ਉੱਤਰਾਖੰਡ: ਧਾਮੀ ਨੂੰ ਸਾਂਝੇ ਸਿਵਲ ਕੋਡ ਸਬੰਧੀ ਨੇਮਾਂ ਦਾ ਖਰੜਾ ਸੌਂਪਿਆ
ਦੇਹਰਾਦੂਨ, 18 ਅਕਤੂਬਰ
ਉੱਤਰਾਖੰਡ ’ਚ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕਰਨ ਲਈ ਨੇਮਾਂ ਸਬੰਧੀ ਅੰਤਿਮ ਖਰੜਾ ਅੱਜ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸੌਂਪਿਆ ਗਿਆ। ਸੂਬਾ ਸਰਕਾਰ ਨੂੰ ਖਰੜਾ ਸੌਂਪੇ ਜਾਣ ਨਾਲ ਉੱਤਰਾਖੰਡ ’ਚ ਯੂਸੀਸੀ ਲਾਗੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਕੈਬਨਿਟ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਸਾਂਝਾ ਸਿਵਲ ਕੋਡ ਲਾਗੂ ਕਰਨ ਵਾਲਾ ਉੱਤਰਾਖੰਡ ਆਜ਼ਾਦ ਭਾਰਤ ਦਾ ਪਹਿਲਾ ਸੂਬਾ ਬਣ ਜਾਵੇਗਾ। ਸਾਬਕਾ ਮੁੱਖ ਸਕੱਤਰ ਸ਼ਤਰੂਘਣ ਸਿੰਘ ਦੀ ਅਗਵਾਈ ਹੇਠਲੀ ਨੌਂ ਮੈਂਬਰੀ ਕਮੇਟੀ ਨੇ ਧਾਮੀ ਨੂੰ ਸਕੱਤਰੇਤ ’ਚ ਦਸਤਾਵੇਜ਼ ਸੌਂਪੇ। ਖਰੜਾ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਂਝੇ ਸਿਵਲ ਕੋਡ ਦਾ ਮਕਸਦ ਸਮਾਜ ਦੇ ਹਰੇਕ ਵਰਗ ਨੂੰ ਬਰਾਬਰੀ ਦੇ ਮੌਕੇ ਦੇਣਾ ਤੇ ਔਰਤਾਂ ਨੂੰ ਮਜ਼ਬੂਤ ਬਣਾਉਣਾ ਹੈ। ਸੂਬਾ ਸਰਕਾਰ ਖਰੜੇ ਦੇ ਅਧਿਐਨ ਮਗਰੋਂ ਇਸ ਨੂੰ ਕੈਬਨਿਟ ’ਚ ਪੇਸ਼ ਕਰੇਗੀ। ਕੈਬਨਿਟ ਤੋਂ ਪ੍ਰਵਾਨਗੀ ਮਿਲਣ ਮਗਰੋਂ ਸਾਂਝਾ ਸਿਵਲ ਕੋਡ ਸੂਬੇ ’ਚ ਲਾਗੂ ਹੋ ਜਾਵੇਗਾ। -ਪੀਟੀਆਈ
ਸਾਂਝਾ ਸਿਵਲ ਕੋਡ 9 ਨਵੰਬਰ ਨੂੰ ਹੋ ਸਕਦੈ ਲਾਗੂ
ਦੇਹਰਾਦੂਨ: ਉੱਤਰਾਖੰਡ ’ਚ ਸਾਂਝਾ ਸਿਵਲ ਕੋਡ (ਯੂਸੀਸੀ) ਅਗਲੇ ਮਹੀਨੇ 9 ਨਵੰਬਰ ਨੂੰ ਸੂਬੇ ਦੇ ਸਥਾਪਨਾ ਦਿਵਸ ਮੌਕੇ ਲਾਗੂ ਹੋ ਸਕਦਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਛੇਤੀ ਹੀ ਕੈਬਨਿਟ ਦੀ ਮੀਟਿੰਗ ਸੱਦ ਕੇ ਯੂਸੀਸੀ ਲਾਗੂ ਕਰਨ ਦੀ ਤਰੀਕ ਬਾਰੇ ਫ਼ੈਸਲਾ ਲਿਆ ਜਾਵੇਗਾ। -ਆਈਏਐੱਨਐੱਸ