ਮੁਖ਼ਬਰ ਨੇ ਸਿਆਸੀ ਘੁੰਮਣਘੇਰੀ ’ਚ ਪਾਈ ਪੁਲੀਸ
ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਕਤੂਬਰ
ਇਥੇ ਨਸ਼ਾ ਤਸਕਰੀ ਦੇ ਬਹੁ-ਚਰਚਿਤ ਮਾਮਲੇ ਵਿੱਚ ਮੁਖ਼ਬਰ ਨੇ ਪੁਲੀਸ ਨੂੰ ਸਿਆਸੀ ਘੁੰਮਣ ਘੇਰੀ ਵਿੱਚ ਪਾ ਦਿੱਤਾ ਹੈ। ਇਸ ਵੱਢੀ ਦੀ ਰਕਮ ਦੀ ਵਿਚਲੋਗੀ ਇੱਕ ਸਿਆਸੀ ਆਗੂ ਨੇ ਕੀਤੀ ਸੀ ਤੇ ਉਸ ਕੋਲੋਂ ਪੁੱਛ-ਪੜਤਾਲ ਵੀ ਹੋਈ ਹੈ ਪਰ ਕਥਿਤ ਸਿਆਸੀ ਦਬਾਅ ਹੇਠ ਪੁਲੀਸ ਨੇ ਐੱਫ਼ਆਈਆਰ ਵਿੱਚ ਵਿਚੋਲਗੀ ਵਾਲਾ ਪ੍ਰਾਈਵੇਟ ਵਿਅਕਤੀ ਦਰਸਾ ਦਿੱਤਾ ਹੈ।
ਪੰਜਾਬ ’ਚ ਨਸ਼ਿਆਂ ਦਾ ਖ਼ਾਤਮਾ ਹਾਕਮ ਧਿਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪੰਜਾਬ ਪੁਲੀਸ ਦੀ ਨਸ਼ਿਆਂ ਖ਼ਿਲਾਫ਼ ਵਿੱੱਢੀ ਜੰਗ ਦੌਰਾਨ ਵਿਭਾਗੀ ਅਧਿਕਾਰੀਆਂ ਦੀ ਨਸ਼ਾ ਤਸਕਰਾਂ ਨਾਲ ਸਾਂਝ ’ਤੇ ਸਵਾਲੀਆ ਨਿਸ਼ਾਨ ਉਠ ਰਹੇ ਹਨ। ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ‘ਖਾਕੀ’ ਵੀ ਦਾਗਦਾਰ ਹੋ ਗਈ ਹੈ। ਜਾਣਕਾਰੀ ਅਨੁਸਾਰ ਇਥੇ ਅਫ਼ੀਮ ਤਸਕਰਾਂ ਨੂੰ ਪੰਜ ਲੱਖ ਦੀ ਵੱਢੀ ਅਤੇ ਤਿੰਨ ਕਿਲੋ ਅਫ਼ੀਮ ਗਾਇਬ ਕਰਨ ਕਰ ਕੇ ਛੱਡਣ ਦੇ ਦੋਸ਼ ਹੇਠ ਨਾਮਜ਼ਦ ਥਾਣਾ ਕੋਟ ਈਸੇ ਖਾਂ ਦੀ ਮੁਖੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਵਿਭਾਗ ਨੇ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਐੱਸਪੀ ਡੀ ਬਾਲਕ੍ਰਿਸ਼ਨ ਨੇ ਥਾਣਾ ਮੁਖੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕੀਤੀ ਹੈ। ਉਨ੍ਹਾਂ ਆਖਿਆ ਕਿ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਇੱਕ ਪੁਲੀਸ ਅਧਿਕਾਰੀ ਨੇ ਆਖਿਆ ਕਿ ਇਹ ਮਾਮਲਾ ਪੁਲੀਸ ਲਈ ਇਸ ਕਰਕੇ ਚੁਣੌਤੀ ਬਣ ਗਿਆ ਹੈ ਕਿਉਂਕਿ ਨਸ਼ਾ ਤਸਕਰੀ ’ਚ ਨਾਮਜ਼ਦ ਮੁਲਜ਼ਮ ਵੱਢੀ ਦੇਣ ਦੀ ਗੱਲ ਨਹੀਂ ਕਬੂਲ ਰਹੇ।
