For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਤੱਕ ਸਿੱਧੀ ਪਹੁੰਚ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ

07:20 AM Mar 25, 2024 IST
ਕਿਸਾਨਾਂ ਤੱਕ ਸਿੱਧੀ ਪਹੁੰਚ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ
Advertisement

ਮੱਖਣ ਸਿੰਘ ਭੁੱਲਰ*

ਅਜੋਕੇ ਸਮੇਂ ਵਿੱਚ ਸੂਚਨਾ ਅਤੇ ਪਸਾਰ ਤਕਨੀਕਾਂ ਵਿੱਚ ਆਈ ਕ੍ਰਾਂਤੀ ਦਾ ਲਾਹਾ ਹਰ ਖੇਤਰ ਵਿੱਚ ਬਾਖੂਬੀ ਲਿਆ ਜਾ ਰਿਹਾ ਹੈ। ਖੇਤੀ ਖੇਤਰ ਵਿੱਚ ਵੀ ਇਸ ਦੀ ਅਹਿਮੀਅਤ ਬਹੁਤ ਵਧ ਰਹੀ ਹੈ ਅਤੇ ਇਸ ਨਾਲ ਖੇਤੀ ਪਸਾਰ ਨੂੰ ਵੀ ਨਵੀਂ ਦਿਸ਼ਾ ਮਿਲੀ ਹੈ। ਅਜਿਹੇ ਦੌਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀਏਯੂ) ਵੱਲੋਂ ਵੀ ਵੱਧ ਤੋਂ ਵੱਧ ਕਿਸਾਨਾਂ ਤੱਕ ਨਵੀਨਤਮ ਖੇਤੀ ਜਾਣਕਾਰੀ ਅਤੇ ਹੋਰ ਸੇਧਾਂ ਪਹੁੰਚਾਉਣ ਲਈ ਆਪਣੀਆਂ ਪਸਾਰ ਸੇਵਾਵਾਂ ਨੂੰ ਸਮੇਂ ਦਾ ਹਾਣੀ ਬਣਾਇਆ ਗਿਆ ਹੈ। ਯੂਨੀਵਰਸਿਟੀ ਵੱਲੋਂ ਜਿੱਥੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਹਰ ਤਰ੍ਹਾਂ ਦੀ ਜਾਣਕਾਰੀ ਰਵਾਇਤੀ ਢੰਗਾਂ ਜਿਵੇਂ ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ, ਰਸਾਲਿਆਂ ਜਾਂ ਹੋਰ ਅਜਿਹੇ ਮਾਧਿਅਮਾਂ ਰਾਹੀਂ ਪਹੁੰਚਾਈ ਜਾ ਰਹੀ ਹੈ, ਉੱਥੇ ਖੇਤੀ ਕਾਸ਼ਤਕਾਰਾਂ ਤੱਕ ਤੁਰੰਤ ਨਵੀਂ ਜਾਣਕਾਰੀ ਪਹੁੰਚਾਉਣ ਲਈ ਸੂਚਨਾ ਅਤੇ ਤਕਨਾਲੋਜੀ ਦੇ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਜਾਣਕਾਰੀ: ਅਜੋਕੇ ਇਲੈਕਟ੍ਰਾਨਿਕ ਯੁੱਗ ਵਿੱਚ ਵਿੱਚ ਖੇਤੀ ਅਤੇ ਖੇਤੀ ਆਧਾਰਤ ਧੰਦਿਆਂ ਸਬੰਧੀ ਸੰਪੂਰਨ ਜਾਣਕਾਰੀ ਪਹੁੰਚਾਉਣ ਲਈ ਯੂਨੀਵਰਸਿਟੀ ਕਿਸਾਨਾਂ ਦੀ ਸੇਵਾ ਅਤੇ ਸਹਿਯੋਗ ਲਈ ਤਕਰੀਬਨ ਹਰ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਮੌਜੂਦ ਹੈ। ਵੱਖ-ਵੱਖ ਮਾਧਿਅਮ ਜਿਵੇਂ ਪੀਏਯੂ ਵੈੱਬਸਾਈਟ, ਫੇਸਬੁੱਕ, ਟਵਿੱਟਰ (ਐਕਸ), ਪੀਏਯੂ ਕਿਸਾਨ ਐਪ, ਇੰਸਟਾਗ੍ਰਾਮ, ਯੂਟਿਊਬ ਰਾਹੀਂ ਕਿਸਾਨਾਂ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਯੂਨੀਵਰਸਿਟੀ ਵੱਲੋਂ ਹਰ ਵੀਰਵਾਰ ਸਵੇਰੇ 11.00 ਵਜੇ ਆਪਣੇ ਫੇਸਬੁੱਕ ਪੇਜ ਅਤੇ ਯੂਟਿਊਬ ਚੈੱਨਲ ’ਤੇ ਲਾਈਵ ਪ੍ਰੋਗਰਾਮ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਦਿੱਤੇ ਜਾਂਦੇ ਹਨ ਅਤੇ ਸਮੇਂ ਮੁਤਾਬਕ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ। ਵੱਖ-ਵੱਖ ਫ਼ਸਲਾਂ, ਸਬਜ਼ੀਆਂ, ਫ਼ਲਾਂ ਅਤੇ ਹੋਰ ਫ਼ਸਲਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ 82880-57707 ਨੰਬਰ ’ਤੇ ਵਟਸਐਪ ਕਰ ਕੇ ਜਾਂ ਈਮੇਲ (adcomm@pau.edu) ਰਾਹੀਂ ਸਵਾਲ ਕਰ ਸਕਦੇ ਹੋ। ਕਿਸਾਨ ਆਪਣੀ ਫ਼ਸਲ ਦੀ ਕਿਸੇ ਵੀ ਸਮੱਸਿਆ ਦੀ ਫੋਟੋ ਖਿੱਚ ਕੇ ਵੀ ਇਸ ਮੋਬਾਈਲ ਨੰਬਰ ਜਾਂ ਈਮੇਲ ਪਤੇ ’ਤੇ ਭੇਜ ਸਕਦਾ ਹੈ। ਇਸ ਤੋਂ ਇਲਾਵਾ ਖੇਤੀ ਸਬੰਧਿਤ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਹਾਸਲ ਕਰਨ ਲਈ ਕਿਸਾਨ ਪੀਏਯੂ ਦੀ ਵੈੱਬਸਾਈਟ www.pau.edu ’ਤੇ ਪ੍ਰਦਰਸ਼ਿਤ ‘ਫਾਰਮਰ ਪੋਰਟਲ’ ਨੂੰ ਦੇਖ ਸਕਦੇ ਹਨ। ਕਿਸਾਨਾਂ ਦੀ ਸੇਵਾ ਲਈ ਯੂਨੀਵਰਸਿਟੀ ਵੱਲੋਂ ਪੀਏਯੂ ਕਿਸਾਨ ਐਪ ਬਣਾਈ ਹੈ ਜਿਸ ਨੂੰ ਤੁਸੀਂ ਆਪਣੇ ਸਮਾਰਟ ਫੋਨ ’ਤੇ ਡਾਊਨਲੋਡ ਕਰ ਕੇ ਹਰ ਤਰ੍ਹਾਂ ਦੀ ਜਾਣਕਾਰੀ ਕਿਸੇ ਵੇਲੇ ਤੇ ਕਿਸੇ ਵੀ ਸਥਾਨ ’ਤੇ ਹਾਸਲ ਕਰ ਸਕਦੇ ਹੋ। ਜਿਹੜੇ ਕਿਸਾਨ ਇੰਟਰਨੈੱਟ ਨਾਲ ਜੁੜੇ ਹੋਏ ਹਨ, ਉਹ ਪੀਏਯੂ ਦੇ ਦੂਤ ਬਣ ਕੇ ਈਮੇਲ ਰਾਹੀਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਇਸ ਜਾਣਕਾਰੀ ਨੂੰ ਅੱਗੋਂ ਆਪਣੇ ਪਿੰਡ ਵਿੱਚ ਪਸਾਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਹਫ਼ਤੇ ਦੇ ਹਰ ਬੁੱਧਵਾਰ ‘ਖੇਤੀ ਸੰਦੇਸ਼’ ਨਾਂ ਦਾ ਡਿਜੀਟਲ ਅਖ਼ਬਾਰ ਜਾਰੀ ਕੀਤਾ ਜਾਂਦਾ ਹੈ ਜਿਸ ਨੂੰ ਹਾਸਲ ਕਰਨ ਲਈ ਤੁਹਾਨੂੰ ਮੋਬਾਈਲ ਨੰਬਰ 82880-57707 ’ਤੇ ਸਿਰਫ਼ ਮਿਸਡ ਕਾਲ ਦੇਣ ਦੀ ਹੀ ਲੋੜ ਹੈ। ਇਨ੍ਹਾਂ ਤੋਂ ਇਲਾਵਾ ਖੇਤੀ ਅਤੇ ਇਸ ਨਾਲ ਸਬੰਧਿਤ ਧੰਦਿਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਛੋਟੀਆਂ-ਛੋਟੀਆਂ ਰੀਲਾਂ ਬਣਾ ਕੇ ਟਵਿੱਟਰ (ਐਕਸ), ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਪਾਈਆਂ ਜਾਂਦੀਆਂ ਹਨ ਤਾਂ ਕਿ ਕਿਸੇ ਫ਼ਸਲ ਜਾਂ ਹੋਰ ਧੰਦੇ ਸਬੰਧੀ ਸਮੱਸਿਆ ਦੇ ਹੱਲ ਸਬੰਧੀ ਜਾਣਕਾਰੀ ਤੁਰੰਤ ਪਹੁੰਚਾਈ ਜਾ ਸਕੇ। ਖੇਤੀ ਅਤੇ ਖੇਤੀ ਆਧਾਰਿਤ ਕੰਮਾਂ ਸਬੰਧੀ ਤੁਰੰਤ ਅਤੇ ਨਵੀਨਤਮ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਆਪਣੇ ਕਿਸੇ ਵੀ ਸਮਾਰਟ ਫੋਨ ’ਤੇ ਯੂਨੀਵਰਸਿਟੀ ਵੱਲੋਂ ਚਲਾਏ ਜਾਂਦੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਡਾਊਨਲੋਡ ਕਰ ਸਕਦੇ ਹੋ।
ਪਿਛਲੇ ਕੁਝ ਸਾਲਾਂ ਵਿੱਚ ਮੌਸਮ ਵਿੱਚ ਬਹੁਤ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਸਿੱਟੇ ਵਜੋਂ ਨਵੇਂ ਕੀੜੇ ਅਤੇ ਬਿਮਾਰੀਆਂ ਨਾਲ ਫ਼ਸਲ ਪ੍ਰਭਾਵਿਤ ਹੁੰਦੀ ਹੈ। ਮੌਸਮ ਦੇ ਬਦਲੇ ਮਿਜ਼ਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਮੋਬਾਈਲ ਫੋਨ ’ਤੇ ਹਰ ਹਫ਼ਤੇ ਸੰਦੇਸ਼ ਭੇਜ ਕੇ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਆਲੂਆਂ ਦੀ ਫ਼ਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਮੌਸਮ ਨਾਲ ਆਧਾਰਿਤ ਇੰਟਰਨੈੱਟ ਆਧਾਰਿਤ ਨਿਰਣਾਇਕ ਪ੍ਰਣਾਲੀ ਕਿਸਾਨਾਂ ਨੂੰ ਦਿੱਤੀ ਹੈ ਜੋ ਯੂਨੀਵਰਸਿਟੀ ਦੀ ਵੈੱਬਸਾਈਟ ਉੱਪਰ ਮੌਜੂਦ ਹੈ।
