ਉੱਤਮ ਸੰਗੀਤ ਦਾ ਉੱਤਮ ਸਿਰਜਕ
ਪਰਮਜੀਤ ਸਿੰਘ ਨਿੱਕੇ ਘੁੰਮਣ
ਬੌਲੀਵੁੱਡ ਵਿੱਚ ਅਦਾਕਾਰੀ ਜਾਂ ਨਿਰਦੇਸ਼ਨ ਦੇ ਬਲਬੂਤੇ ਚੋਖਾ ਨਾਮਣਾ ਖੱਟਣ ਵਾਲੇ ਪੰਜਾਬੀ ਕਲਾਕਾਰਾਂ ਦੀ ਕਤਾਰ ਤਾਂ ਕਾਫ਼ੀ ਲੰਮੀ ਹੈ ਪਰ ਸੁਰੀਲੇ ਸੰਗੀਤ ਕਰਕੇ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਫ਼ਨਕਾਰਾਂ ਦੀ ਗਿਣਤੀ ਬੇਹੱਦ ਥੋੜ੍ਹੀ ਹੈ। ਇਨ੍ਹਾਂ ਘੱਟ ਗਿਣਤੀ ਫ਼ਨਕਾਰਾਂ ਵਿੱਚ ਸਿਰਮੌਰ ਨਾਂ ਹੈ ਉੱਤਮ ਸਿੰਘ ਦਾ। ਸਰਲ ਸੁਭਾਅ ਤੇ ਸਾਦਾ ਤਬੀਅਤ ਵਾਲਾ ਇਹ ਸੰਗੀਤਕਾਰ ਪੰਜਾਬੀ ਦੀ ਕਹਾਵਤ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਦਾ ਮੁਦਈ ਹੈ। ਉਸ ਨੇ ਫੋਕੀ ਵਾਹ-ਵਾਹ ਖੱਟਣ ਲਈ ਬੇਤਹਾਸ਼ਾ ਫਿਲਮਾਂ ਨਹੀਂ ਕੀਤੀਆਂ ਸਗੋਂ ਜਿੰਨੀਆਂ ਵੀ ਫਿਲਮਾਂ ਲਈ ਸੰਗੀਤ ਦਿੱਤਾ, ਉਹ ਯਾਦਗਾਰੀ ਤੇ ਦਿਲ ਨੂੰ ਛੂਹ ਜਾਣ ਵਾਲਾ ਹੀ ਦਿੱਤਾ। ਯਸ਼ ਚੋਪੜਾ ਜਿਹੇ ਦਿੱਗਜ ਨਿਰਦੇਸ਼ਕ ਦੀ ਫਿਲਮ ‘ਦਿਲ ਤੋ ਪਾਗਲ ਹੈ’ ਦੇ ਸੁਪਰਹਿੱਟ ਰਹਿਣ ਦਾ ਵੱਡਾ ਕਾਰਨ ਇਸ ਫਿਲਮ ਦਾ ਦਿਲਕਸ਼ ਸੰਗੀਤ ਵੀ ਹੈ। ਕੁਝ ਇਹੋ ਹੀ ਵਜ੍ਹਾ ਡਾ. ਚੰਦਰ ਪ੍ਰਕਾਸ਼ ਦਿਵੇਦੀ ਦੀ ਫਿਲਮ ‘ਪਿੰਜਰ’ ਅਤੇ ਨਾਮਵਰ ਫਿਲਮਸਾਜ਼ ਅਨਿਲ ਸ਼ਰਮਾ ਦੀਆਂ ਫਿਲਮਾਂ ‘ਗ਼ਦਰ-ਏਕ ਪ੍ਰੇਮ ਕਥਾ’ ਅਤੇ ‘ਦਿ ਹੀਰੋ’ ਦੇ ਬਲਾਕਬਸਟਰ ਰਹਿਣ ਪਿੱਛੇ ਵੀ ਹੈ।
ਸੁਭਾਅ ਦੇ ਅਤਿ ਸਿਰੜੀ ਅਤੇ ਮਿਹਨਤੀ ਉੱਤਮ ਸਿੰਘ ਦਾ ਫਿਲਮੀ ਸਫ਼ਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ। ਉਸ ਦਾ ਜਨਮ 25 ਮਈ, 1948 ਨੂੰ ਹੋਇਆ ਸੀ ਤੇ ਉਸ ਦੇ ਪਿਤਾ ਵਧੀਆ ਸਿਤਾਰਵਾਦਕ ਸਨ। ਜਿਸ ਕਰਕੇ ਸੰਗੀਤ ਦੀ ਛੋਹ ਤੋਂ ਉੱਤਮ ਵੀ ਅਛੂਤਾ ਨਾ ਰਹਿ ਸਕਿਆ। ਉਸ ਨੇ ਵੀ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਵਾਇਲਨ ਵਜਾਉਣੀ ਸ਼ੁਰੂ ਕਰ ਦਿੱਤੀ ਤੇ ਛੇਤੀ ਹੀ ਉਸ ਦੇ ਵਾਇਲਨ ਦੇ ਦੀਵਾਨਿਆਂ ਦੀ ਗਿਣਤੀ ਵਧਣ ਲੱਗ ਪਈ। ਉਹ ਕੇਵਲ 12 ਸਾਲ ਦਾ ਸੀ ਜਦੋਂ ਉਸ ਦਾ ਪਰਿਵਾਰ ਮੁੰਬਈ ਆ ਗਿਆ। ਇੱਥੇ ਆ ਕੇ ਉਸ ਨੇ ਤਬਲਾਵਾਦਨ ਅਤੇ ਵੈਸਟਰਨ ਵਾਇਲਨਵਾਦਨ ਦੀ ਤਾਲੀਮ ਵੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਰਬਾਣੀ ਕੀਰਤਨ ਵਿੱਚ ਭਾਗ ਲੈਣ ਲੱਗ ਪਿਆ।
ਵਾਇਲਨਵਾਦਨ ਕਰਦਿਆਂ ਇੱਕ ਵਾਰ ਉਸ ਦੀ ਮੁਲਾਕਾਤ ਮੁਹੰਮਦ ਸ਼ਫ਼ੀ ਨਾਲ ਹੋਈ ਜੋ ਕਿ ਉਸਤਾਦ ਸੰਗੀਤਕਾਰ ਨੌਸ਼ਾਦ ਦਾ ਸਹਾਇਕ ਸੀ। ਉੱਤਮ ਉਸ ਵੇਲੇ ਕੇਵਲ ਪੰਦਰਾਂ ਵਰ੍ਹਿਆਂ ਦਾ ਸੀ ਜਦੋਂ ਉਸ ਨੇ ਮੁਹੰਮਦ ਸ਼ਫ਼ੀ ਨਾਲ ਇੱਕ ਦਸਤਾਵੇਜ਼ੀ ਪ੍ਰਾਜੈਕਟ ਲਈ ਪਹਿਲੀ ਵਾਰ ਬਤੌਰ ਸਿਤਾਰਵਾਦਕ ਕੰਮ ਕੀਤਾ ਸੀ। ਬਸ ਫਿਰ ਕੀ ਸੀ ਉਸ ਦੇ ਖ਼ੁਸ਼ਬੂਦਾਰ ਸੰਗੀਤ ਦੀ ਮਹਿਕ ਭਲਾ ਕਿੱਥੇ ਲੁਕੀ ਰਹਿ ਸਕਦੀ ਸੀ। ਛੇਤੀ ਹੀ ਉਸ ਨੇ ਬੌਲੀਵੁੱਡ ਦੇ ਵੱਡੇ ਸੰਗੀਤਕਾਰਾਂ ਨੌਸ਼ਾਦ, ਮਦਨ ਮੋਹਨ, ਰੌਸ਼ਨ, ਸੀ.ਰਾਮਚੰਦਰ, ਐੱਸ.ਡੀ. ਬਰਮਨ ਅਤੇ ਆਰ.ਡੀ. ਬਰਮਨ ਲਈ ਬਤੌਰ ਸਿਤਾਰਵਾਦਕ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਇੱਕ ਦਿਨ ਉਸ ਦੀ ਮੁਲਾਕਾਤ ਜਗਦੀਸ਼ ਨਾਲ ਹੋ ਗਈ ਤੇ ਸੰਗੀਤ ਤਿਆਰ ਕਰਦਿਆਂ ਕਰਦਿਆਂ ਦੋਵਾਂ ਦੀ ਸੁਰ ਆਪਸ ਵਿੱਚ ਐਸੀ ਰਲੀ ਕਿ ਦੋਵਾਂ ਨੇ ‘ਉੱਤਮ-ਜਗਦੀਸ਼’ ਦੇ ਨਾਂ ਹੇਠ ਜੋੜੀ ਬਣਾ ਲਈ। ਉਨ੍ਹਾਂ ਨੇ ਹਿੰਦੀ ਸਮੇਤ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਲਈ ਸੰਗੀਤ ਤਿਆਰ ਕਰਨ ਦੇ ਨਾਲ-ਨਾਲ ਬਤੌਰ ਮਿਊਜ਼ਿਕ ਅਰੇਂਜਰ ਵੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਜੋੜੀ ਨੇ 65 ਦੇ ਲਗਪਗ ਫਿਲਮਾਂ ਇਕੱਠਿਆਂ ਕੀਤੀਆਂ ਤੇ ਸੰਗੀਤ ਦੇ ਉਪਰੋਕਤ ਦੋਵਾਂ ਖਿੱਤਿਆਂ ਵਿੱਚ ਭਰਪੂਰ ਸ਼ਲਾਘਾ ਖੱਟੀ। ਇਸ ਜੋੜੀ ਦੀਆਂ ਚਰਚਿਤ ਫਿਲਮਾਂ ਵਿੱਚ ‘ਚੰਨ ਪ੍ਰਦੇਸੀ’, ‘ਪੇਂਟਰ ਬਾਬੂ’, ‘ਵਾਰਿਸ’, ‘ਕਲਰਕ’, ‘ਤੀਸਰਾ ਕਿਨਾਰਾ’ ਅਤੇ ‘ਕਬਰਸਤਾਨ’ ਆਦਿ ਦੇ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। 1992 ਵਿੱਚ ਜਗਦੀਸ਼ ਦਾ ਦੇਹਾਂਤ ਹੋ ਗਿਆ ਤੇ ਉੱਤਮ-ਜਗਦੀਸ਼ ਦੀ ਜੋੜੀ ਸਦਾ ਲਈ ਟੁੱਟ ਗਈ।
ਜਗਦੀਸ਼ ਦੇ ਦੇਹਾਂਤ ਤੋਂ ਬਾਅਦ ਉੱਤਮ ਨੇ ਹੌਸਲਾ ਨਹੀਂ ਹਾਰਿਆ ਤੇ ਇਕੱਲਾ ਹੀ ਪਿੜ ਵਿੱਚ ਨਿੱਤਰ ਪਿਆ। ਸੰਗੀਤ ਦੀਆਂ ਬਾਰੀਕੀਆਂ ਦੀ ਡੂੰਘੀ ਸਮਝ ਰੱਖਣ ਵਾਲੇ ਉੱਤਮ ਸਿੰਘ ਨੇ ਆਪਣੇ ਸੰਗੀਤ ਸਦਕਾ ਵੱਡੇ-ਵੱਡੇ ਫਿਲਮਸਾਜ਼ਾਂ ਨੂੰ ਕਾਇਲ ਕਰ ਲਿਆ। ਨਤੀਜਾ ਇਹ ਨਿਕਲਿਆ ਕਿ ‘ਦਿਲ ਤੋ ਪਾਗਲ ਹੈ’, ‘ਦੁਸ਼ਮਨ’, ‘ਹਮ ਤੁਮ ਪੇ ਮਰਤੇ ਹੈਂ’, ‘ਗ਼ਦਰ’, ‘ਫ਼ਰਜ਼’, ‘ਦੰਡ ਭੂਮੀ’, ‘ਪਿਆਰ ਦੀਵਾਨਾ ਹੋਤਾ ਹੈ’, ‘ਬਾਗ਼ਬਾਨ’, ‘ਤਾਜ ਮਹਿਲ’, ‘ਹੋ ਜਾਤਾ ਹੈ ਪਿਆਰ’,‘ਕੱਚੀ ਸੜਕ’,‘ਰੱਜੋ’ ਅਤੇ ‘ਆਨਰ ਕਿਲਿੰਗ’ ਜਿਹੀਆਂ ਹਿੰਦੀ ਫਿਲਮਾਂ ਦੇ ਨਾਲ-ਨਾਲ ‘ਚੰਨ ਪ੍ਰਦੇਸੀ’, ‘ਧੀ ਪੰਜਾਬ ਦੀ’, ‘ਨਾਨਕ ਸ਼ਾਹ ਫ਼ਕੀਰ’ ਅਤੇ ‘ਸੱਜਣ ਸਿੰਘ ਰੰਗਰੂਟ’ ਆਦਿ ਜਿਹੀਆਂ ਪੰਜਾਬੀ ਫਿਲਮਾਂ ਕਰਕੇ ਉਸ ਨੇ ਸੁਰੀਲੇ ਸੰਗੀਤ ਦੇ ਪਾਰਖੂਆਂ ਦੇ ਦਿਲ ਜਿੱਤ ਲਏ। ਭਾਰਤੀ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਆਧੁਨਿਕ ਅਤੇ ਪੱਛਮੀ ਸੰਗੀਤ ਦੀ ਪੂਰੀ ਸਮਝ ਰੱਖਣ ਵਾਲੇ ਉੱਤਮ ਸਿੰਘ ਨੇ ਫਿਲਮ ‘ਦਿਲ ਤੋ ਪਾਗਲ ਹੈ’ ਦੇ ਸੰਗੀਤ ਲਈ ਸਰਬੋਤਮ ਸੰਗੀਤਕਾਰ ਦਾ ਫਿਲਮਫੇਅਰ ਪੁਰਸਕਾਰ ਅਤੇ ਜ਼ੀ ਸਿਨੇ ਐਵਾਰਡ ਆਪਣੇ ਨਾਂ ਕਰ ਲਿਆ ਸੀ। ਸ਼ੁਹਰਤ ਦੀ ਟੀਸੀ ’ਤੇ ਪੁੱਜ ਕੇ ਵੀ ਨਿਮਰਤਾ ਤੇ ਸਾਦਗੀ ਨਾਲ ਲਬਾਲਬ ਇਹ ਸ਼ਖ਼ਸ ਇਹ ਕਦੇ ਨਹੀਂ ਭੁੱਲਦਾ ਕਿ ਇਸ ਬੁਲੰਦੀ ’ਤੇ ਪੁੱਜਣ ਲਈ ਉਸ ਨੇ ਬਤੌਰ ਸਹਾਇਕ ਸੰਗੀਤ ਨਿਰਦੇਸ਼ਕ ਕਿੰਨਾ ਸੰਘਰਸ਼ ਕੀਤਾ। ਉਸ ਨੂੰ ਫ਼ਖ਼ਰ ਹੈ ਕਿ ਦੱਖਣ ਭਾਰਤੀ ਫਿਲਮਾਂ ਦੇ ਸਿਰਕੱਢ ਸੰਗੀਤ ਨਿਰਦੇਸ਼ਕ ਇਲੀਆਰਾਜਾ ਨਾਲ ਬਤੌਰ ਮਿਊਜ਼ਿਕ ਅਰੇਂਜਰ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਤੋਂ ਇਲਾਵਾ ਬੌਲੀਵੁੱਡ ਦੀਆਂ ਸੁਪਰ-ਡੁਪਰ ਹਿੱਟ ਫਿਲਮਾਂ ‘ਮੈਨੇ ਪਿਆਰ ਕੀਆ’ ਅਤੇ ‘ਹਮ ਆਪ ਕੇ ਹੈਂ ਕੌਨ’ ਲਈ ਮਿਊਜ਼ਿਕ ਅਰੇਂਜਰ ਦੀ ਸੇਵਾ ਵੀ ਉੱਤਮ ਸਿੰਘ ਨੇ ਹੀ ਨਿਭਾਈ ਸੀ।
76 ਵਰ੍ਹਿਆਂ ਦੀ ਉਮਰ ਵਿੱਚ ਮੁੰਬਈ ਵਿਖੇ ਰਹਿ ਰਿਹਾ ਉੱਤਮ ਸਿੰਘ ਅੱਜ ਵੀ ਫਿਲਮ ਸੰਗੀਤ ਵਿੱਚ ਸਰਗਰਮ ਹੈ। ਉਸ ਦੀ ਧੀ ਪ੍ਰੀਤੀ ਉੱਤਮ ਵੀ ਉੱਘੀ ਗਾਇਕਾ ਹੈ ਤੇ ਬੌਲੀਵੁੱਡ ਦੀਆਂ ਕਈ ਫਿਲਮਾਂ ਲਈ ਪਲੇਬੈਕ ਕਰ ਚੁੱਕੀ ਹੈ। ਪ੍ਰੀਤੀ ਇੱਕ ਸੁਰੀਲੀ ਗਾਇਕਾ ਹੋਵੇ ਵੀ ਕਿਉਂ ਨਾ ਕਿਉਂਕਿ ਉਸ ਦੀਆਂ ਰਗਾਂ ’ਚ ਜਿਸ ਸ਼ਖ਼ਸ ਦਾ ਖ਼ੂਨ ਦੌੜ ਰਿਹਾ ਹੈ ਉਹ ਹੈ ਭਾਰਤੀ ਫਿਲਮ ਸੰਗੀਤ ਦਾ ਅਤਿ ਉੱਤਮ ਤੇ ਅਤਿ ਸੁਰੀਲਾ ਸੰਗੀਤਕਾਰ ਸਰਦਾਰ ਉੱਤਮ ਸਿੰਘ।
ਸੰਪਰਕ: 97816-46008