ਵੈਸ਼ਨੋ ਦੇਵੀ ਮੰਦਰ: ਢਿੱਗਾਂ ਡਿੱਗਣ ਕਾਰਨ ਪੰਜਾਬ ਦੀ ਔਰਤ ਸਣੇ ਦੋ ਦੀ ਮੌਤ
ਕੱਟੜਾ/ਜੰਮੂ, 2 ਸਤੰਬਰ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਵੈਸ਼ਨੋ ਦੇਵੀ ਮੰਦਰ ਦੇ ਨਵੇਂ ਰਸਤੇ ’ਤੇ ਅੱਜ ਢਿੱਗਾਂ ਡਿੱਗਣ ਕਾਰਨ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਦੋ ਮਹਿਲਾ ਤੀਰਥਯਾਤਰੀਆਂ ਦੀ ਮੌਤ ਹੋ ਗਈ, ਜਦੋਂਕਿ ਪੰਜ ਸਾਲ ਦੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਮਗਰੋਂ ਹਿਮਕੋਟੀ ਰਸਤੇ ’ਤੇ ਤੀਰਥਯਾਤਰੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ, ਜਦਕਿ ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਮੰਦਰ ਦੀ ਤੀਰਥਯਾਤਰਾ ਰਵਾਇਤੀ ਸਾਂਝੀਛੱਤ ਮਾਰਗ ਰਾਹੀਂ ਜਾਰੀ ਰਹੀ। ਉਨ੍ਹਾਂ ਦੱਸਿਆ ਬਾਅਦ ਦੁਪਹਿਰ ਲਗਪਗ ਦੋ ਵਜ ਕੇ 15 ਮਿੰਟ ’ਤੇ ਭਵਨ ਤੋਂ ਤਿੰਨ ਕਿਲੋਮੀਟਰ ਅੱਗੇ ਪੰਛੀ ਕੋਲ ਢਿੱਗਾਂ ਡਿੱਗਣ ਕਾਰਨ ਲੋਹੇ ਦੇ ਢਾਂਚੇ ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਤੀਰਥਯਾਤਰੀ ਮੰਦਰ ਵੱਲ ਜਾ ਰਹੇ ਸਨ ਤਾਂ ਜ਼ਮੀਨ ਖਿਸਕਣ ਕਾਰਨ ਉਹ ਲੋਹੇ ਦੇ ਢਾਂਚੇ ਹੇਠ ਆ ਗਏ। ਮ੍ਰਿਤਕਾਂ ਦੀ ਪਛਾਣ ਸਪਨਾ (27) ਵਾਸੀ ਪਿੰਡ ਧਿਆਨਪੁਰ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਅਤੇ ਨੇਹਾ ਵਾਸੀ ਕਾਨਪੁਰ (ਯੂਪੀ) ਵਜੋਂ ਹੋਈ ਹੈ। ਕਾਨਪੁਰ ਵਾਸੀ ਸਾਨਵੀ ਜ਼ਖ਼ਮੀ ਹੋ ਗਈ ਹੈ। ਇਸ ਤੋਂ ਪਹਿਲਾਂ 2022 ਵਿੱਚ ਮੰਦਰ ਵਿੱਚ ਭਗਦੜ ਦੌਰਾਨ 12 ਤੀਰਥਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 16 ਜ਼ਖ਼ਮੀ ਹੋ ਗਏ ਸਨ। -ਪੀਟੀਆਈ
ਉਤਰਾਖੰਡ: ਢਿੱਗਾਂ ਡਿੱਗਣ ਕਾਰਨ ਬਦਰੀਨਾਥ ਕੌਮੀ ਮਾਰਗ ਬੰਦ
ਗੋਪੇਸ਼ਵਰ (ਉਤਰਾਖੰਡ):
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੌਰਾਨ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਬਦਰੀਨਾਥ ਕੌਮੀ ਮਾਰਗ ਬੰਦ ਹੋ ਗਿਆ। ਜ਼ਿਲ੍ਹਾ ਆਫਤ-ਰਾਹਤ ਪ੍ਰਬੰਧਨ ਕੇਂਦਰ ਨੇ ਇੱਥੇ ਕਿਹਾ ਕਿ ਪਗਲਨਾਲਾ, ਪਟਲਗੰਗਾ ਅਤੇ ਨੰਦਾਪ੍ਰਯਾਗ ਵਿੱਚ ਮਾਰਗ ਬੰਦ ਹੋ ਗਿਆ ਹੈ ਅਤੇ ਇਸ ਨੂੰ ਖੋਲ੍ਹਣ ਦੇ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਢਿੱਗਾਂ ਡਿੱਗਣ ਕਾਰਨ ਸਿਮਲੀ ਬਾਜ਼ਾਰ ਵਿੱਚ ਸੱਤ ਦੁਕਾਨਾਂ ਨੁਕਸਾਨੀਆਂ ਗਈਆਂ ਹਨ। ਕਰਨਪ੍ਰਯਾਗ-ਗਵਾਲਦਮ ਕੌਮੀ ਮਾਰਗ ਸਮੇਤ ਭਾਰਤ-ਚੀਨ ਸਰਹੱਦ ਨੂੰ ਜੋੜਨ ਵਾਲਾ ਜਯੋਤਿਰਮੱਠ-ਮਲਾਰੀ ਰੋਡ ਵੀ ਬੰਦ ਹੋ ਗਿਆ ਹੈ। -ਪੀਟੀਆਈ