Video: Ayushman Bharat: ਹੁਣ 70 ਸਾਲ ਜਾਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ: ਮੋਦੀ
ਨਵੀਂ ਦਿੱਲੀ, 29 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲਗਪਗ 12,850 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਆਗ਼ਾਜ਼ ਕੀਤਾ ਅਤੇ ਆਪਣੀ ਸਰਕਾਰ ਦੀ ਮੋਹਰੀ ਸਿਹਤ ਬੀਮਾ ਯੋਜਨਾ ‘ਆਯੂਸ਼ਮਾਨ ਭਾਰਤ’ ਦਾ ਘੇਰਾ ਵਧਾ ਕੇ ਇਸ ਵਿਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ, ‘‘ਸਰਕਾਰ ਨੇ ਤੈਅ ਕੀਤਾ ਹੈ ਕਿ ਗ਼ਰੀਬਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਉਤੇ ਉਨ੍ਹਾਂ ਦੇ ਪੰਜ ਲੱਖ ਰੁਪਏ ਤੱਕ ਦੇ ਇਲਾਜ ਦਾ ਖ਼ਰਚ ਸਰਕਾਰ ਚੁੱਕੇਗੀ।’’ ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੀਬ 4 ਕਰੋੜ ਲੋੜਵੰਦਾਂ ਨੇ ‘ਆਯੂਸ਼ਮਾਨ’ ਯੋਜਨਾ ਦਾ ਲਾਭ ਉਠਾਇਆ ਹੈ ਅਤੇ ਬਜ਼ੁਰਗਾਂ ਨੂੰ ਵੀ ਸਿਹਤ ਸਹੂਲਤ ਇਸੇ ਯੋਜਨਾ ਤਹਿਤ ਦਿੱਤੀ ਜਾਵੇਗੀ।
ਸਿਹਤ ਸੰਭਾਲ ਨੂੰ ਹੁਲਾਰਾ ਦੇਣ ਵਾਲਾ ਇਹ ਐਲਾਨ ਉਨ੍ਹਾਂ ਨੌਵੇਂ ਆਯੁਰਵੇਦ ਦਿਵਸ ਅਤੇ ਦਵਾਈ-ਇਲਾਜ ਦੇ ਹਿੰਦੂ ਦੇਵਤਾ ਧਨਵੰਤਰੀ ਦੀ ਜੈਅੰਤੀ ਮੌਕੇ ਕੀਤਾ ਹੈ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਦੇਖੋ ਵੀਡੀਓ:
#WATCH प्रधानमंत्री नरेंद्र मोदी ने कहा, " एक समय था, जब इलाज में लोगों के घर, जमीने, गहने सब बिक जाते थे। गंभीर बीमारी के इलाज का खर्च सुनते ही गरीब की आत्मा कांप जाती थी। पैसे की कमी की वजह से इलाज न करा पाने की बेबसी, बेचारगी गरीब को तोड़ कर रख देती थी। मैं अपने गरीब… pic.twitter.com/7C40Sl3KkV
— ANI_HindiNews (@AHindinews) October 29, 2024
ਪ੍ਰਧਾਨ ਮੰਤਰੀ ਨੇ ਇਸ ਮੌਕੇ ਕੌਮੀ ਰਾਜਧਾਨੀ ਵਿੱਚ ਭਾਰਤ ਦੇ ਪਹਿਲੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (All India Institute of Ayurveda) ਦੇ ਦੂਜੇ ਪੜਾਅ ਦਾ ਉਦਘਾਟਨ ਵੀ ਕੀਤਾ, ਜਿਸ ਵਿੱਚ ਹੋਰ ਕਈ ਸਹੂਲਤਾਂ ਤੋਂ ਇਲਾਵਾ ਇੱਕ ਪੰਚਕਰਮਾ ਹਸਪਤਾਲ (Panchakarma hospital), ਦਵਾਈਆਂ ਬਣਾਉਣ ਲਈ ਇੱਕ ਆਯੁਰਵੈਦਿਕ ਫਾਰਮੇਸੀ, ਇੱਕ ਖੇਡ ਦਵਾ ਯੂਨਿਟ, ਇੱਕ ਕੇਂਦਰੀ ਲਾਇਬਰੇਰੀ, ਇੱਕ ਆਈਟੀ ਤੇ ਸਟਾਰਟਅੱਪ ਇਨਕਿਊਬੇਸ਼ਨ ਸੈਂਟਰ ਅਤੇ ਇੱਕ 500 ਸੀਟਾਂ ਵਾਲਾ ਆਡੀਟੋਰੀਅਮ ਵੀ ਸ਼ਾਮਲ ਹੋਵੇਗਾ।
ਸੇਵਾ ਮੁਹੱਈਆ ਕਰਾਉੁਣ ਦੇ ਅਮਲ ਨੂੰ ਹੋਰ ਵਧੀਆ ਅਤੇ ਸਿਹਤ ਸੰਭਾਲ ਨੂੰ ਵਧੇਰੇ ਪਹੁੰਚਯੋਗ ਬਣਾਉਣ ਲਈ ਮੋਦੀ ਨੇ ਡਰੋਨ ਤਕਨਾਲੋਜੀ ਦੀ ਨਵੀਂ-ਨਿਵੇਕਲੀ ਵਰਤੋਂ ਤਹਿਤ 11 ਟਰਸ਼ਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਡਰੋਨ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ ਹੈ। ਇਹ ਸਹੂਲਤ ਉੱਤਰਾਖੰਡ ਵਿੱਚ ਏਮਜ਼-ਰਿਸ਼ੀਕੇਸ਼, ਤਿਲੰਗਾਨਾ ਵਿੱਚ ਏਮਜ਼-ਬੀਬੀਨਗਰ, ਅਸਾਮ ਵਿੱਚ ਏਮਜ਼-ਗੁਹਾਟੀ, ਮੱਧ ਪ੍ਰਦੇਸ਼ ਵਿੱਚ ਏਮਜ਼-ਭੋਪਾਲ, ਰਾਜਸਥਾਨ ਵਿੱਚ ਏਮਜ਼-ਜੋਧਪੁਰ, ਬਿਹਾਰ ਵਿੱਚ ਏਮਜ਼-ਪਟਨਾ, ਹਿਮਾਚਲ ਪ੍ਰਦੇਸ਼ ਵਿੱਚ ਏਮਜ਼-ਬਿਲਾਸਪੁਰ, ਉੱਤਰ ਪ੍ਰਦੇਸ਼ ਵਿਚ ਏਮਜ਼-ਰਾਏਬਰੇਲੀ, ਛੱਤੀਸਗੜ੍ਹ ਵਿੱਚ ਏਮਜ਼-ਰਾਏਪੁਰ, ਆਂਧਰਾ ਪ੍ਰਦੇਸ਼ ਵਿੱਚ ਏਮਜ਼-ਮੰਗਲਾਗਿਰੀ ਅਤੇ ਮਨੀਪੁਰ ਵਿੱਚ ਰਿਮਸ-ਇੰਫਾਲ ਵਿਖੇ ਉਪਲਬਧ ਹੋਵੇਗੀ। ਪ੍ਰਧਾਨ ਮੰਤਰੀ ਨੇ ਫ਼ੁਰਤੀ ਨਾਲ ਡਾਕਟਰੀ ਸਹੂਲਤਾਂ ਮੁਹੱਈਆ ਕਰਾਉਣ ਲਈ ਏਮਜ਼ ਰਿਸ਼ੀਕੇਸ਼ ਤੋਂ ਇੱਕ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸੇਵਾ ਵੀ ਲਾਂਚ ਕੀਤੀ ਹੈ।
ਉਨ੍ਹਾਂ ਇੱਕ ਯੂ-ਵਿਨ (U-WIN) ਪੋਰਟਲ ਵੀ ਲਾਂਚ ਕੀਤਾ ਜਿਸ ਰਾਹੀਂ ਟੀਕਾਕਰਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ ਕਰ ਕੇ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਫ਼ਾਇਦਾ ਪਹੁੰਚਾਇਆ ਜਾਵੇਗਾ। ਇਹ ਪ੍ਰਬੰਧ ਗਰਭਵਤੀ ਔਰਤਾਂ ਅਤੇ ਬੱਚਿਆਂ (ਜਨਮ ਤੋਂ ਲੈ ਕੇ 16 ਸਾਲ ਤੱਕ) ਨੂੰ 12 ਰੋਕਥਾਮ ਯੋਗ ਬਿਮਾਰੀਆਂ ਦੇ ਜੀਵਨ-ਬਚਾਊ ਟੀਕੇ ਵੇਲੇ ਸਿਰ ਲਾਏ ਜਾਣਾ ਯਕੀਨੀ ਬਣਾਵੇਗਾ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਸਿਹਤ ਸੰਭਾਲ ਪੇਸ਼ੇਵਰਾਂ ਤੇ ਸਹਾਇਕਾਂ ਅਤੇ ਸਿਹਤ ਸੰਸਥਾਵਾਂ ਲਈ ਵੀ ਇੱਕ ਪੋਰਟਲ ਲਾਂਚ ਕੀਤਾ। ਇਹ ਮੌਜੂਦਾ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸੰਸਥਾਵਾਂ ਦੇ ਕੇਂਦਰੀਕ੍ਰਿਤ ਡੇਟਾਬੇਸ ਵਜੋਂ ਕੰਮ ਕਰੇਗਾ। -ਪੀਟੀਆਈ