Sambhal Mosque Violence: ਸੰਭਲ ਹਿੰਸਾ ਸਬੰਧੀ ਸਪਾ ਐਮਪੀ ਤੇ ਵਿਧਾਇਕ ਦੇ ਪੁੱਤਰ ਖ਼ਿਲਾਫ਼ ਐਫਆਈਆਰ
ਸੰਭਲ (ਯੂਪੀ), 25 ਨਵੰਬਰ
ਯੂਪੀ ਪੁਲੀਸ ਨੇ ਮੁਗ਼ਲ ਦੌਰ ਦੀ ਇਕ ਮਸਜਿਦ ਦੇ ਅਦਾਲਤੀ ਹੁਕਮਾਂ ਨਾਲ ਹੋਏ ਸਰਵੇਖਣ ਨੂੰ ਲੈ ਕੇ ਹੋਈ ਹਿੰਸਾ ਦੇ ਸਬੰਧ ਵਿਚ ਸੱਤ ਐਫਆਈਆਰਜ਼ ਦਰਜ ਕੀਤੀਆਂ ਹਨ, ਜਿਨ੍ਹਾਂ ਵਿਚ ਸਮਾਜਵਾਦੀ ਪਾਰਟੀ (SP) ਦੇ ਸੰਸਦ ਮੈਂਬਰ ਜ਼ਿਆ-ਉਰ-ਰਹਿਮਾਨ ਬਰਕ ਅਤੇ ਸਥਾਨਕ ਸਪਾ ਵਿਧਾਇਕ ਇਕਬਾਲ ਮਹਿਮੂਦ ਦੇ ਪੁੱਤਰ ਸੋਹੇਲ ਇਕਲਬਾਲ ਨੂੰ ਵੀ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਹਨ ਅਤੇ 30 ਨਵੰਬਰ ਤੱਕ ਸੰਭਲ ਵਿੱਚ ਬਾਹਰੀ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਸੰਭਲ ਤਹਿਸੀਲ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਵੀ ਹਨ ਅਤੇ ਸੋਮਵਾਰ ਨੂੰ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਿੰਸਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।
ਗ਼ੌਰਤਲਬ ਹੈ ਕਿ ਐਤਵਾਰ ਨੂੰ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਦੀ ਪੁਲੀਸ ਨਾਲ ਝੜਪ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੁਰੱਖਿਆ ਕਰਮਚਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ। ਸੋਮਵਾਰ ਨੂੰ ਇਕ ਹੋਰ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਜਾਣ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 4 ਗਈ ਹੈ।
ਪੋਸਟਮਾਰਟਮ ਰਿਪੋਰਟਾਂ ਬਾਰੇ ਪੁੱਛੇ ਜਾਣ 'ਤੇ ਡਿਵੀਜ਼ਨਲ ਕਮਿਸ਼ਨਰ ਏਕੇ ਸਿੰਘ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਮੌਤ ਦਾ ਕਾਰਨ ਦੇਸੀ ਹਥਿਆਰਾਂ ਦੀਆਂ ਗੋਲੀਆਂ ਸਨ, ਪਰ ਉਨ੍ਹਾਂ ਹੋਰ ਵੇਰਵੇ ਨਹੀਂ ਦਿੱਤੇ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲੀਸ ਕਪਤਾਨ (SP) ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹਿੰਸਾ ਦੇ ਸਬੰਧ ਵਿੱਚ ਸੱਤ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਬਰਕ ਅਤੇ ਇਕਬਾਲ ਸਮੇਤ ਛੇ ਲੋਕਾਂ ਦੇ ਨਾਂ ਦਰਜ ਹਨ ਅਤੇ 2,750 ਹੋਰ ਅਣਪਛਾਤੇ ਹਨ।
