਤੇ ਰਿੰਗੋ ਸਟਾਰ ਵਰਗੇ ਕੌਮਾਂਤਰੀ ਪੱਧਰ ਦੇ ਸੰਗੀਤਕਾਰਾਂ ਨਾਲ ਵੀ ਸਰੋਦ ਵਾਦਨ ਕੀਤਾ। ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ।
ਉਸਤਾਦ ਆਸ਼ੀਸ਼ ਖਾਨ ਦੇ ਭਰਾ ਆਲਮ ਖਾਨ ਨੇ ਇਕ ਇੰਸਟਾਗ੍ਰਾਮ ਪੋਸਟ ’ਚ ਕਿਹਾ ਕਿ ਆਸ਼ੀਸ਼ ਖਾਨ ਨੇ ਲਾਸ ਏਂਜਲਸ ਦੇ ਇਕ ਹਸਪਤਾਲ ਵਿੱਚ ਆਪਣੇ ਆਖ਼ਰੀ ਸਾਹ ਲਏ। ਉਸਤਾਦ ਆਸ਼ੀਸ਼ ਖਾਨ ਦੇ ਦੇਹਾਂਤ ਮੌਕੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਅਤੇ ਉਨ੍ਹਾਂ ਦੇ ਵਿਦਿਆਰਥੀ ਵੀ ਉਨ੍ਹਾਂ ਕੋਲ ਸਨ।
ਆਲਮ ਖਾਨ ਨੇ ਕਿਹਾ, ‘‘ਮੇਰੇ ਵੱਡੇ ਭਰਾ ਸਰੋਦ ਦੇ ਉਸਤਾਦ ਅਤੇ ਮੈਹਰ ਘਰਾਣਾ ਦੇ ਖਲੀਫਾ ਉਸਤਾਦ ਆਸ਼ੀਸ਼ ਖਾਨ ਦਾ ਦੇਹਾਂਤ ਹੋ ਗਿਆ। ਆਸ਼ੀਸ਼ ਦਾ ਇਕ ਬੇਮਿਸਾਲ ਸਰੋਦ ਵਾਦਕ ਸਨ ਜਿਨ੍ਹਾਂ ਦੇ ਸੰਗੀਤ ਨੇ ਕਈ ਸੰਗੀਤਕਾਰਾਂ ਤੇ ਸਰੋਤਿਆਂ ਨੂੰ ਪ੍ਰੇਰਿਤ ਕੀਤਾ। ਖਾਨ ਦੇ ਭਤੀਜੇ ਸ਼ਿਰਾਜ਼ ਖਾਨ ਨੇ ਵੀ ਇੰਸਟਾਗ੍ਰਾਮ ’ਤੇ ਇਹ ਖ਼ਬਰ ਸਾਂਝੀ ਕੀਤੀ। -ਪੀਟੀਆਈ