ਨਸ਼ਾ ਤਸਕਰਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਵਾਲਾ ਐੱਸਟੀਐੱਫ ਇੰਚਾਰਜ ਗ੍ਰਿਫ਼ਤਾਰ
ਗਗਨਦੀਪ ਅਰੋੜਾ
ਲੁਧਿਆਣਾ, 4 ਨਵੰਬਰ
ਨਸ਼ਾ ਤਸਕਰਾਂ ਨੂੰ ਇੱਕ ਦਿਨ ਲਈ ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਇੱਥੋਂ ਦੇ ਐੱਸਟੀਐੱਫ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੀਤ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਦੇ ਨਾਲ ਉਸ ਦਾ ਸਾਥ ਦੇਣ ਵਾਲੇ ਪ੍ਰਾਈਵੇਟ ਵਿਅਕਤੀ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਉਧਰ, ਸਬ-ਇੰਸਪੈਕਟਰ ਨੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ’ਤੇ ਤਸਕਰਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼ ਲਾਿੲਆ। ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ 17 ਸਤੰਬਰ ਨੂੰ ਸਬ-ਇੰਸਪੈਕਟਰ ਨੇ ਪਟਿਆਲਾ ਦੇ ਪਿੰਡ ਘੱਗਾ ਵਾਸੀ ਚਰਨਜੀਤ ਸਿੰਘ ਚੰਨੀ ਅਤੇ ਰਣਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੂੰ ਕਿਸੇ ਹੋਰ ਲੋਕੇਸ਼ਨ ਤੋਂ ਗ੍ਰਿਫ਼ਤਾਰ ਕਰਕੇ ਕਿਸੇ ਦੂਜੀ ਲੋਕੇਸ਼ਨ ਬਾਰੇ ਡੀਐੱਸਪੀ ਵਿਰਕ ਨੂੰ ਸੂਚਿਤ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਅਫੀਮ ਵੀ ਬਰਾਮਦ ਹੋਈ। ਇੱਕ ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਸਬ-ਇੰਸਪੈਕਟਰ ਨੇ ਅਗਲੇ ਦਿਨ ਦੋਵਾਂ ਖਿਲਾਫ਼ ਮੁਹਾਲੀ ਸਥਿਤ ਐੱਸਟੀਐੱਫ ਥਾਣੇ ਵਿੱਚ ਕੇਸ ਦਰਜ ਕੀਤਾ। ਵਿਰਕ ਨੇ ਜਦੋਂ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਮੁਲਜ਼ਮਾਂ ਨੇ ਦੱਸਿਆ ਕਿ ਉਹ ਇੱਕ ਦਿਨ ਤੋਂ ਨਾਜਾਇਜ਼ ਹਿਰਾਸਤ ਵਿੱਚ ਹਨ, ਜਦੋਂ ਡੀਐੱਸਪੀ ਵਿਰਕ ਨੇ ਸਬ ਇੰਸਪੈਕਟਰ ਗੁਰਮੀਤ ਸਿੰਘ ਨੂੰ ਪੁੱਛਿਆ ਤਾਂ ਉਹ ਕੋਈ ਜਵਾਬ ਨਾ ਦੇ ਸਕੇ। ਏਆਈਜੀ ਨੇ ਕਿਹਾ ਕਿ ਦੋਵੇਂ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਗੁਰਮੀਤ ਸਿੰਘ ਵੱਲੋਂ ਡੀਐੱਸਪੀ ਸਤਵਿੰਦਰ ਸਿੰਘ ਵਿਰਕ ’ਤੇ ਲਾਏ ਦੋਸ਼ਾਂ ਬਾਰੇ ਕਿਹਾ ਕਿ ਹੁਣ ਜਦੋਂ ਗੁਰਮੀਤ ਸਿੰਘ ਦੀ ਸੱਚਾਈ ਸਾਹਮਣੇ ਆ ਗਈ ਹੈ ਤਾਂ ਉਹ ਡੀਐੱਸਪੀ ’ਤੇ ਝੂਠੇ ਦੋਸ਼ ਲਗਾ ਰਿਹਾ ਹੈ।