ਉਨ੍ਹਾਂ ਕਿਹਾ, ‘‘ਬਰਕ ਵੱਲੋਂ ਪਹਿਲਾਂ ਦਿੱਤੇ ਬਿਆਨ ਕਾਰਨ ਸਥਿਤੀ ਵਿਗੜ ਗਈ। ਉਸ ਨੂੰ ਇਸ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ।" ਅਧਿਕਾਰੀ ਨੇ ਕਿਹਾ ਕਿ ਬਰਕ ਦੀ ‘‘ਜਾਮਾ ਮਸਜਿਦ ਦੀ ਹਿਫਾਜ਼ਤ’’ ਵਾਲੀ ਟਿੱਪਣੀ ਕਾਰਨ ਲੋਕ ਲਾਮਬੰਦ ਹੋਏ ਤੇ ਭੜਕ ਪਏ। ਇਹ ਪੁੱਛੇ ਜਾਣ 'ਤੇ ਕਿ ਸੰਸਦ ਮੈਂਬਰ ਤਾਂ ਐਤਵਾਰ ਨੂੰ ਸੰਭਲ ਵਿਚ ਹੀ ਨਹੀਂ ਸੀ, ਸਗੋਂ ਬੰਗਲੂਰੂ ਵਿਚ ਸੀ ਤਾਂ ਕੁਮਾਰ ਨੇ ਕਿਹਾ ਕਿ ਬਰਕ ਨੂੰ ਉਸ ਦੇ ਪਹਿਲੇ ਬਿਆਨਾਂ ਦੇ ਅਧਾਰ 'ਤੇ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੱਥਰ ਮਾਰ ਕੇ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਵੀ ਸ਼ਨਾਖਤ ਕੀਤੀ ਜਾਵੇਗੀ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਕੁਮਾਰ ਨੇ ਕਿਹਾ ਕਿ ਸੱਤ ਐਫਆਈਆਰਜ਼ ਵਿੱਚੋਂ ਦੋ ਨਕਾਸਾ ਥਾਣੇ ਵਿੱਚ ਅਤੇ ਬਾਕੀ ਸੰਭਲ ਕੋਤਵਾਲੀ ਵਿੱਚ ਦਰਜ ਕੀਤੀਆਂ ਗਈਆਂ ਸਨ। ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ 'ਚ ਹੁਣ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹਿੰਸਾ 'ਚ ਸ਼ਾਮਲ ਹੋਰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸ਼ਾਂਤੀ ਬਣੀ ਹੋਈ ਹੈ ਅਤੇ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਰਾਜੇਂਦਰ ਪੈਂਸੀਆ (District Magistrate Rajender Pensiya) ਨੇ ਐਤਵਾਰ ਦੇਰ ਰਾਤ ਕਿਹਾ ਕਿ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀਆਂ ਵਿਵਸਥਾਵਾਂ ਤਹਿਤ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਸਨ। ਫ਼ੌਰੀ ਤੌਰ ’ਤੇ ਲਾਗੂ ਹੋਏ ਹੁਕਮਾਂ ਵਿੱਚ ਕਿਹਾ ਗਿਆ ਹੈ, “ਕੋਈ ਵੀ ਬਾਹਰੀ ਵਿਅਕਤੀ, ਹੋਰ ਸਮਾਜਿਕ ਸੰਸਥਾਵਾਂ ਜਾਂ ਜਨਤਕ ਨੁਮਾਇੰਦੇ ਸਮਰੱਥ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਜ਼ਿਲ੍ਹੇ ਦੀ ਸਰਹੱਦ ਵਿੱਚ ਦਾਖਲ ਨਹੀਂ ਹੋਣਗੇ।’’ ਹੁਕਮਾਂ ਦੀ ਉਲੰਘਣਾ ਬੀਐਨਐਸ ਦੀ ਧਾਰਾ 223 (ਲੋਕ ਸੇਵਕ ਦੁਆਰਾ ਸਹੀ ਢੰਗ ਨਾਲ ਜਾਰੀ ਕੀਤੇ ਹੁਕਮਾਂ ਦੀ ਅਵੱਗਿਆ) ਦੇ ਤਹਿਤ ਸਜ਼ਾਯੋਗ ਹੋਵੇਗੀ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਮਾਰੇ ਗਏ ਨੌਜਵਾਨਾਂ ਨਈਮ, ਬਿਲਾਲ ਅਤੇ ਨੌਮਨ ਦੀਆਂ ਲਾਸ਼ਾਂ ਨੂੰ ਦਫਣਾ ਦਿੱਤਾ ਗਿਆ ਹੈ, ਜਿਨ੍ਹਾਂ ਸਾਰਿਆਂ ਦੀ ਉਮਰ ਕਰੀਬ 25 ਸਾਲ ਸੀ। ਹਿੰਸਾ 'ਚ ਬਾਹਰੀ ਲੋਕਾਂ ਦੀ ਭੂਮਿਕਾ ਬਾਰੇ ਪੁੱਛੇ ਜਾਣ 'ਤੇ ਪੈਂਸੀਆ ਨੇ ਕਿਹਾ ਕਿ ਜਾਂਚ ਮੁਤਾਬਕ ਲੋਕ ਇੱਥੇ 10-15 ਕਿਲੋਮੀਟਰ ਦੂਰ ਤੋਂ ਇਕੱਠੇ ਹੋਏ ਸਨ।
