ਉੱਤਰਾਖੰਡ: ਦੋ ਵਿਦੇਸ਼ੀ ਮਹਿਲਾ ਪਰਬਤਾਰੋਹੀਆਂ ਨੂੰ ਸੁਰੱਖਿਅਤ ਬਚਾਇਆ
ਗੋਪੇਸ਼ਵਰ, 6 ਅਕਤੂਬਰ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਛੇ ਹਜ਼ਾਰ ਮੀਟਰ ਤੋਂ ਵੱਧ ਦੀ ਉਚਾਈ ’ਤੇ ਚੌਖੰਬਾ ’ਚ ਫਸੀਆਂ ਦੋ ਮਹਿਲਾ ਵਿਦੇਸ਼ੀ ਪਰਬਤਾਰੋਹੀਆਂ ਨੂੰ ਅੱਜ ਸਵੇਰੇ ਸੁਰੱਖਿਅਤ ਕੱਢ ਲਿਆ ਗਿਆ।
ਚਮੋਲੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਅਕਤੂਬਰ ਨੂੰ ਬਾਅਦ ਦੁਪਹਿਰ ਮਗਰੋਂ ਚੌਖੰਬਾ ’ਚ ਫਸੀਆਂ ਅਮਰੀਕਾ ਤੇ ਬਰਤਾਨੀਆ ਦੀਆਂ ਮਹਿਲਾ ਪਰਬਤਾਰੋਹੀਆਂ ਨੂੰ ਬਚਾਅ ਮੁਹਿੰਮ ਦੇ ਤੀਜੇ ਦਿਨ ਭਾਰਤੀ ਸੈਨਾ ਦੇ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਕੱਢਿਆ ਗਿਆ। ਸੈਨਾ ਦੇ ਹੈਲੀਕਾਪਟਰ ਨੇ ਖੇਤਰ ਦੀ ਰੇਕੀ ਕਰਦਿਆਂ ਦੋਵਾਂ ਪਰਬਤਾਰੋਹੀਆਂ ਅਮਰੀਕਾ ਦੀ ਮਿਸ਼ੈਲ ਟੈਰੇਸਾ ਡਵੋਰਾਕ ਤੇ ਬਰਤਾਨੀਆ ਦੀ ਫੇਅ ਜੇਨ ਮੈਨਰਜ਼ ਦੀ ਭਾਲ ਕੀਤੀ ਅਤੇ ਫਿਰ ਉਨ੍ਹਾਂ ਨੂੰ ਲੈ ਕੇ ਜੋਸ਼ੀਮਠ ਹੈਲੀਪੈਡ ਪੁੱਜੇ। ਬਚਾਅ ਟੀਮ ’ਚ ਸ਼ਾਮਲ ਰਾਜ ਆਫ਼ਤ ਪ੍ਰਬੰਧਨ ਫੋਰਸ ਦੇ ਕਮਾਂਡੈਂਟ ਅਰਪਨ ਯਦੁਵੰਸ਼ੀ ਨੇ ਦੱਸਿਆ ਕਿ ਦੋਵੇਂ ਪਰਬਤਾਰੋਹੀ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਐਡਵਾਂਸਡ ਬੇਸ ਕੈਂਪ ਤੋਂ ਅੱਗੇ ਪਰਬਤਾਰੋਹੀਆਂ ਦੀ ਭਾਲ ਕਰ ਰਹੀ ਐੱਸਡੀਆਰਐੱਫ ਦੀ ਟੀਮ ਨੂੰ ਵੀ ਸੈਨਾ ਦੇ ਹੈਲੀਕਾਪਟਰਾਂ ਰਾਹੀਂ ਜੋਸ਼ੀਮਠ ਲਿਆਂਦਾ ਜਾ ਰਿਹਾ ਹੈ। ਦੋਨੇ ਪਰਬਤਾਰੋਹੀ ਭਾਰਤੀ ਪਰਬਤਾਰੋਹਨ ਫਾਊਂਡੇਸ਼ਨ ਦੀ ਮੁਹਿੰਮ ਦਾ ਹਿੱਸਾ ਸਨ। ਉਹ 6995 ਮੀਟਰ ਦੀ ਉਚਾਈ ’ਤੇ ਸਥਿਤ ਚੌਖੰਬਾ-3 ਪਰਬਤ ਦੀ ਚੋਟੀ ਦੀ ਚੜ੍ਹਾਈ ਲਈ ਜਾਂਦੇ ਸਮੇਂ ਵੀਰਵਾਰ ਨੂੰ ਰਸਤੇ ’ਚ ਹੀ ਫਸ ਗਈਆਂ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਵੱਲੋਂ ਰੱਖਿਆ ਮੰਤਰਾਲੇ ਦੇ ਫੌਜੀ ਮਾਮਲਿਆਂ ਦੇ ਵਿਭਾਗ ਨੂੰ ਹੈਲੀਕਾਪਟਰ ਦੀ ਮਦਦ ਨਾਲ ਪਰਬਤਾਰੋਹੀਆਂ ਦੀ ਭਾਲ ਸ਼ੁਰੂ ਕਰਨ ਲਈ ਕਿਹਾ ਸੀ। -ਪੀਟੀਆਈ