ਜਲੰਧਰ ਬੱਸ ਸਟੈਂਡ ਨੇੜੇ ਢਾਬੇ ’ਤੇ ਭੰਨ-ਤੋੜ
ਪੱਤਰ ਪ੍ਰੇਰਕ
ਜਲੰਧਰ, 28 ਅਕਤੂਬਰ
ਇੱਥੋਂ ਦੇ ਮੁੱਖ ਬੱਸ ਸਟੈਂਡ ਨੇੜੇ ਢਾਬੇ ’ਤੇ ਦਰਜਨ ਦੇ ਕਰੀਬ ਹਮਲਾਵਰਾਂ ਨੇ ਇੱਟਾਂ, ਪੱਥਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਢਾਬੇ ਦੇ ਬਾਹਰ ਭੰਨ-ਤੋੜ ਕੀਤੀ। ਘਟਨਾ ਸਮੇਂ ਢਾਬਾ ਮਾਲਕ ਮੌਕੇ ’ਤੇ ਨਹੀਂ ਸੀ। ਇਸ ਦੇ ਨਾਲ ਹੀ ਹਮਲਾਵਰਾਂ ਨੇ ਢਾਬਾ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ। ਘਟਨਾ ਦੀ ਸ਼ਿਕਾਇਤ ਦੇਰ ਰਾਤ ਬੱਸ ਸਟੈਂਡ ਚੌਂਕੀ ਦੀ ਪੁਲੀਸ ਨੂੰ ਦਿੱਤੀ ਗਈ। ਉੱਥੇ ਲੱਗੇ ਸੀਸੀਟੀਵੀ ਵਿੱਚ ਹਮਲਾਵਰਾਂ ਦੀਆਂ ਤਸਵੀਰਾਂ ਵੀ ਕੈਦ ਹੋ ਗਈਆਂ।
ਜਾਣਕਾਰੀ ਮੁਤਾਬਕ ਢਾਬਾ ਮਾਲਕ ਵੱਲੋਂ ਪੁਲੀਸ ਨੂੰ ਸੌਂਪੇ ਗਈ ਸੀਸੀਟੀਵੀ ਫੁਟੇਜ ਵਿੱਚ ਦਰਜਨ ਦੇ ਕਰੀਬ ਹਮਲਾਵਰ ਇੱਕ ਦੁਕਾਨ ਦੇ ਬਾਹਰ ਭੰਨ-ਤੋੜ ਕਰ ਰਹੇ ਹਨ। ਮੁਲਜ਼ਮਾਂ ਨੇ ਦੁਕਾਨ ਦੇ ਬਾਹਰ ਪਿਆ ਸਾਰਾ ਸਾਮਾਨ ਸੜਕ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੁਕਾਨ ’ਤੇ ਕੰਮ ਕਰਦੇ ਇੱਕ ਪਰਵਾਸੀ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਰਵਾਸੀ ਨੌਜਵਾਨ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਫੋਨ ਵੀ ਆਪਣੇ ਨਾਲ ਲੈ ਗਏ।
ਪੁਲੀਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀਸੀਟੀਵੀ ਦੇ ਆਧਾਰ ’ਤੇ ਪੁਲੀਸ ਨੇ ਕੁਝ ਮੁਲਜ਼ਮਾਂ ਦੀ ਪਛਾਣ ਵੀ ਕੀਤੀ ਹੈ ਜਨਿ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁੱਟ-ਖੋਹ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਕਾਬੂ
