ਖੇਡਾਂ ਵਤਨ ਪੰਜਾਬ ਦੀਆਂ-3: ਵਾਲੀਬਾਲ ਤੇ ਸ਼ਤਰੰਜ ਦੇ ਸੂਬਾ ਪੱਧਰੀ ਮੁਕਾਬਲੇ ਸ਼ੁੱਕਰਵਾਰ ਤੋਂ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਨਵੰਬਰ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-3 ਦੇ ਸੂਬੇ ਪੱਧਰੀ ਮੁਕਾਬਲਿਆਂ ਤਹਿਤ ਵਾਲੀਬਾਲ (ਸਮੈਸ਼ਿੰਗ) ਅਤੇ ਸ਼ਤਰੰਜ ਮੁਕਾਬਲੇ 15 ਨਵੰਬਰ ਨੂੰ ਸਥਾਨਕ ਸਪੋਰਟਸ ਸਕੂਲ ਵਿੱਚ ਸ਼ੁਰੂ ਹੋਣਗੇ, ਜਿਨ੍ਹਾਂ ਦਾ ਆਗਾਜ਼ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਦੁਪਹਿਰ 12 ਵਜੇ ਕੀਤਾ ਜਾਵੇਗਾ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਦੌਰਾਨ ਵਾਲੀਬਾਲ (ਸਮੈਸ਼ਿੰਗ) ਅਤੇ ਸ਼ਤਰੰਜ ਮੁਕਾਬਲਿਆਂ ਵਿੱਚ ਪੰਜਾਬ ਤੋਂ ਲਗਪਗ 4000 ਤੋਂ ਵੱਧ ਖਿਡਾਰੀ-ਖਿਡਾਰਨਾਂ ਭਾਗ ਲੈਣਗੇ, ਜਦਕਿ ਲਗਪਗ ਸੂਬਾ ਤੇ ਕੌਮੀ ਪੱਧਰ ਦੇ 70 ਅਧਿਕਾਰੀ/ਕਰਮਚਾਰੀ ਟੂਰਨਾਮੈਂਟ ’ਚ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਵਾਲੀਬਾਲ ਅੰਡਰ-14 (ਲੜਕੀਆਂ) ਵਿਚ 23 ਟੀਮਾਂ, ਅੰਡਰ-17 ’ਚ 22 ਟੀਮਾਂ, ਅੰਡਰ-21 ’ਚ 23 ਟੀਮਾਂ, 21-30 ’ਚ 22 ਟੀਮਾਂ, 31-40 ’ਚ 15 ਟੀਮਾਂ, 41-50 ’ਚ 12 ਟੀਮਾਂ, 51-60 ਵਿਚ 6 ਟੀਮਾਂ ਅਤੇ 61-70 ਵਿਚ 3 ਟੀਮਾਂ ਹਿੱਸਾ ਲੈਣਗੀਆਂ। ਜਿਸ ਈਵੈਂਟ ’ਚ 3 ਟੀਮਾਂ ਹਨ, ਉਹ ਲੀਗ ਮੈਚ ਖੇਡਣਗੀਆਂ। ਸ਼ਤਰੰਜ ਮੁਕਾਬਲਿਆਂ ’ਚ ਲਗਪਗ 1200 ਖਿਡਾਰੀ/ਖਿਡਾਰਨਾਂ ਹਿੱਸਾ ਲੈਣਗੇ।