For the best experience, open
https://m.punjabitribuneonline.com
on your mobile browser.
Advertisement

ਮਾਨਸਾ ਨਗਰ ਕੌਂਸਲ ਦੇ ਦਫ਼ਤਰ ਵਿੱਚ ਵਿਜੀਲੈਂਸ ਦਾ ਛਾਪਾ

09:50 AM Jul 11, 2024 IST
ਮਾਨਸਾ ਨਗਰ ਕੌਂਸਲ ਦੇ ਦਫ਼ਤਰ ਵਿੱਚ ਵਿਜੀਲੈਂਸ ਦਾ ਛਾਪਾ
ਮਾਨਸਾ ਨਗਰ ਕੌਂਸਲ ਦੇ ਦਫ਼ਤਰ ਵਿੱਚ ਰਿਕਾਰਡ ਘੋਖਦੇ ਹੋਏ ਵਿਜੀਲੈਂਸ ਅਧਿਕਾਰੀ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੁਲਾਈ
ਇਥੇ ਨਗਰ ਕੌਂਸਲ ਦਫ਼ਤਰ ਵਿੱਚ ਅੱਜ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਬਿਊਰੋ ਦੀ ਟੀਮ ਨੇ ਛਾਪਾ ਮਾਰਿਆ। ਇਸ ਦੌਰਾਨ ਵਿਜੀਲੈਂਸ ਦੀ ਟੀਮ ਨੇ ਨਗਰ ਕੌਂਸਲ ਦੇ ਰਿਕਾਰਡ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨਗਰ ਕੌਂਸਲ ਦੇ ਇੱਕ ਜੇਈ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਪਹਿਲਾਂ ਹੀ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਹੈ ਅਤੇ ਕੌਂਸਲ ਪ੍ਰਧਾਨ ਸਮੇਤ ਛੇ ਜਣੇ ਵਿਜੀਲੈਂਸ ਦੀ ਕਾਰਵਾਈ ਤੋਂ ਡਰਦੇ ਹੋਏ ਰੂਪੋਸ਼ ਹਨ। ਉਹ ਅਦਾਲਤ ਦਾ ਸਹਾਰਾ ਲੈ ਕੇ ਵਿਜੀਲੈਂਸ ਦੀ ਕਾਰਵਾਈ ਤੋਂ ਬਚਣਾ ਚਾਹੁੰਦੇ ਹਨ ਪਰ ਅਜੇ ਤੱਕ ਅਦਾਲਤ ਉਨ੍ਹਾਂ ਲਈ ਸਹਾਰਾ ਨਹੀਂ ਬਣ ਸਕੀ ਹੈ।
ਨਗਰ ਕੌਂਸਲ ਮਾਨਸਾ ਦੇ ਦਫ਼ਤਰ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਪਿਛਲੇ ਮਹੀਨੇ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਬਾਅਦ ਦੁਪਹਿਰ ਸ਼ਹਿਰ ਦੇ ਇਕ ਕੌਂਸਲਰ ਪ੍ਰੇਮ ਸਾਗਰ ਭੋਲਾ ਅਤੇ ਇਕ ਵਕੀਲ ਅਮਨ ਮਿੱਤਲ ਵੱਲੋਂ ਕੀਤੀ ਸ਼ਿਕਾਇਤ ’ਤੇ ਵਿਜੀਲੈਂਸ ਚੰਡੀਗੜ੍ਹ ਦੀ ਟੀਮ ਨੇ ਛਾਪਾ ਮਾਰਕੇ ਕੌਂਸਲ ਦੇ 2 ਸਾਲਾਂ ਦਾ ਰਿਕਾਰਡ ਕਬਜ਼ੇ ਵਿਚ ਲੈ ਲਿਆ ਹੈ। ਵਿਜੀਲੈਂਸ ਦੇ ਅਧਿਕਾਰੀ ਘੰਟਿਆਂ ਤੱਕ ਨਗਰ ਕੌਂਸਲ ਦਾ ਰਿਕਾਰਡ ਫਰੋਲਦੇ ਰਹੇ। ਉਹ ਕੁਝ ਰਿਕਾਰਡ ਆਪਣੇ ਨਾਲ ਲੈ ਗਏ ਅਤੇ ਬਾਕੀ ਰਿਕਾਰਡ ਈਓ ਨਗਰ ਕੌਂਸਲ ਅਤੇ ਅਧਿਕਾਰੀ, ਕਰਮਚਾਰੀਆਂ ਨੂੰ ਹਦਾਇਤ ਕਰਕੇ ਚੰਡੀਗੜ੍ਹ ਲੈ ਕੇ ਆਉਣ ਦੇ ਹੁਕਮ ਦੇ ਗਏ। ਵਿਜੀਲੈਂਸ ਨੂੰ ਕੀਤੀ ਇਸ ਨਵੀਂ ਸ਼ਿਕਾਇਤ ਵਿੱਚ ਨਗਰ ਕੌਂਸਲ ਦੇ ਭ੍ਰਿਸ਼ਟਾਚਾਰ ਤੋਂ ਇਲਾਵਾ ਹੋਰ ਘਪਲੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਵਿਜੀਲੈਂਸ ਦੇ ਅਧਿਕਾਰੀ ਸੁਧੀਰ ਕੁਮਾਰ ਅਤੇ ਨਿਸ਼ਾਨ ਕੁਮਾਰ ਨੇ ਆਪਣੀ ਟੀਮ ਸਮੇਤ ਨਗਰ ਕੌਂਸਲ ਦਫ਼ਤਰ ਵਿਚੋਂ ਪ੍ਰਾਪਰਟੀ ਟੈਕਸ, ਐੱਨਓਸੀ ਮਾਮਲੇ, ਜਾਰੀ ਕੀਤੇ ਨੋਟਿਸ, ਨਕਸ਼ਿਆਂ ਆਦਿ ਦੀ ਫੀਸ ਯੂਆਈਸੀ, ਦੁਕਾਨਾਂ ਦੇ ਮਾਮਲੇ ਅਤੇ ਹੋਰ ਕੰਮਾਂ ਵਿਚ ਹੋਏ ਮੋਟੇ ਘਪਲੇ ਹੋਣ ਸਬੰਧੀ ਰਿਕਾਰਡ ਫਰੋਲਿਆ। ਵਿਜੀਲੈਂਸ ਨੇ ਪਿਛਲੇ ਦੋ ਸਾਲਾਂ ਵਿੱਚ ਨਗਰ ਕੌਂਸਲ ਵੱਲੋਂ ਪਾਸ ਕੀਤੇ ਨਕਸ਼ਿਆਂ ਅਤੇ ਇਸ ਸਬੰਧੀ ਦਿੱਤੇ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਫਾਈਲ ਨਵੇਂ ਸਿਰੇ ਖੋਲ੍ਹਣ ਲਈ ਦਸਤਾਵੇਜ਼ ਨਾਲ ਲੈ ਗਏ ਹਨ। ਵਿਜੀਲੈਂਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ, ਪਰ ਇਸ ਸਬੰਧੀ ਸ਼ਿਕਾਇਤਕਰਤਾ ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੌਂਸਲ ਵੱਲੋਂ ਪਿਛਲੇ 2 ਸਾਲਾਾਂ ਦੌਰਾਨ ਵੱਡੇ ਘਪਲੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਸਦੇ ਰਿਕਾਰਡ ਦੀ ਚੈਕਿੰਗ ਕੀਤੀ ਜਾਵੇ ਤਾਂ ਇਸ ਵਿਚ ਕਰੋੜਾਂ ਰੁਪਏ ਦਾ ਘਪਲਾ ਮਿਲ ਸਕਦਾ ਹੈ। ਉਨ੍ਹਾਂ ਇਸ ਸਬੰਧੀ ਵਿਜੀਲੈਂਸ ਨੂੰ ਹੋਰ ਵੀ ਤੱਥ ਪੇਸ਼ ਕੀਤੇ ਹਨ। ਕੌਂਸਲਰ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਅੱਜ ਮਾਨਸਾ ਨਗਰ ਕੌਂਸਲ ਦੇ ਦਫਤਰ ਦਾ ਰਿਕਾਰਡ ਖੁੱਲ੍ਹਵਾ ਲਿਆ ਹੈ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਰਿਕਾਰਡ ਨਾਲ ਛੇੜਛਾੜ ਨਾ ਕੀਤੀ ਜਾਵੇ ਅਤੇ ਬਾਕੀ ਰਹਿੰਦਾ ਲੋੜੀਂਦਾ ਰਿਕਾਰਡ ਉਹ ਚੰਡੀਗੜ੍ਹ ਦਫ਼ਤਰ ਲੈ ਕੇ ਪਹੁੰਚਣ।

Advertisement

Advertisement
Author Image

joginder kumar

View all posts

Advertisement
Advertisement
×