For the best experience, open
https://m.punjabitribuneonline.com
on your mobile browser.
Advertisement

ਹਸਪਤਾਲਾਂ ’ਚ ਛੇਤੀ ਹੋਵੇਗੀ 400 ਡਾਕਟਰਾਂ ਦੀ ਤਾਇਨਾਤੀ: ਬਲਬੀਰ ਸਿੰਘ

10:34 AM Nov 24, 2024 IST
ਹਸਪਤਾਲਾਂ ’ਚ ਛੇਤੀ ਹੋਵੇਗੀ 400 ਡਾਕਟਰਾਂ ਦੀ ਤਾਇਨਾਤੀ  ਬਲਬੀਰ ਸਿੰਘ
ਕਪੂਰਥਲਾ ਦੇ ਸਿਵਲ ਹਸਪਤਾਲ ’ਚ ਮਰੀਜ਼ਾਂ ਦਾ ਹਾਲ ਪੁੱਛਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ।
Advertisement

ਜਸਬੀਰ ਸਿੰਘ ਚਾਨਾ
ਕਪੂਰਥਲਾ, 23 ਨਵੰਬਰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 400 ਡਾਕਟਰਾਂ ਦੀ ਭਰਤੀ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ ਜੋ ਦਸੰਬਰ ਮਹੀਨੇ ਦੇ ਵਿੱਚ-ਵਿੱਚ ਸਿਵਲ ਤੇ ਸਬ ਡਿਵੀਜ਼ਨ ਦੇ ਹਸਪਤਾਲਾਂ ਅੰਦਰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ।
ਅੱਜ ਇੱਥੇ ਸਿਵਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਤੇ ਸਬ ਡਵੀਜ਼ਨ ਦੇ ਹਸਪਤਾਲਾਂ ਦੀ ਕਾਇਆ ਕਲਪ ਲਈ ਪੰਜਾਬ ਸਰਕਾਰ ਨੇ ਵਿਆਪਕ ਯੋਜਨਾਬੰਦੀ ਕੀਤੀ ਹੈ ਜਿਸ ਤਹਿਤ ਡਾਕਟਰਾਂ, ਨਰਸਿੰਗ ਸਟਾਫ ਦੀ ਭਰਤੀ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ’ਚ ਵਾਧਾ ਤੇ ਹਸਪਤਾਲਾਂ ਦੀ ਇਮਾਰਤਾਂ ਦਾ ਨਵੀਨੀਕਰਨ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ, ਮੁਹਾਲੀ, ਜਲੰਧਰ, ਲੁਧਿਆਣਾ ਸਿਵਲ ਹਸਪਤਾਲਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ ਜਦਕਿ ਹੁਸ਼ਿਆਰਪੁਰ ਤੇ ਕਪੂਰਥਲਾ ਦਾ ਕੰਮ ਜਲਦ ਸ਼ੁਰੂ ਹੋਵੇਗਾ। ਸਿਹਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਐਮਰਜੈਂਸੀ ਸੇਵਾਵਾਂ ਨੂੰ ਹੋਰ ਅਸਰਦਾਰ ਢੰਗ ਨਾਲ ਪ੍ਰਦਾਨ ਕਰਨ ਲਈ ਹਸਪਤਾਲਾਂ ਅੰਦਰ ‘ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ’ ਸਥਾਪਿਤ ਕੀਤੇ ਜਾ ਰਹੇ ਹਨ ਜਿਸ ਤਹਿਤ ਡਾਕਟਰਾਂ ਤੇ ਸਹਾਇਕ ਅਮਲੇ ਦੀ ਇਕ ਸਮਰਪਿਤ ਟੀਮ ਐਂਮਰਜੈਂਸੀ ਵਿੱਚ ਆਏ ਮਰੀਜ਼ ਦਾ ਇਲਾਜ ਕਰੇਗੀ। ਸਿਹਤ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਟੀਮਾਂ ਵਲੋਂ ਇਲਾਜ ਕਰਵਾਉਣ ਆਏ ਲੋਕਾਂ ਕੋਲੋਂ ਹਸਪਤਾਲ ਵਿਚ ਮਿਲੀਆਂ ਸਹੂਲਤਾਂ ਜਾਂ ਦਿੱਕਤਾਂ ਬਾਰੇ ਜਾਣਕਾਰੀ ਲਈ ਜਾਵੇਗੀ।
ਹਸਪਤਾਲਾਂ ਦੀ ਸਾਂਭ ਸੰਭਾਲ ਆਦਿ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧੀ ‘ਪੇਸ਼ੇਵਰ ਫੈਸਿਲਟੀ ਮੈਨੇਜਰ’ ਤਾਇਨਾਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਉੁਨ੍ਹਾਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਲੋਕ ਭਲਾਈ ਵਾਲੀ ਰਾਜਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ‘ ਪੰਜਾਬ ਸਰਕਾਰ ਹੋਰ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਯਤਨਸ਼ੀਲ ਹੋਵੇਗੀ’। ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਵਿੱਚ ਨਸ਼ਾ ਛੁਡਾਊ ਕੇਂਦਰ, ਆਈ.ਸੀ.ਯੂ., ਐਮਰਜੈਂਸੀ ਵਾਰਡ ਦਾ ਦੌਰਾ ਕਰ ਕੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਸਿਵਲ ਹਸਪਤਾਲ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ।
ਸਿਵਲ ਹਸਪਤਾਲ ਵਿੱਚ ਸੁਰੱਖਿਆ ਵਿਵਸਥਾ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਮੰਤਰੀ ਵੱਲੋਂ ਐੱਸ.ਐੱਸ.ਪੀ. ਕਪੂਰਥਲਾ ਨੂੰ ਸਿਵਲ ਹਸਪਤਾਲ ਵਿੱਚ ਗਸ਼ਤ ਵਧਾਉਣ ਦੇ ਨਾਲ-ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸੀ.ਸੀ.ਟੀ.ਵੀ. ਕੈਮਰੇ ਲਾਉਣ ਲਈ ਵੀ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਵਨੀਤ ਕੌਰ ਬੱਲ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਸਿਵਲ ਸਰਜਨ ਡਾ. ਰਿਚਾ ਭਾਟੀਆ, ਆਮ ਆਦਮੀ ਪਾਰਟੀ ਦੇ ਸੁਲਤਾਨਪੁਰ ਲੋਧੀ ਤੋਂ ਆਗੂ ਸੱਜਣ ਸਿੰਘ ਚੀਮਾ, ਗੁਰਪਾਲ ਸਿੰਘ ਇੰਡੀਅਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ, ਭੁਲੱਥ ਤੋਂ ‘ਆਪ’ ਆਗੂ ਰਣਜੀਤ ਸਿੰਘ ਰਾਣਾ ਤੇ ਪਰਵਿੰਦਰ ਸਿੰਘ ਢੋਟ ਆਦਿ ਸ਼ਾਮਿਲ ਸਨ।

Advertisement

ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਤਰਨ ਤਾਰਨ (ਗੁਰਬਖਸ਼ਪੁਰੀ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਡੇਂਗੂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਤਰਨ ਤਾਰਨ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨਾਲ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਐੱਸਡੀਐੱਮ ਅਰਵਿੰਦਰ ਪਾਲ ਸਿੰਘ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ’ਚ ਕੋਈ ਕਸਰ ਬਾਕੀ ਨਾ ਰਹਿਣ ਦੇਣ ’ਤੇ ਜ਼ੋਰ ਦਿੱਤਾ| ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰ ਕੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ।

Advertisement

Advertisement
Author Image

Advertisement