ਵਿਸ਼ਵ ਹਿੰਦੂ ਪਰਿਸ਼ਦ ਆਗੂ ਕਤਲ ਕੇਸ: ਐੱਨਆਈਏ ਵੱਲੋਂ ਪੰਜਾਬ ਵਿਚ ਛਾਪੇਮਾਰੀ
ਨਵੀਂ ਦਿੱਲੀ, 30 ਅਗਸਤ
ਵਿਸ਼ਵ ਹਿੰਦੂ ਪਰਿਸ਼ਦ ਆਗੂ ਦੇ ਕਤਲ ਦੀ ਜਾਂਚ ਸਬੰਧੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੀ 13 ਅਪਰੈਲ ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਵਿੱਚ ਉਸ ਦੀ ਮਿਠਾਈ ਦੀ ਦੁਕਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦਾ ਨੰਗਲ ਪ੍ਰਧਾਨ ਸੀ।
ਕੌਮੀ ਜਾਂਚ ਏਜੰਸੀ ਨੇ 9 ਮਈ ਨੂੰ ਸੂਬਾ ਪੁਲੀਸ ਤੋਂ ਕੇਸ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਵਿਕਾਸ ਪ੍ਰਭਾਕਰ ਦੇ ਕਤਲ ਕੇਸ ਵਿੱਚ ਤਲਾਸ਼ੀ ਲਈ ਜਾ ਰਹੀ ਹੈ, ਜਿਸ ਸਬੰਧੀ ਹੋਰ ਵੇਰਵੇ ਤੁਰੰਤ ਦੇਣੇ ਸੰਭਵ ਨਹੀਂ ਹਨ। ਇਸ ਹਾਈ-ਪ੍ਰੋਫਾਈਲ ਕਤਲ ਵਿਚ ਵਰਤੇ ਗਏ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ ਬਾਰੂਦ ਦੀ ਸਪਲਾਈ ਕਰਨ ਵਾਲੇ ਧਰਮਿੰਦਰ ਕੁਮਾਰ ਉਰਫ਼ ਕੁਨਾਲ (22) ਨੂੰ ਹਾਲ ਹੀ ਵਿਚ ਐਨਆਈਏ ਨੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨਾਲ ਤਾਲਮੇਲ ਕਰਕੇ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ।
ਐਨਆਈਏ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨੇ ਗ਼ੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ ਅਤੇ ਵਿਦੇਸ਼ੀ ਅਧਾਰਿਤ ਖਾਲਿਸਤਾਨੀ ਅਤਿਵਾਦੀ ਹਰਵਿੰਦਰ ਕੁਮਾਰ ਉਰਫ਼ ਸੋਨੂੰ ਦੇ ਨਿਰਦੇਸ਼ਾਂ 'ਤੇ ਸ਼ੂਟਰਾਂ ਨੂੰ ਸਪਲਾਈ ਕੀਤਾ ਸੀ। -ਪੀਟੀਆਈ
#National_investigation_agency #NIA #VHP #vihsav_hindu_Parishad #Vikas_Bagga_Case