For the best experience, open
https://m.punjabitribuneonline.com
on your mobile browser.
Advertisement

ਸੈਨੇਟ ਚੋਣਾਂ: ਵਿਦਿਆਰਥੀਆਂ ਵੱਲੋਂ ’ਵਰਸਿਟੀ ਦਾ ਗੇਟ ਬੰਦ ਕਰ ਕੇ ਧਰਨਾ

06:45 AM Nov 27, 2024 IST
ਸੈਨੇਟ ਚੋਣਾਂ  ਵਿਦਿਆਰਥੀਆਂ ਵੱਲੋਂ ’ਵਰਸਿਟੀ ਦਾ ਗੇਟ ਬੰਦ ਕਰ ਕੇ ਧਰਨਾ
ਯੂਨੀਵਰਸਿਟੀ ਦੇ ਗੇਟ ਵੱਲ ਵਧ ਰਹੇ ਵਿਦਿਆਰਥੀਆਂ ਨੂੰ ਰੋਕਦੇ ਹੋਈ ਪੁਲੀਸ। -ਫੋਟੋ: ਵਿੱਕੀ ਘਾਰੂ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 26 ਨਵੰਬਰ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅੱਜ ਸੰਵਿਧਾਨ ਅਪਣਾਉਣ ਵਾਲੇ ਦਿਨ ਫਿਰ ਵਾਈਸ ਚਾਂਸਲਰ ਦਫ਼ਤਰ ਤੋਂ ਲੈ ਕੇ ਪੈਦਲ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ’ਵਰਸਿਟੀ ਦਾ ਗੇਟ ਨੰਬਰ-2 ਬੰਦ ਕਰ ਕੇ ਧਰਨਾ ਦਿੱਤਾ। ਗੇਟ ਤੱਕ ਪਹੁੰਚਣ ਤੋਂ ਰੋਕਣ ਲਈ ਚੰਡੀਗੜ੍ਹ ਪੁਲੀਸ ਅਤੇ ਪੀਯੂ ਦੀ ਸਕਿਓਰਿਟੀ ਨੇ ਅੱਜ ਵੀ ਧੱਕਾਮੁੱਕੀ ਕੀਤੀ ਅਤੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕੀਤਾ ਪਰ ਪੁਲੀਸ ਦੀਆਂ ਲਾਠੀਆਂ ਉਨ੍ਹਾਂ ਨੂੰ ਰੋਕਣ ਵਿੱਚ ਨਾਕਾਮ ਰਹੀਆਂ ਅਤੇ ਵਿਦਿਆਰਥੀ ਗੇਟ ਤੱਕ ਪਹੁੰਚ ਗਏ। ਗੇਟ ਬੰਦ ਕਰ ਕੇ ਬੈਠੇ ਵਿਦਿਆਰਥੀਆਂ ਨੇ ਪੀਯੂ ਅਥਾਰਿਟੀ, ਚੰਡੀਗੜ੍ਹ ਪੁਲੀਸ ਅਤੇ ਚੀਫ ਸੁਰੱਖਿਆ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਗੇਟ ’ਤੇ ਧਰਨਾ ਮਾਰ ਕੇ ਬੈਠੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਕਨਵੀਨਰ ‘ਸੱਥ’ ਤੋਂ ਰਿਮਲਜੋਤ ਸਿੰਘ, ਅਸ਼ਮੀਤ ਸਿੰਘ, ਐੱਸਐੱਫਐੱਸ ਤੋਂ ਸੰਦੀਪ, ਗਗਨ, ਅੰਬੇਡਕਰ ਸਟੂਡੈਂਟਸ ਫੋਰਮ ਤੋਂ ਗੁਰਦੀਪ ਸਿੰਘ, ਪੰਜਾਬਨਾਮੇ ਤੋਂ ਸੁਖਮਨ, ਪੀਐੱਸਯੂ (ਲਲਕਾਰ) ਤੋਂ ਜ਼ੋਬਨ ਅਤੇ ਸਾਰਾਹ ਆਦਿ ਨੇ ਮੰਗ ਦੁਹਰਾਈ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਅਤੇ ਇਸ ਨੂੰ ਪੰਜਾਬ ਸੂਬੇ ਦੀ ਹੀ ਯੂਨੀਵਰਸਿਟੀ ਐਲਾਨਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ।
ਧਰਨੇ ਵਾਲੀ ਥਾਂ ਉੱਤੇ ਡੀਐੱਸਡਬਲਿਊ (ਲੜਕੇ) ਅਮਿਤ ਚੌਹਾਨ ਅਤੇ ਡੀਐੱਸਡਬਲਿਊ (ਲੜਕੀਆਂ) ਸਿਮਰਤ ਕਾਹਲੋਂ ਨੇ ਵੀ ਪਹੁੰਚ ਕੇ ਵਿਦਿਆਰਥੀਆਂ ਨੂੰ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਕਿ ਸੈਨੇਟ ਚੋਣਾਂ ਕਰਵਾਉਣ ਲਈ ਚਾਂਸਲਰ ਦਫ਼ਤਰ ਨੂੰ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ ਅਤੇ ਪੁਲੀਸ ਕੇਸ ਰੱਦ ਕਰਵਾਉਣ ਲਈ ਅਥਾਰਿਟੀ ਵੱਲੋਂ ਪ੍ਰਕਿਰਿਆ ਆਰੰਭੀ ਹੋਈ ਹੈ। ਦੋਵੇਂ ਅਧਿਕਾਰੀਆਂ ਦੀ ਗੱਲ ਨੂੰ ਵਿਦਿਆਰਥੀਆਂ ਨੇ ਲਿਖਤੀ ਰੂਪ ਵਿੱਚ ਮੰਗਿਆ ਤਾਂ ਉਹ ਬੇਵੱਸ ਨਜ਼ਰ ਆਏ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਸਾਹਮਣੇ ਹੀ ਅਥਾਰਿਟੀ ਅਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਰਚਿਤ ਗਰਗ, ਵਿਦਿਆਰਥੀ ਆਗੂ ਸਿਕੰਦਰ ਬੂਰਾ ਵੀ ਹਾਜ਼ਰ ਸਨ।

Advertisement

ਅਕਾਲੀ ਆਗੂ ਮਜੀਠੀਆ ਵੱਲੋਂ ਧਰਨੇ ਵਿੱਚ ਸ਼ਮੂਲੀਅਤ

ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਐੱਸਓਆਈ ਦੇ ਕਾਰਕੁਨਾਂ ਸਣੇ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨੇ ਵਿੱਚ ਸ਼ਾਮਲ ਹੋਏ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਵਿਦਿਆਰਥੀਆਂ ਉੱਤੇ ਦਰਜ ਕੇਸ ਦੀ ਨਿਖੇਧੀ ਕੀਤੀ।

Advertisement

Advertisement
Author Image

joginder kumar

View all posts

Advertisement