ਉੱਤਰਾਖੰਡ: ਮੁੱਖ ਚੋਣ ਕਮਿਸ਼ਨਰ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਪਿਥੌਰਾਗੜ੍ਹ, 16 ਅਕਤੂਬਰ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਲਿਜਾ ਰਹੇ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਉੱਤਰਾਖੰਡ ਦੇ ਮੁਨਸਿਆਰੀ ਨੇੜੇ ਪਿੰਡ ਵਿੱਚ ਹੰਗਾਮੀ ਹਾਲਾਤ ’ਚ ਉਤਾਰਿਆ ਗਿਆ। ਪਿਥੌਰਾਗੜ੍ਹ ਦੇ ਜ਼ਿਲ੍ਹ ਮੈਜਿਸਟ੍ਰੇਟ ਵਿਨੋਦ ਗਿਰੀਸ਼ ਗੋਸਵਾਮੀ ਨੇ ਦੱਸਿਆ ਕਿ ਇਹ ਹੈਲੀਕਾਪਟਰ, ਜੋ ਮਿਲਮ ਗਲੇਸ਼ੀਅਰ ਜਾ ਰਿਹਾ ਸੀ, ਬਾਅਦ ਦੁਪਹਿਰ ਕਰੀਬ ਇੱਕ ਵਜੇ ਰਵਾਨਾ ਹੋਇਆ। ਹਾਲਾਂਕਿ ਬੱਦਲਵਾਈ ਅਤੇ ਘੱਟ ਦਿਖਣ ਸਮਰੱਥਾ ਕਾਰਨ ਇਹ ਕਰੀਬ 1:30 ਵਜੇ ਦੇ ਕਰੀਬ 42 ਕਿਲੋਮੀਟਰ ਦੂਰ ਰਾਲਮ ਪਿੰਡ ਦੇ ਹੈਲੀਪੈਡ ’ਤੇ ਉਤਾਰਿਆ ਗਿਆ। ਅਧਿਕਾਰੀ ਨੇ ਕਿਹਾ ਕਿ ਉੱਤਰਾਖੰਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਜੋਗਦਾਂਡੇ ਵੀ ਮੁੱਖ ਚੋਣ ਕਮਿਸ਼ਨਰ ਦੇ ਨਾਲ ਹੈਲੀਕਾਪਟਰ ਵਿੱਚ ਸਵਾਰ ਸਨ। ਹੈਲੀਕਾਪਟਰ ਵਿੱਚ ਪਾਇਲਟ ਤੋਂ ਇਲਾਵਾ ਤਿੰਨ ਜਣੇ ਸਵਾਰ ਸਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਹ ਸਾਰੇ ਸੁਰੱਖਅਤ ਹਨ ਅਤੇ ਮੁਨਸਿਆਰੀ ਪਰਤਣ ਲਈ ਮੌਸਮ ਸਾਫ਼ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੈਟੇਲਾਈਟ ਫੋਨਾਂ ਸਣੇ ਜ਼ਰੂਰੀ ਸੰਚਾਰ ਉਪਕਰਨ ਮੌਜੂਦ ਹਨ। ਅਧਿਕਾਰੀ ਨੇ ਕਿਹਾ, ‘ਮੈਂ ਦੋ ਵਾਰ ਮੁੱਖ ਚੋਣ ਕਮਿਸ਼ਨਰ ਨਾਲ ਗੱਲ ਕੀਤੀ ਹੈ। ਉਹ ਸਾਰੇ ਸੁਰੱਖਿਅਤ ਹਨ। ਜੇਕਰ ਮੌਸਮ ਠੀਕ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਵਾਪਸ ਮੁਨਸਿਆਰੀ ਲਿਜਾਇਆ ਜਾਵੇਗਾ।’’ -ਪੀਟੀਆਈ