ਸੰਭਲ ਵਿਚ 19 ਨਵੰਬਰ ਤੋਂ ਤਣਾਅ ਬਣਿਆ ਹੋਇਆ ਹੈ, ਜਦੋਂ ਅਦਾਲਤ ਦੇ ਹੁਕਮਾਂ 'ਤੇ ਜਾਮਾ ਮਸਜਿਦ ਦਾ ਪਹਿਲੀ ਵਾਰ ਸਰਵੇਖਣ ਕੀਤਾ ਗਿਆ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਸ ਜਗ੍ਹਾ 'ਤੇ ਪਹਿਲਾਂ ਹਰੀਹਰ ਮੰਦਰ ਹੁੰਦਾ ਸੀ। ਐਤਵਾਰ ਨੂੰ ਸਮੱਸਿਆ ਤੜਕੇ ਉਦੋਂ ਸ਼ੁਰੂ ਹੋਈ ਜਦੋਂ ਸਰਵੇਖਣ ਟੀਮ ਵੱਲੋਂ ਆਪਣਾ ਕੰਮ ਸ਼ੁਰੂ ਕਰਦਿਆਂ ਹੀ ਲੋਕਾਂ ਦਾ ਇੱਕ ਵੱਡਾ ਸਮੂਹ ਮਸਜਿਦ ਦੇ ਨੇੜੇ ਇਕੱਠਾ ਹੋ ਗਿਆ ਅਤੇ ਉਨ੍ਹਾਂ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਹਿੰਦੂ ਪੱਖ ਦੇ ਇੱਕ ਸਥਾਨਕ ਵਕੀਲ ਗੋਪਾਲ ਸ਼ਰਮਾ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਇਸ ਸਥਾਨ 'ਤੇ ਸਥਿਤ ਮੰਦਰ ਨੂੰ 1529 ਵਿੱਚ ਮੁਗ਼ਲ ਸਮਰਾਟ ਬਾਬਰ ਨੇ ਢਾਹ ਦਿੱਤਾ ਸੀ। -ਪੀਟੀਆਈ
ਕੀ ਕਹਿਣਾ ਹੈ ਸਪਾ ਐਮਪੀ ਜ਼ਿਆ-ਉਰ-ਰਹਿਮਾਨ ਬਰਕ ਦਾ
ਦੂਜੇ ਪਾਸੇ ਸਪਾ ਦੇ ਸੰਸਦ ਮੈਂਬਰ ਬਰਕ ਨੇ ਉਲਟਾ ਦੋਸ਼ ਲਾਇਆ ਕਿ ਹਿੰਸਾ ਦੀ ਇਹ ਸਾਜ਼ਿਸ਼ ਪ੍ਰਸ਼ਾਸਨ ਵੱਲੋਂ ਰਚੀ ਗਈ ਅਤੇ ਉਸ ਤਹਿਤ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ। ਉਨ੍ਹਾਂ ਕਿਹਾ ਕਿ ਘਟਨਾ ਵੇਲੇ ਉਹ ਸੰਭਲ ਤਾਂ ਕੀ ਸੂਬੇ ਵਿਚ ਵੀ ਨਹੀਂ ਸਨ ਤੇ ਉਹ ਤਾਂ ਆਲ ਇੰਡੀਆ ਪਰਸਨਲ ਲਾਅ ਬੋਰਡ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਬੰਗਲੂਰੂ ਗਏ ਹੋਏ ਸਨ ਪਰ ਉਨ੍ਹਾਂ ਖ਼ਿਲਾਫ਼ ਗ਼ਲਤ ਢੰਗ ਨਾਲ ਕੇਸ ਦਰਜ ਕੀਤਾ ਗਿਆ ਹੈ। -ਏਐਨਆਈ
ਦੇਖੋ ਵੀਡੀਓ:
#WATCH | Delhi: On Sambhal violence, Samajwadi Party MP Zia Ur Rehman Barq says, "The incident that the police administration carried out in Sambhal has shaken the entire humanity and has tarnished the image of the state and the country...Yesterday, I was not even present in the… pic.twitter.com/OKk1qKpHcD
— ANI (@ANI) November 25, 2024