ਵਿੱਕੀ ਕੌਸ਼ਲ ਵੱਲੋਂ ਐਮੀ ਵਿਰਕ ਨਾਲ ਜੈਪੁਰ ’ਚ ਫ਼ਿਲਮ ਦੀ ਪ੍ਰਮੋਸ਼ਨ
ਮੁੰਬਈ:
ਵਿੱਕੀ ਕੌਸ਼ਲ ਆਪਣੇ ਸਹਿ ਕਲਾਕਾਰ ਐਮੀ ਵਿਰਕ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਬੈਡ ਨਿਊਜ਼’ ਦੀ ਪ੍ਰਮੋਸ਼ਨ ਲਈ ਜੈਪੁਰ ਪਹੁੰਚਿਆ। ਇਸ ਸਬੰਧੀ ਵਿੱਕੀ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਸਮੂਹ ਦੇ ਨਾਲ-ਨਾਲ ਵਿੱਕੀ ਨੇ ਗੁਲਾਬੀ ਸ਼ਹਿਰ ਦੀ ਯਾਤਰਾ ਦੌਰਾਨ ਐਮੀ ਦੇ ਨਾਲ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਵਿੱਕੀ ਨੇ ਰਵਾਇਤੀ ਰਾਜਸਥਾਨੀ ਪੱਗ ਬੰਨ੍ਹੀ ਹੋਈ ਹੈ ਤੇ ਦੂਜੀ ਵੀਡੀਓ ’ਚ ਅਦਾਕਾਰ ਕੁਝ ਗ਼ੁਬਾਰੇ ਭੰਨ ਰਿਹਾ ਹੈ। ਇਸ ਵੀਡੀਓ ’ਚ ਵਿੱਕੀ ਕਹਿ ਰਿਹਾ ਹੈ,‘‘ ਜੇ ‘ਬੈਡ ਨਿਊਜ਼’ ਐਕਸ਼ਨ ਫਿਲਮ ਹੁੰਦੀ! ਤਾਂ ਉਸ ਨੇ ਗ਼ੁਬਾਰਾ ਭੰਨਿਆ ਤੇ ਕਿਹਾ ਕਿ ਇਸ ਫ਼ਿਲਮ ’ਚ ਕਾਮੇਡੀ ਬਹੁਤ ਜ਼ਰੂਰੀ ਸੀ।’’ ਅਗਲੀ ਵੀਡੀਓ ’ਚ ਵਿੱਕੀ ‘ਤੌਬਾ-ਤੌਬਾ’ ਗੀਤ ਦੇ ਹੁੱਕਸਟੈਪ ਆਪਣੇ ਪ੍ਰਸ਼ੰਸਕਾਂ ਨੂੰ ਸਿਖਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਗੀਤ ਨੂੰ ਯੂ-ਟਿਊਬ ’ਤੇ 4 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ। ਵਿੱਕੀ ਡਾਂਸਰਾਂ ਦੇ ਨਾਲ ‘ਕਾਲਬੇਲੀਆ’ (ਰਾਜਸਥਾਨ ਦਾ ਲੋਕ ਨਾਚ) ਕਰ ਰਿਹਾ ਹੈ ਜਦਕਿ ਐਮੀ ਵਿਰਕ ਵੀ ਖੁਸ਼ੀ ਦੇ ਰੌਂਅ ’ਚ ਹੈ। ਆਖਰੀ ਤਸਵੀਰ ਰਾਜਸਥਾਨ ਦੀ ਰਵਾਇਤੀ ਥਾਲੀ ਦੀ ਸੀ। ਇਸ ਤਸਵੀਰ ਦੀ ਕੈਪਸ਼ਨ ’ਚ ਵਿੱਕੀ ਨੇ ਲਿਖਿਆ, ‘‘ਜੈਪੁਰ ਵਿੱਚ ਇੱਕ ਦਿਨ #ਬੈਡ ਨਿਊਜ਼।’’ ਇਸ ਫ਼ਿਲਮ ’ਚ ਤ੍ਰਿਪਤੀ ਡਿਮਰੀ ਤੇ ਨੇਹਾ ਧੂਪੀਆ ਵੀ ਹਨ। ‘ਬੈਡ ਨਿਊਜ਼’ ਇੱਕ ਕਾਮੇਡੀ ਫ਼ਿਲਮ ਹੈ, ਜਿਸ ਦਾ ਨਿਰਦੇਸ਼ ਆਨੰਦ ਤਿਵਾੜੀ ਵੱਲੋਂ ਕੀਤਾ ਗਿਆ ਹੈ। -ਆਈਏਐੱਨਐੱਸ