Air Pollution: ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਦਿੱਲੀ ਸਭ ਤੋਂ ਮੋਹਰੀ
ਨਵੀਂ ਦਿੱਲੀ, 21 ਨਵੰਬਰ
Delhi emerged as the most polluted city in India: ਦੇਸ਼ ਭਰ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਦਿੱਲੀ ਸਭ ਤੋਂ ਉਤੇ ਹੈ ਜਿੱਥੇ ਔਸਤ ਪੀਐਮ 2.5 ਦਾ ਪੱਧਰ 243.3 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤਾ ਗਿਆ ਹੈ। ਇਹ ਖੁਲਾਸਾ ਰੈਸਪਾਇਰਰ ਲਿਵਿੰਗ ਸਾਇੰਸਿਜ਼ ਦੀ ਏਅਰ ਕੁਆਲਿਟੀ ਐਨਾਲਾਇਸਿਸ ਰਿਪੋਰਟ ਤੋਂ ਹੋਇਆ ਹੈ ਜਿਸ ਅਨੁਸਾਰ ਹਫ਼ਤੇ-ਦਰ-ਹਫ਼ਤੇ ਦਰਮਿਆਨ ਪ੍ਰਦੂਸ਼ਣ ਵਿੱਚ 19.5 ਫੀਸਦੀ ਵਾਧਾ ਹੋਇਆ ਹੈ। ਇਸ ਰਿਪੋਰਟ ਅਨੁਸਾਰ 3 ਤੋਂ 16 ਨਵੰਬਰ ਤੱਕ 281 ਭਾਰਤੀ ਸ਼ਹਿਰਾਂ ਵਿਚਲੇ ਪ੍ਰਦੂਸ਼ਣ ਦਾ ਮੁਲਾਂਕਣ ਕੀਤਾ ਗਿਆ ਜਿਸ ਵਿਚ ਦਿੱਲੀ 281ਵੇਂ ਸਥਾਨ ’ਤੇ ਰਹਿ ਕੇ ਆਖਰੀ ਸਥਾਨ ’ਤੇ ਸੀ।
ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪ੍ਰਦੂਸ਼ਣ ਦੇ ਇਹ ਕਣ ਫੇਫੜਿਆਂ ਰਾਹੀਂ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਸਕਦੇ ਹਨ ਜਿਸ ਨਾਲ ਮਨੁੱਖੀ ਸਿਹਤ ਵਿਚ ਕਈ ਜੋਖਮ ਪੈਦਾ ਹੋ ਸਕਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ, ਤਾਪਮਾਨ ਵਿੱਚ ਤਬਦੀਲੀ ਅਤੇ ਹਵਾ ਦੀ ਗਤੀ ਘਟਣ ਨਾਲ ਪ੍ਰਦੂਸ਼ਣ ਵਧ ਗਿਆ ਹੈ। ਰੈਸਪਾਇਰਰ ਲਿਵਿੰਗ ਸਾਇੰਸਜ਼ ਦੇ ਸੰਸਥਾਪਕ ਅਤੇ ਸੀਈਓ ਰੌਣਕ ਸੁਥਾਰੀਆ ਨੇ ਇਸ ਮੁਲਾਂਕਣ ਬਾਰੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਨਵੰਬਰ ਦੇ ਆਸ-ਪਾਸ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੁੰਦਾ ਹੈ ਜੋ ਆਮ ਤੌਰ ’ਤੇ ਮੱਧ ਦਸੰਬਰ ਅਤੇ ਫਰਵਰੀ ਦਰਮਿਆਨ ਵੀ ਰਹਿੰਦਾ ਹੈ।