ਵੈਨ ਡੀ ਪੋਲ ਦੀ ਕੋਚਿੰਗ ਨਾਲ ਟੀਮ ਦੀ ਤਕਨੀਕ ’ਚ ਹੋਵੇਗਾ ਸੁਧਾਰ: ਸ੍ਰੀਜੇਸ਼
ਬੰਗਲੂਰੂ, 18 ਜੁਲਾਈ
ਤਜਰਬੇਕਾਰ ਭਾਰਤੀ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਦਾ ਮੰਨਣਾ ਹੈ ਕਿ ਇਸ ਮਹੀਨੇ ਸਪੇਨ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਅਤੇ ਤਿੰਨ ਅਗਸਤ ਤੋਂ ਚੇਨੱਈ ਵਿੱਚ ਸ਼ੁਰੂ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਨੈਦਰਲੈਂਡਜ਼ ਦੇ ਡੈਨਿਸ ਵੈਨ ਡੀ ਪੋਲ ਨਾਲ ਗੋਲਕੀਪਿੰਗ ਲਈ ਵਿਸ਼ੇਸ਼ ਕੋਚਿੰਗ ਕੈਂਪ ਲਾਉਣ ਨਾਲ ਟੀਮ ਨੂੰ ਯਕੀਨੀ ਤੌਰ ’ਤੇ ਫਾਇਦਾ ਹੋਵੇਗਾ। ਇਸ ਨਾਲ ਟੀਮ ਦੀ ਤਕਨੀਕ ਵਿੱਚ ਸੁਧਾਰ ਹੋਵੇਗਾ। ਇਹ ਗੋਲਕੀਪਿੰਗ ਕੋਚ ਬੰਗਲੂਰੂ ਵਿੱਚ ਭਾਰਤੀ ਟੀਮ ਦੇ ਗੋਲਕੀਪਰਾਂ ਲਈ ਦੋ ਵਿਸ਼ੇਸ਼ ਕੈਂਪਾਂ ਵਿੱਚ ਸ਼ਾਮਲ ਹੋਵੇਗਾ। ਉਸ ਦੀ ਦੇਖ-ਰੇਖ ਹੇਠ ਪਹਿਲਾ ਕੈਂਪ ਇੱਥੇ ਜਾਰੀ ਹੈ ਜਦਕਿ ਦੂਜਾ ਕੈਂਪ 7 ਤੋਂ 14 ਸਤੰਬਰ ਤੱਕ ਹਾਂਗਜ਼ੂ ’ਚ ਏਸ਼ਿਆਈ ਖੇਡਾਂ ਤੋਂ ਪਹਿਲਾਂ ਲਾਇਆ ਜਾਵੇਗਾ। ਓਲੰਪਿਕ ’ਚ ਭਾਰਤ ਦੇ ਚਾਰ ਦਹਾਕਿਆਂ ਦੇ ਤਗਮੇ ਦੇ ਸੋਕੇ ਨੂੰ ਖਤਮ ਕਰਨ ’ਚ ਸ੍ਰੀਜੇਸ਼ ਦਾ ਅਹਿਮ ਯੋਗਦਾਨ ਸੀ। ਉਸ ਨੇ ਕਿਹਾ ਕਿ ਵੈਨ ਡੀ ਪੋਲ ਦੇ ਆਉਣ ਨਾਲ ਭਾਰਤ ਦੇ ਨੌਜਵਾਨ ਗੋਲਕੀਪਰਾਂ ਨੂੰ ਫਾਇਦਾ ਹੋਵੇਗਾ। ਉਸ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਡੈਨਿਸ ਵੈਨ ਡੀ ਪੋਲ ਇੱਕ ਸ਼ਾਨਦਾਰ ਕੋਚ ਹੈ। ਉਸ ਦੇ ਤਜਰਬੇ ਅਤੇ ਯੋਗਤਾ ਵਾਲੇ ਕਿਸੇ ਵੀ ਵਿਅਕਤੀ ਨਾਲ ਮਿਲ ਕੇ ਕੰਮ ਕਰਨਾ ਯਕੀਨੀ ਤੌਰ ’ਤੇ ਫਾਇਦੇਮੰਦ ਰਹਿੰਦਾ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਅਹਿਮ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਉਸ ਦੇ ਸਮੇਂ ਦਾ ਚੰਗਾ ਲਾਭ ਲਿਆ ਹੈ। ਇਸ ਨਾਲ ਖਾਸ ਤੌਰ ’ਤੇ ਨੌਜਵਾਨ ਗੋਲਕੀਪਰਾਂ ਨੂੰ ਫਾਇਦਾ ਹੋਵੇਗਾ।’’ -ਪੀਟੀਆਈ