ਪੁਲੀਸ ਨੇ ਇਹ ਐੱਫ਼ਆਈਆਰ ਮੁਖ਼ਬਰ ਦੀ ਸੂਚਨਾ ਉੱਤੇ ਦਰਜ ਕੀਤੀ ਹੈ ਜਿਸ ਵਿੱਚ ਮੁਖ਼ਬਰ ਨੇ ਦੋ ਮੁਲਜ਼ਮਾਂ ਨੂੰ ਛੱਡਣ ਬਦਲੇ 8 ਲੱਖ ਦਾ ਸੌਦਾ ਕਰ ਕੇ ਪੰਜ ਲੱਖ ਦੀ ਵੱਢੀ ਲੈਣ ਅਤੇ 3 ਕਿਲੋ ਅਫ਼ੀਮ ਗਾਇਬ ਕਰਨ ਦਾ ਜ਼ਿਕਰ ਹੈ। ਐੱਫਆਈਆਰ ਵਿਚ ਸਪਸ਼ਟ ਲਿਖਿਆ ਹੈ ਕਿ ਇਹ ਵੱਢੀ ਦੀ ਰਕਮ ਪ੍ਰਾਈਵੇਟ ਬੰਦੇ ਰਾਹੀਂ ਲਈ ਗਈ ਹੈ। ਹੁਣ ਤੱਕ ਪੁਲੀਸ ਨਾ ਤਾਂ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਸਕੀ ਤੇ ਨਾ ਹੀ ਅਫ਼ੀਮ ਜਾਂ ਵੱਢੀ ਦੀ ਰਕਮ ਬਰਾਮਦ ਕਰ ਸਕੀ। ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਪੁਲੀਸ ਨੇ ਅਫ਼ੀਮ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਅਮਰਜੀਤ ਸਿੰਘ ਉਰਫ਼ ਸੋਨੂ ਨੂੰ ਕਿਸੇ ਹੋਰ ਮਾਮਲੇ ’ਚ ਪੁੱਛ-ਪੜਤਾਲ ਦੇ ਹਵਾਲੇ ਨਾਲ ਅਦਾਲਤ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੜਤਾਲ ਕੀਤੀ। ਉਪਰੰਤ ਰਕਮ ਦਾ ਲੈਣ ਦੇਣ ਕਰਵਾਉਣ ਉੱਤੇ ਇੱਕ ਸਿਆਸੀ ਧਿਰ ਦੇ ਬਹੁ-ਚਰਚਿਤ ਆਗੂ ਦਾ ਨਾਮ ਸਾਹਮਣੇ ਆਉਣ ਉੱਤੇ ਪੁਲੀਸ ਨੇ ਉਸ ਨੂੰ ਚੁੱਕ ਕੇ ਪੁੱਛ-ਪੜਤਾਲ ਕੀਤੀ। ਫਿਰ ਇਸ ਚਰਚਿਤ ਵਿਅਕਤੀ ਨੂੰ ਛੁਡਵਾਉਣ ਲਈ ਪੁਲੀਸ ਉੱਤੇ ਕਥਿਤ ਸਿਆਸੀ ਦਬਾਅ ਵਧ ਗਿਆ ਤਾਂ ਮੁਖ਼ਬਰ ਦੀ ਸੂਚਨਾ ਉੱਤੇ ਹੋਈ ਇਸ ਕਾਰਵਾਈ ਉੱਤੇ ਪੁਲੀਸ ਨੂੰ ਐੱਫ਼ਆਈਆਰ ਵਿਚ ਇੱਕ ਪ੍ਰਾਈਵੇਟ ਬੰਦੇ ਰਾਹੀਂ ਵੱਢੀ ਲੈਣ ਦਾ ਜ਼ਿਕਰ ਕਰਨਾ ਪਿਆ।
ਕੈਪਟਨ ਅਮਰਿੰਦਰ ਨੇ ਕੀਤੀ ਸੀ ਅਰਸ਼ਪ੍ਰੀਤ ਕੌਰ ਦੀ ਤਾਰੀਫ਼
ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਜ਼ਿਆਦਾ ਸਮਾਂ ਲੁਧਿਆਣਾ ਵਿੱਚ ਤਾਇਨਾਤ ਰਹੀ ਹੈ। ਉਹ ਕਰੋਨਾ ਕਾਲ ਦੌਰਾਨ ਪਹਿਲੀ ਮਹਿਲਾ ਪੁਲੀਸ ਅਧਿਕਾਰੀ ਕਰੋਨਾ ਵਾਰੀਅਰ ਬਣੀ ਸੀ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀਡੀਓ ਕਾਲ ਕਰ ਕੇ ਕੋਵਿਡ ਨਾਲ ਲੜਨ ਦੀ ਸ਼ਲਾਘਾ ਕੀਤੀ ਸੀ।