ਉੱਤਰ ਪ੍ਰਦੇਸ਼: ਮੇਰਠ ’ਚ ਤਿੰਨ ਮੰਜ਼ਿਲਾ ਮਕਾਨ ਢਹਿਣ ਕਾਰਨ ਦਸ ਮੌਤਾਂ
ਮੇਰਠ/ਲਖਨਊ, 15 ਸਤੰਬਰ
ਮੇਰਠ ਦੇ ਜ਼ਾਕਿਰ ਨਗਰ ’ਚ ਲੰਘੇ ਦਿਨ ਤਿੰਨ ਮੰਜ਼ਿਲਾ ਮਕਾਨ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਘਟਨਾ ਸਥਾਨ ’ਤੇ ਬਚਾਅ ਕਾਰਜ ਜਾਰੀ ਹਨ। ਘਟਨਾ ’ਚ ਇੱਕ ਬੱਚੀ ਸਣੇ ਕਈ ਜਣੇ ਜ਼ਖਮੀ ਵੀ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਬਿਆਨ ’ਚ ਕਿਹਾ ਕਿ ਇੱਕ ਵਿਅਕਤੀ ਦੇ ਹਾਲੇ ਵੀ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਹੈ। ਬਿਆਨ ਮੁਤਾਬਕ ਜ਼ਖ਼ਮੀਆਂ ਦਾ ਲਾਲਾ ਲਾਜਪਤ ਰਾਏ ਮੈਮੋਰੀਅਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਜ਼ਖਮੀ ਬੱਚੀ ਸੋਫੀਆ (6) ਦੀ ਹਲਾਤ ਸਥਿਰ ਦੱਸੀ ਜਾ ਰਹੀ ਹੈ। ਮੇਰਠ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਬਚਾਅ ਕਾਰਜ ਸ਼ੁਰੂ ਕਰਨ ਸਮੇਂ 15 ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦੀ ਜਾਣਕਾਰੀ ਮਿਲੀ ਸੀ। ਤਿੰਨ ਜਣੇ ਇਮਾਰਤ ਦੇ ਡਿੱਗਣ ਦੌਰਾਨ ਬਚ ਕੇ ਨਿਕਲਣ ’ਚ ਸਫਲ ਹੋ ਗਏ ਸਨ। ਅਧਿਕਾਰੀ ਮੁਤਾਬਕ ਹਾਦਸੇ ’ਚ ਹੁਣ ਤੱਕ 10 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਪੰਜ ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੌਮੀ ਆਫ਼ਤ ਪ੍ਰਬੰਧਨ ਬਲ, ਫਾਇਰ ਬ੍ਰਿਗੇਡ ਅਤੇ ਪੁਲੀਸ ਟੀਮਾਂ ਬਚਾਅ ਕਾਰਜਾਂ ’ਚ ਜੁਟੀਆਂ ਹੋਈਆਂ ਹਨ। -ਪੀਟੀਆਈ