ਜਲੰਧਰ (ਪੱਤਰ ਪ੍ਰੇਰਕ) :ਥਾਣਾ ਨਕੋਦਰ ਸਦਰ ਦੇ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨੇ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਬਜੂਹਾ ਖੁਰਦ ਵਿੱਚ ਰਮੇਸ਼ ਸਿੰਘ ਹਾਲ ਵਾਸੀ ਪਿੰਡ ਬਜੂਹਾ ਖੁਰਦ ਪਾਸੋਂ ਦਾਤਰ ਦੀ ਨੋਕ ’ਤੇ 2,000 ਰੁਪਏ ਨਕਦੀ ਖੋਹਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਥਾਣਾ ਸਦਰ ਨਕੋਦਰ ’ਚ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਲਖਵਿੰਦਰ ਸਿੰਘ ਉਰਫ ਮਨੀ ਵਾਸੀ ਪਿੰਡ ਚੰਨਣਪੁਰ ਅਤੇ ਰੋਹਿਤ ਕੁਮਾਰ ਉਰਫ ਸਨੀ ਵਾਸੀ ਪਿੰਡ ਭੋਡੇ ਸਪਰਾਏ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਖੋਹ ਕੀਤੇ 2,000 ਰੁਪਏ ਅਤੇ ਵਾਰਦਾਤ ਦੌਰਾਨ ਵਰਤਿਆ ਦਾਤਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੋਲੀਆਂ ਚਲਾਉਣ ਦੇ ਦੋਸ਼ ਹੇਠ ਕੇਸ ਦਰਜ
ਤਰਨ ਤਾਰਨ (ਪੱਤਰ ਪ੍ਰੇਰਕ): ਪਿੰਡ ਕੋਟ ਧਰਮ ਚੰਦ ਕਲਾਂ ਵਿੱਚ ਪੰਜ ਦਿਨ ਪਹਿਲਾਂ ਗੋਲੀਆਂ ਚਲਾਉਣ ਦੇ ਦੋਸ਼ ਹੇਠ ਥਾਣਾ ਝਬਾਲ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਪਿੰਡ ਵਾਸੀ ਗੁਰਸੇਵਕ ਸਿੰਘ ਅਤੇ ਬਲਰਾਜ ਸਿੰਘ ਦੀ ਸ਼ਨਾਖਤ ਕਰ ਲਈ ਗਈ ਹੈ ਜਦੋਂਕਿ ਦੋ ਅਣਪਛਾਤੇ ਵਿਅਕਤੀਆਂ ਦੀ ਸ਼ਨਾਖਤ ਬਾਕੀ ਹੈ। ਪੁਲੀਸ ਨੇ ਦੱਸਿਆ ਕਿ ਇਹ ਕੇਸ ਪਿੰਡ ਕੋਟ ਧਰਮ ਚੰਦ ਕਲਾਂ ਵਾਸੀ ਸਤਵੰਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ ਜੋ ਆਪਣੇ ਫੋਰਮੈਨ ਸੁਖਵਿੰਦਰ ਸਿੰਘ ਨਾਲ ਕੰਬਾਈਨ ’ਤੇ ਪਿੰਡ ਦੇ ਕਿਸਾਨ ਜਾਗੀਰ ਸਿੰਘ ਦੇ ਝੋਨੇ ਦੀ ਕਟਾਈ ਕਰ ਰਿਹਾ ਸੀ| ਮੌਕੇ ’ਤੇ ਗੁਰਸੇਵਕ ਸਿੰਘ ਅਤੇ ਬਲਰਾਜ ਸਿੰਘ ਦੋ ਹੋਰ ਅਣਪਛਾਤੇ ਵਿਅਕਤੀਆਂ ਨਾਲ ਆਏ ਅਤੇ ਸੁਖਵਿੰਦਰ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਤੋਂ ਤਕਰਾਰ ਸ਼ੁਰੂ ਕਰ ਦਿੱਤੀ। ਪੁਲੀਸ ਮੁਤਾਬਕ ਇਸੇ ਗੱਲ ਤੋਂ ਅਣਪਛਾਤੇ ਵਿਅਕਤੀਆਂ ਨੇ ਹਵਾਈ ਫਾਇਰ ਕਰ ਦਿੱਤੇ ਜਿਸ ਦੌਰਾਨ ਸੁਖਵਿੰਦਰ ਸਿੰਘ ਅਤੇ ਸਤਵੰਤ ਸਿੰਘ ਨੇ ਦੌੜ ਕੇ ਆਪਣੀ ਜਾਨ ਬਚਾਈ|