ਉੱਤਰ ਪ੍ਰਦੇਸ਼: ਬਸਪਾ, ਭਾਜਪਾ ਤੇ ਸਪਾ ਵੱਲੋਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ
ਲਖਨਊ, 24 ਅਕਤੂਬਰ
ਉੱਤਰ ਪ੍ਰਦੇਸ਼ ’ਚ ਨੌਂ ਵਿਧਾਨ ਸਭਾ ਸੀਟਾਂ ’ਤੇ 13 ਨਵੰਬਰ ਨੂੰ ਹੋਣ ਵਾਲੀ ਉਪ ਚੋਣ ਲਈ ਅੱਜ ਜਿੱਥੇ ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਅੱਠ-ਅੱਠ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਉਥੇ ਸਮਾਜਵਾਦੀ ਪਾਰਟੀ ਨੇ ਵੀ ਤਿੰਨ ਹੋਰ ਉਮੀਦਵਾਰਾਂ ਦਾ ਨਾਂ ਐਲਾਨ ਦਿੱਤਾ ਹੈ।
ਬਸਪਾ ਦੇ ਕੌਮੀ ਜਨਰਲ ਸਕੱਤਰ ਮੇਵਾਲਾਲ ਗੌਤਮ ਵੱਲੋਂ ਜਾਰੀ ਸੂਚੀ ਅਨੁਸਾਰ ਪਾਰਟੀ ਨੇ ਕਟਹਿੜੀ ਸੀਟ ਤੋਂ ਅਮਿਤ ਵਰਮਾ, ਫੂਲਪੁਰ ਤੋਂ ਜਿਤੇਂਦਰ ਕੁਮਾਰ ਸਿੰਘ, ਮੀਰਾਪੁਰ ਤੋਂ ਸ਼ਾਹ ਨਜ਼ਰ ਅਤੇ ਸੀਸਾਮਊ ਤੋਂ ਵੀਰੇਂਦਰ ਕੁਮਾਰ ਸ਼ੁਕਲਾ ਨੂੰ ਉਮੀਦਵਾਰ ਬਣਾਇਆ ਹੈ। ਸੂਚੀ ਅਨੁਸਾਰ ਪਾਰਟੀ ਨੇ ਇਨ੍ਹਾਂ ਸੀਟਾਂ ਤੋਂ ਇਲਾਵਾ ਕਰਹਲ ਤੋਂ ਅਵਨੀਸ਼ ਕੁਮਾਰ ਸ਼ਾਕਯ, ਕੁੰਦਰਕੀ ਤੋਂ ਰਫਤੁੱਲ੍ਹਾ, ਗਾਜ਼ੀਆਬਾਦ ਤੋਂ ਪਰਮਾਨੰਦ ਗਰਗ ਅਤੇ ਮਝਵਾਂ ਤੋਂ ਦੀਪਕ ਤਿਵਾੜੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
ਇਸੇ ਤਰ੍ਹਾਂ ਭਾਜਪਾ ਨੇ ਕਰਹਲ ਸੀਟ ਤੋਂ ਅਨੁਜੇਸ਼ ਯਾਦਵ ਨੂੰ ਮੈਦਾਨ ’ਚ ਉਤਾਰਿਆ ਹੈ ਜੋ ਸਪਾ ਮੁਖੀ ਅਖਿਲੇਸ਼ ਯਾਦਵ ਦਾ ਚਚੇਰਾ ਭਣਵੱਈਆ ਹੈ। ਇਸ ਸੀਟ ’ਤੇ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੇ ਦੋ ਮੈਂਬਰ ਇੱਕ-ਦੂਜੇ ਖ਼ਿਲਾਫ਼ ਮੈਦਾਨ ’ਚ ਨਜ਼ਰ ਆਉਣਗੇ। ਮੀਰਾਪੁਰ ਸੀਟ ’ਤੇ ਸਮਝੌਤੇ ਤਹਿਤ ਭਾਜਪਾ ਦੀ ਸਹਿਯੋਗੀ ਆਰਐੱਲਡੀ ਨੇ ਮਿਥਲੇਸ਼ ਪਾਲ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਕਟਹਿੜੀ ਸੀਟ ਤੋਂ ਬਸਪਾ ਦੇ ਸਾਬਕਾ ਵਿਧਾਇਕ ਧਰਮਰਾਜ ਨਿਸ਼ਾਦ, ਮਝਵਾਂ ਤੋਂ ਸੁਚਿਸਮਿਤਾ ਮੌਰਿਆ, ਸੀਸਾਮਊ ਤੋਂ ਸੁਰੇਸ਼ ਅਵਸਥੀ, ਫੂਲਪੁਰ ਤੋਂ ਦੀਪਕ ਪਟੇਲ, ਖੈਰ ਤੋਂ ਸੁਰੇਂਦਰ ਦਿਲੇਰ, ਗਾਜ਼ੀਆਬਾਦ ਤੋਂ ਸੰਜੀਵ ਸ਼ਰਮਾ ਤੇ ਕੁੰਦਰਕੀ ਸੀਟ ਤੋਂ ਰਾਮਵੀਰ ਸਿੰਘ ਠਾਕੁਰ ਨੂੰ ਉਮੀਦਵਾਰ ਐਲਾਨਿਆ ਹੈ। -ਪੀਟੀਆਈ
‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਕਰਾਂਗੇ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਨੇ ਅੱਜ ਕਿਹਾ ਕਿ ਉਸ ਨੇ ਸੰਵਿਧਾਨ, ਸਮਾਜਿਕ ਸੁਹਿਰਦਤਾ ਤੇ ਭਾਈਚਾਰੇ ਦੀ ਰਾਖੀ ਲਈ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ ਉਪ ਚੋਣਾਂ ’ਚ ਆਪਣਾ ਉਮੀਦਵਾਰ ਨਾ ਉਤਾਰਨ ਤੇ ਸਮਾਜਵਾਦੀ ਪਾਰਟੀ ਦੇ ਨਿਸ਼ਾਨ ‘ਸਾਈਕਲ’ ’ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਹਮਾਇਤ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨਾਲ ਵਿਚਾਰ ਚਰਚਾ ਤੋਂ ਬਾਅਦ ਸਮਾਜ, ਸੂਬੇ ਤੇ ਦੇਸ਼ ਦੇ ਹਿੱਤ ’ਚ ਇਹ ਫ਼ੈਸਲਾ ਲਿਆ ਗਿਆ ਹੈ। -ਪੀਟੀਆਈ