ਕੁੱਟਮਾਰ ਦਾ ਸ਼ਿਕਾਰ ਨੌਜਵਾਨ ਇਲਾਜ ਕਰਵਾਉਣ ਤੋਂ ਅਸਮਰੱਥ
ਪੱਤਰ ਪ੍ਰੇਰਕ
ਪਾਇਲ, 27 ਜੂਨ
ਇੱਥੋਂ ਨੇੜਲੇ ਪਿੰਡ ਅਲੂਣਾ ਤੋਲਾ ਦੇ ਇੱਕ ਵਿਅਕਤੀ ਦੀ 21 ਜੂਨ ਨੂੰ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਸੀ ਜਿਸ ਨੂੰ ਸਿਵਲ ਹਸਪਤਾਲ ਪਾਇਲ ’ਚ ਦਾਖਲ ਕਰਨ ਤੋਂ ਬਾਅਦ ਸਿਰ ਅਤੇ ਮੂੰਹ ਦੇ ਹੇਠਲੇ ਹਿੱਸੇ ’ਚ ’ਚ 35 ਟਾਂਕੇ ਲੱਗੇ ਹਨ। ਜਦੋਂ ਜ਼ਖਮੀ ਸੁਖਵਿੰਦਰ ਸਿੰਘ ਸੋਨੀ ਦੇ ਮੂੰਹ ਵਾਲੇ ਜ਼ਖਮ ਰਿਸਣ ਲੱਗੇ ਤਾਂ ਸਿਵਲ ਹਸਪਤਾਲ ਪਾਇਲ ਵੱਲੋਂ ਤੀਸਰੇ ਦਿਨ ਉਸ ਨੂੰ ਖੰਨਾ ਨੂੰ ਰੈਫ਼ਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਖੰਨਾ ਵੱਲੋਂ ਫੱਟੜ ਹੋਏ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਜਿਨ੍ਹਾਂ ਗਰੀਬ ਪਰਿਵਾਰ ਕੋਲੋਂ 18 ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਰੈਫ਼ਰ ਕਰ ਦਿੱਤਾ। ਇੱਥੇ ਮਰੀਜ਼ ਨੂੰ ਇਹ ਕਹਿਕੇ ਘਰ ਭੇਜ ਦਿੱਤਾ ਗਿਆ ਕਿ ਉਹ ਠੀਕ ਠਾਕ ਹੈ।
ਜਦੋਂ ਪੱਤਰਕਾਰਾਂ ਨੇ ਉਸਦੇ ਘਰ ਜਾ ਕੇ ਦੇਖਿਆ ਤਾਂ ਉਸਦੀ ਹਾਲਤ ਖਰਾਬ ਦਿਖਾਈ ਦਿੱਤੀ। ਉਸ ਦੇ ਮੂੰਹ ਵਾਲਾ ਜ਼ਖਮ ਰਿਸ ਰਿਹਾ ਸੀ। ਜ਼ਖ਼ਮੀ ਦੀ ਭੈਣ ਹਰਦੀਪ ਕੌਰ ਅਤੇ ਭਰਜਾਈ ਬਲਜਿੰਦਰ ਕੌਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸੋਨੀ ਦੀ ਹਾਲਤ ਖਰਾਬ ਹੈ। ਉਹ ਗਰੀਬ ਪਰਿਵਾਰ ਹੋਣ ਦੇ ਨਾਤੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹਨ। ਘਰ ਵਿੱਚ ਇਲਾਜ ਖੁਣੋਂ ਤੜਫ ਰਹੇ ਮਰੀਜ਼ ਦਾ ਇਲਾਜ ਕਰਵਾਉਣ ਦੀ ਪਿੰਡ ਦੇ ਨੌਜਵਾਨ ਮਨਪ੍ਰੀਤ ਸਿੰਘ ਗੋਲਡੀ ਦੇ ਪਰਿਵਾਰ ਨੇ ਜ਼ਿੰਮੇਵਾਰੀ ਲਈ ਹੈ ਜੋ ਸਾਰਾ ਖਰਚ ਕਰਨਗੇ, ਜਿਸਦਾ ਗ਼ਰੀਬ ਪਰਿਵਾਰ ਨੇ ਧੰਨਵਾਦ ਵੀ ਕੀਤਾ।