ਹਾਕਮ ਧਿਰ ਦੇ ਉਮੀਦਵਾਰਾਂ ਨੂੰ ਵਿੱਤੀ ਸਹਾਇਤਾ ਲਈ ਪੁਲੀਸ ਵਾਹਨਾਂ ਦੀ ਵਰਤੋਂ: ਪਵਾਰ
ਬਾਰਾਮਤੀ, 2 ਨਵੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ) (ਐੱਨਸੀਪੀ-ਐੱਸਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਦੋਸ਼ ਲਾਇਆ ਕਿ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਕਮ ਧਿਰ ਦੇ ਉਮੀਦਵਾਰਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਲਈ ਪੁਲੀਸ ਦੇ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸਾਬਕਾ ਕੇਂਦਰੀ ਮੰਤਰੀ ਪਵਾਰ ਨੇ ਇੱਥੇ ਗੋਵਿੰਦਬਾਗ ਸਥਿਤ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ’ਚ ਜਨਤਕ ਢੰਗ ਨਾਲ ਹੋਰ ਗੱਲ ਕਰਨਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਕਰਨਗੇ ਕਿਉਂਕਿ ਇਸ ਨਾਲ ਉਨ੍ਹਾਂ ਅਧਿਕਾਰੀਆਂ ਨੂੰ ਠੇਸ ਪੁੱਜੇਗੀ, ਜਿਨ੍ਹਾਂ ਨੇ ਇਹ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕੀਤੀ ਹੈ। ਪਵਾਰ ਦੇ ਪੋਤੇ ਤੇ ਪਾਰਟੀ ਦੇ ਉਮੀਦਵਾਰਰ ਯੁਗੇਂਦਰ ਪਵਾਰ (ਬਾਰਾਮਤੀ) ਅਤੇ ਰੋਹਿਤ ਪਵਾਰ (ਕਰਜਾਤ-ਜਾਮਖੇੜ) ਵੀ ਪੱਤਰਕਾਰ ਸੰਮੇਲਨ ’ਚ ਹਾਜ਼ਰ ਸਨ। ਪਵਾਰ ਪਰਿਵਾਰ ਹਰ ਸਾਲ ਗੋਵਿੰਦਬਾਗ ’ਚ ਮਿਲਦਾ ਹੈ ਪਰ ਇਸ ਸਾਲ ਉਪ ਮੁੱਖ ਮੰਤਰੀ ਅਜੀਤ ਪਵਾਰ ਤੇ ਉਨ੍ਹਾਂ ਦਾ ਪਰਿਵਾਰ ਇਸ ’ਚ ਸ਼ਾਮਲ ਨਹੀਂ ਹੋਇਆ। ਉਨ੍ਹਾਂ ਕਿਹਾ, ‘ਇਹ ਸਾਲਾਂ ਤੋਂ ਇੱਕ ਰਵਾਇਤ ਰਹੀ ਹੈ। ਅਸੀਂ ਇੱਥੇ ਇਕੱਠੇ ਹੁੰਦੇ ਹਾਂ। ਇਹ ਰਵਾਇਤ ਅੱਜ ਵੀ ਜਾਰੀ ਰਹਿੰਦੀ ਤਾਂ ਮੈਨੂੰ ਖੁਸ਼ੀ ਹੁੰਦੀ।’ ਪਵਾਰ ਨੇ ਦਾਅਵਾ ਕੀਤਾ, ‘ਸਾਨੂੰ ਕਈ ਜ਼ਿਲ੍ਹਿਆਂ ਦੇ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਹਾਕਮ ਧਿਰ ਦੇ ਉਮੀਦਵਾਰਾਂ ਨੂੰ ਚੋਣਾਂ ਲਈ ਵਿੱਤੀ ਸਹਾਇਤਾ ਮਿਲ ਰਹੀ ਹੈ।’ -ਪੀਟੀਆਈ