ਸਾਬਕਾ ਫ਼ੌਜੀਆਂ ਦੀ ਮੈਰਾਥਨ ਦਾ ਸੁਆਗਤ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 10 ਨਵੰਬਰ
ਮਿਲਟਰੀ ਸਕੂਲ ਚੈਲ੍ਹ ਦੇ ਸ਼ਤਾਬਦੀ ਸਮਾਗਮਾਂ ਹਿੱਤ ਸਾਬਕਾ ਫ਼ੌਜੀਆਂ ਦੀ ਮੈਰਾਥਨ ਦਾ ਬ੍ਰਿਗੇਡੀਅਰ ਫਾਰਮ ਸੁੱਧਾ ਮਾਜਰਾ ਪੁੱਜਣ ’ਤੇ ਬ੍ਰਿਗੇਡੀਅਰ ਰਾਜ ਕੁਮਾਰ ਦੀ ਅਗਵਾਈ ਵਿੱਚ ਭਰਵਾਂ ਸੁਆਗਤ ਕੀਤਾ ਗਿਆ। ਮੈਰਾਥਨ ਦੀ ਅਗਵਾਈ ਕਰ ਰਹੇ ਲੈਫਟੀਨੈਂਟ ਜਨਰਲ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਮੈਰਾਥਨ ਜਲੰਧਰ ਦੇ ਵਜਰਾ ਕੋਰ ਤੋਂ ਆਰੰਭ ਹੋ ਕੇ ਚੈਲ੍ਹ ਤੱਕ ਜਾਵੇਗੀ, ਜਿਸ ਦਾ ਪਹਿਲਾ ਪੜਾਅ ਬ੍ਰਿਗੇਡੀਅਰ ਰਾਜ ਕੁਮਾਰ ਦੇ ਸੁੱਧਾ ਮਾਜਰਾ (ਬਲਾਚੌਰ) ਸਥਿਤ ਫਾਰਮ ਹਾਊਸ ਵਿੱਚ ਕੀਤਾ ਗਿਆ ਹੈ। ਬ੍ਰਿਗੇਡੀਅਰ ਰਾਜ ਕੁਮਾਰ ਅਤੇ ਬਲਾਚੌਰ ਇਲਾਕੇ ਦੇ ਪਤਵੰਤਿਆਂ ਵੱਲੋਂ ਮੈਰਾਥਨ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਜਵਾਨਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਬ੍ਰਿਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਸੰਨ 1925 ਵਿੱਚ ਮਿਲਟਰੀ ਸਕੂਲ ਚੈਲ੍ਹ ਦੀ ਸਥਾਪਨਾ ਕੀਤੀ ਗਈ ਸੀ, ਜਿੱਥੋਂ ਦੇ ਵਿਦਿਆਰਥੀ ਉੱਚ ਕੋਟੀ ਦੀ ਤਾਲੀਮ ਹਾਸਲ ਕਰ ਕੇ ਉੱਚ ਅਹੁਦਿਆਂ ’ਤੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਮੈਰਾਥਨ ਕਾਫਲੇ ਨੂੰ ਫਲੈਗ ਇਨ ਕਰ ਕੇ ਅਗਾਂਹ ਲਈ ਰਵਾਨਾ ਕੀਤਾ ਗਿਆ।