ਮੈਟਰੋ ਰੇਲ ਪ੍ਰਾਜੈਕਟ ਲਈ ਪੰਜਾਬ ਤੇ ਹਰਿਆਣਾ ਦੀ ਸਲਾਹ ਲਵੇਗਾ ਯੂਟੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੁਲਾਈ
ਚੰਡੀਗੜ੍ਹ ਟ੍ਰਾਈਸਿਟੀ ’ਚ ਆਵਾਜਾਈ ਸਮੱਸਿਆ ਦੇ ਨਿਪਟਾਰੇ ਲਈ ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਮੋਬੀਲਿਟੀ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਆਵਾਜਾਈ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਵੱਲੋਂ ਟ੍ਰਾਈਸਿਟੀ ’ਚ ਮੈਟਰੋ ਰੇਲ ਪ੍ਰਾਜੈਕਟ ਨੂੰ ਜਲਦ ਸ਼ੁਰੂ ਕਰਨ ਬਾਰੇ ਵੀ ਵਿਚਾਰ ਕੀਤੀ ਜਾ ਰਿਹਾ ਹੈ। ਅੱਜ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਦੀ ਅਗਵਾਈ ਹੇਠ ਇਸ ਸਬੰਧੀ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਮੈਟਰੋ ਰੇਲ ਪ੍ਰਾਜੈਕਟ ਲਈ ਪੰਜਾਬ ਤੇ ਹਰਿਆਣਾ ਦੀ ਸਲਾਹ ਵੀ ਲਈ ਜਾਵੇਗੀ। ਹੁਣ ਟ੍ਰਾਈਸਿਟੀ ਸਾਂਝੇ ਤੌਰ ’ਤੇ ਮੈਟਰੋਲ ਰੇਲ ਪ੍ਰਾਜੈਕਟ ਬਾਰੇ ਬੋਰਡ ਵੱਲੋਂ ਰਿਪੋਰਟ ਕਰਕੇ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਭੇਜੇਗਾ।
ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਆਵਾਜਾਈ ਸਮੱਸਿਆ ਦੇ ਨਿਪਟਾਰੇ ਲਈ ਪਿਛਲੇ ਲੰਬੇ ਸਮੇਂ ਤੋਂ ਸਰਵੇਖਣ ਕੀਤੇ ਜਾ ਰਹੇ ਹਨ। ਇਸ ਲਈ ਰਾਈਟਸ ਕੰਪਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਕੰਪਨੀ ਤੇ ਪ੍ਰਸ਼ਾਸਨ ਵੱਲੋਂ ਟ੍ਰਾਈਸਿਟੀ ’ਚ ਆਵਾਜਾਈ ਸਮੱਸਿਆ ਦੇ ਹੱਲ ਲਈ ਵਿਕਲਪਿਕ ਰਾਹ ਲੱਭੇ ਜਾ ਰਹੇ ਹਨ, ਜਿਸ ਵਿੱਚ ਮੈਟਰੋ ਰੈਲ ਵੀ ਸ਼ਾਮਲ ਹੈ। ਲਗਪਗ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਟਰਾਈਸਿਟੀ ਵਿੱਚ ਮੈਟਰੋ ਲਿਆਉਣ ਲਈ ਪ੍ਰਾਵਨਗੀ ਦਿੱਤੀ ਗਈ ਹੈ।
ਰਾਈਟਸ ਨੇ ਸ਼ਹਿਰ ਵਿੱਚ ਮੈਟਰੋ ਨੂੰ ਦੋ ਪੜਾਅ ’ਚ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪਹਿਲਾ ਪੜਾਅ ਸਾਲ 2027 ਤੇ ਦੂਜਾ 2037 ਵਿੱਚ ਸ਼ੁਰੂ ਕੀਤਾ ਜਾ ਸਕੇਗਾ। ਇਸ ਲਈ ਮੈਟਰੋ ਰੇਲ ਨੂੰ ਸ਼ਹਿਰ ਵਿੱਚ ਤਿੰਨ ਰੂਟਾਂ ’ਤੇ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਸਾਰੰਗਪੁਰ ਤੋਂ ਆਈਐੱਸਬੀਟੀ ਪੰਚਕੂਲਾ (18 ਕਿਲੋਮੀਟਰ) ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਰੌਕ ਗਾਰਡਨ ਤੋਂ ਆਈਐੱਸਬੀਟੀ ਜ਼ੀਰਕਪੁਰ ਵਾਇਆ ਇੰਡਸਟਰੀਅਲ ਏਰੀਆ ਤੇ ਚੰਡੀਗੜ੍ਹ ਏਅਰਪੋਰਟ (35 ਕਿਲੋਮੀਟਰ) ਅਤੇ ਸੈਕਟਰ-39 ਅਨਾਜ ਮੰਡੀ ਚੌਕ ਤੋਂ ਸੈਕਟਰ-26 (13 ਕਿਲੋਮੀਟਰ) ਤੱਕ ਸ਼ੁਰੂ ਕੀਤੀ ਜਾਵੇਗੀ। ਜਦੋਂ ਕਿ ਦੂਜੇ ਪੜਾਅ ’ਚ ਸਾਲ 2037 ਤੋਂ ਬਾਅਦ ’ਚ ਵਿਕਸਿਤ ਕੀਤਾ ਜਾਵੇਗਾ। ਇਸ ਵਿੱਚ ਚਾਰ ਰੂਟ ਤਿਆਰ ਕੀਤੇ ਗਏ ਹਨ। ਆਈਐੱਸਬੀਟੀ ਪੰਚਕੂਲਾ ਤੋਂ ਪੰਚਕੂਲਾ ਐਕਸਟੈਂਸ਼ਨ (4.5 ਕਿਲੋਮੀਟਰ), ਨਿਊ ਚੰਡੀਗੜ੍ਹ ਤੋਂ ਸਾਰੰਗਪੁਰ (5.5 ਕਿਲੋਮੀਟਰ) ਅਤੇ ਏਅਰਪੋਰਟ ਚੌਕ ਤੋਂ ਮਾਣਕਪੁਰ ਕੱਲਰ (5 ਕਿਲੋਮੀਟਰ) ਅਤੇ ਜ਼ੀਰਕਪੁਰ ਬੱਸ ਅੱਡੇ ਤੋਂ ਪਿੰਜੌਰ (20 ਕਿਲੋਮੀਟਰ) ਤੱਕ ਮੈਟਰੋ ਸ਼ੁਰੂ ਕੀਤੀ ਜਾਵੇਗੀ।