ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਪਾਸਟਰ ਦੀ ਵੀਡੀਓ ਵਾਇਰਲ
ਜਲੰਧਰ, 24 ਮਾਰਚ
ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਪਾਦਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੱਡੇ ਪੱਧਰ ’ਤੇ ਵਾਇਰਲ ਹੋਣ ਤੋਂ ਬਾਅਦ ਉਹ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਇਕ ਸਵੈ-ਘੋਸ਼ਿਤ ਈਸਾਈ ਪ੍ਰਚਾਰਕ ਪਾਸਟਰ ਬਜਿੰਦਰ ਸਿੰਘ(42) ’ਤੇ ਪਹਿਲਾਂ 28 ਫਰਵਰੀ ਨੂੰ ਇਕ 22 ਸਾਲ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲੀਸ ਨੇ ਉਸ ਵਿਰੁੱਧ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਸ਼ਿਕਾਇਤਕਰਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ।
ਹਾਲ ਹੀ ਵਿੱਚ ਆਈ ਵੀਡੀਓ, ਜੋ ਕਿ ਇਕ ਕਮਰੇ ਦੀ ਸੀਸੀਟੀਵੀ ਫੁਟੇਜ ਜਾਪਦੀ ਹੈ ਤੇ ਕਥਿਤ ਤੌਰ ’ਤੇ 14 ਫਰਵਰੀ ਦੀ ਹੈ, ਵਿਚ ਸਿੰਘ ਨੂੰ ਔਰਤ ਨੂੰ ਥੱਪੜ ਮਾਰਨ ਤੋਂ ਪਹਿਲਾਂ ਬਹਿਸ ਕਰਦੇ ਅਤੇ ਕਾਗਜ਼ਾਂ ਦਾ ਥੱਬਾ ਸੁੱਟਦੇ ਦੇਖਿਆ ਜਾ ਰਿਹਾ ਹੈ। ਵੀਡੀਓ ਵਿਚ ਉਸਨੂੰ ਕਥਿਤ ਤੌਰ ’ਤੇ ਇੱਕ ਆਦਮੀ ਨੂੰ ਕਈ ਵਾਰ ਥੱਪੜ ਮਾਰਦੇ ਵੀ ਦੇਖਿਆ ਜਾ ਰਿਹਾ ਹੈ।
ਪੁਲੀਸ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਹਾਲਾਂਕਿ ਵੀਡੀਓ ਦੀ ਪ੍ਰਮਾਣਿਕਤਾ, ਘਟਨਾ ਦੇ ਸਥਾਨ ਅਤੇ ਸਮੇਂ ਦਾ ਪਤਾ ਲਗਾਉਣ ਲਈ ਇਕ ਤਸਦੀਕ ਪ੍ਰਕਿਰਿਆ ਚੱਲ ਰਹੀ ਹੈ। ਉਕਤ ਸਵੈ-ਘੋਸ਼ਿਤ ਈਸਾਈ ਪ੍ਰਚਾਰਕ ਦੋ ਚਰਚ ਦਾ ਸੰਚਾਲਨ ਕਰਦਾ ਹੈ, ਜਿਨ੍ਹਾਂ ਵਿਚ ਇਕ ਚਰਚ ਆਫ਼ ਗਲੋਰੀ ਐਂਡ ਵਿਜ਼ਡਮ' ਜਲੰਧਰ ਦੇ ਤਾਜਪੁਰ ਵਿਖੇ ਅਤੇ ਦੂਜੀ ਮੁਹਾਲੀ ਦੇ ਮਾਜਰੀ ਵਿੱਚ ਸਥਿਤ ਹੈ। ਸਿੰਘ 2012 ਵਿਚ ਇਕ ਈਸਾਈ ਪ੍ਰਚਾਰਕ ਬਣਿਆ ਅਤੇ ਉਸ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਉਸਦੇ ਚਰਚ ਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਸ਼ਾਖਾਵਾਂ ਹਨ।
ਗੌਰਤਲਬ ਹੈ ਕਿ ਚਰਚ ਵਿੱਚ ਵੱਡੀ ਗਿਣਤੀ ਲੋਕ ਆਪਣੀਆਂ ਬਿਮਾਰੀਆਂ ਦੇ ਇਲਾਜ ਦੀ ਉਮੀਦ ਵਿਚ ਆਉਂਦੇ ਹਨ। ਇਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਪਾਸਟਰ ਦੇ ਯੂਟਿਊਬ ਚੈਨਲ ’ਤੇ ਕੀਤਾ ਜਾਂਦਾ ਹੈ, ਜਿਸਦੇ 37.4 ਲੱਖ ਫਾਲੋਅਰ ਹਨ। -ਪੀਟੀਆਈ