ਟੈਲੀਫੋਨ ਰਾਹੀਂ ਜਾਣਕਾਰੀ: ਖੇਤੀਬਾੜੀ ਨਾਲ ਸਬੰਧਿਤ ਵੱਖੋ-ਵੱਖ ਵਿਸ਼ਿਆਂ ਦੇ ਮਾਹਿਰ ਵੀ ਕਿਸਾਨਾਂ ਨੂੰ ਸਲਾਹ-ਮਸ਼ਵਰਾ ਸੇਵਾਵਾਂ ਮੁਹੱਈਆ ਕਰਨ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ। ਇਨ੍ਹਾਂ ਵਿਗਿਆਨੀਆਂ ਦੇ ਫੋਨ ਨੰਬਰ ਪੀਏਯੂ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀਆਂ ਸਿਫ਼ਾਰਸ਼ਾਂ, ਫਲ ਅਤੇ ਸਬਜ਼ੀਆਂ ਦੀ ਕਾਸ਼ਤ ਵਾਲੀਆਂ ਸਿਫ਼ਾਰਸ਼ਾਂ ਵਾਲੀਆਂ ਕਿਤਾਬਾਂ ਤੋਂ ਇਲਾਵਾ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਦਿੱਤੇ ਜਾਂਦੇ ਹਨ, ਜਿੱਥੋਂ ਨੰਬਰ ਲੈ ਕੇ ਤੁਸੀਂ ਇਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਇਨ੍ਹਾਂ ਕਿਤਾਬਾਂ ਵਿੱਚ ਦਿੱਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫ਼ਾਰਮ ਸਲਾਹਕਾਰ ਸੇਵਾ ਕੇਦਰਾਂ, ਖੇਤਰੀ ਖੋਜ ਕੇਂਦਰਾਂ, ਫ਼ਲਦਾਰ ਬੂਟਿਆਂ ਦੀਆਂ ਨਰਸਰੀਆਂ ਦੇ ਫੋਨ ਨੰਬਰਾਂ ’ਤੇ ਸੰਪਰਕ ਕਰ ਕੇ ਖੇਤੀ ਤਕਨੀਕਾਂ, ਬੀਜਾਂ ਅਤੇ ਫ਼ਲਦਾਰ ਪੌਦਿਆਂ, ਹੋਰ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਕਿਸਾਨ 0161-401960 ਨੰਬਰ ’ਤੇ ਫੋਨ ਕਰ ਕੇ 417 ਐਕਸਟੈਨਸ਼ਨ ਨੰਬਰ ਮੰਗ ਕੇ ਪੀਏਯੂ ਕਿਸਾਨ ਹੈਲਪਲਾਈਨ ਦਾ ਲਾਹਾ ਲੈ ਸਕਦੇ ਹਨ।
ਲਿਖਤੀ ਜਾਣਕਾਰੀ ਅਤੇ ਪ੍ਰਕਾਸ਼ਨਾਵਾਂ: ਖੇਤੀ ਨੂੰ ਵਿਗਿਆਨਕ ਲੀਹਾਂ ’ਤੇ ਤੋਰਨ ਲਈ ਯੂਨੀਵਰਸਿਟੀ ਵਲੋਂ ਹਾੜ੍ਹੀ ਸਾਉਣੀ, ਫਲ ਅਤੇ ਸਬਜ਼ੀਆਂ ਦੀਆਂ ਸਿਫ਼ਾਰਸ਼ਾਂ ਵਾਲੀਆਂ ਕਿਤਾਬਾਂ ਤੋਂ ਇਲਾਵਾ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ, ਮਹੀਨਾਵਾਰ ਰਸਾਲੇ ਵੀ ਛਾਪੇ ਜਾਂਦੇ ਹਨ, ਜੋ ਕਿ ਕਿਸਾਨਾਂ ਨੂੰ ਲਾਗਤ ਮੁੱਲ ’ਤੇ ਹੀ ਮੁਹੱਈਆ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਲੋਂ ਹੋਰ ਵੀ ਬਹੁਤ ਸਾਰੇ ਵਿਸ਼ਿਆਂ ’ਤੇ ਕਿਤਾਬਚੇ ਛਾਪੇ ਜਾਂਦੇ ਹਨ। ਇਹ ਪ੍ਰਕਾਸ਼ਨਾਵਾਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਥਿਤ ਕੇਵੀਕੇ, ਫਾਰਮ ਸਲਾਹਕਾਰ ਸੇਵਾ ਕੇਂਦਰਾਂ ਜਾਂ ਖੇਤਰੀ ਖੋਜ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਜ਼ਿਲ੍ਹਾ ਪੱਧਰੀ ਪਸਾਰ ਕੇਂਦਰਾਂ ਦੀਆਂ ਸੇਵਾਵਾਂ: ਅਜੋਕੇ ਦੌਰ ਵਿਚ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਕਿਸਾਨਾਂ ਨੂੰ ਲਗਾਤਾਰ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਕੇਂਦਰਾਂ ਵਲੋਂ ਵੱਖ-ਵੱਖ ਵਿਸ਼ਿਆਂ ਮੁਤਾਬਕ ਵਟਸਐਪ ਗਰੁੱਪ ਬਣਾ ਕੇ, ਖੇਤੀ ਵਿਕਾਸ ਨਾਲ ਜੁੜੇ ਮਹਿਕਮਿਆਂ ਜਿਵੇਂ ਕਿ ਖੇਤੀਬਾੜੀ, ਬਾਗ਼ਬਾਨੀ, ਕੋਆਪਰੇਟਿਵ ਮਹਿਕਮੇ, ਪਿੰਡਾਂ ਦੀਆਂ ਪੰਚਾਇਤਾਂ ਦੇ ਗੁਰੱਪਾਂ ਵਿਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਕਰ ਕੇ ਖੇਤੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਵੱਖ-ਵੱਖ ਖੇਤੀ ਤਕਨੀਕਾਂ ਨੂੰ ਲਿਖਤੀ ਰੂਪ ਵਿਚ ਜਾਂ ਛੋਟੀਆਂ ਫ਼ਿਲਮਾਂ ਬਣਾ ਕੇ ਵੀ ਕਿਸਾਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਕਿਸਾਨ ਮੋਬਾਈਲ ਐਡਵਾਈਜ਼ਰੀ ਸਰਵਿਸ ਸ਼ੁਰੂ ਕੀਤੀ ਗਈ ਹੈ ਅਤੇ ਇਸ ਸਮੇਂ ਇਸ ਸੇਵਾ ਲਈ ਹਜ਼ਾਰਾਂ ਕਿਸਾਨਾਂ ਨੇ ਆਪਣਾ ਨਾਮ ਦਰਜ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਸਥਿਤ ਖੇਤੀ ਸਲਾਹਕਾਰੀ ਸੇਵਾ ਕੇਂਦਰ ਖੇਤੀ ਸਬੰਧੀ ਆਧੁਨਿਕ ਅਤੇ ਸੁਧਰੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵੱਡੀ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਕੇਂਦਰਾਂ ਵਲੋਂ ਆਪਣੇ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ ਖੇਤੀ ਉਤਪਾਦਨ, ਪੌਦ-ਸੁਰੱਖਿਆ ਤਕਨੀਕਾਂ ਅਤੇ ਖੇਤੀ ਸਾਧਨਾਂ ਦੀ ਸੁਚੱਜੀ ਵਰਤੋਂ ਬਾਰੇ ਸਲਾਹ ਦਿਤੀ ਜਾਂਦੀ ਹੈ। ਪੀਏਯੂ ਨੇ ਖੇਤੀ ਦੂਤ ਰਾਹੀਂ ਸੁਨੇਹੇ ਦੇ ਕੇ ਤਕਨੀਕੀ ਜਾਣਕਾਰੀ ਕਿਸਾਨ ਤੱਕ ਪਹੁੰਚਦੀ ਕਰਨ ਵਿੱਚ ਪਹਿਲਕਦਮੀ ਕੀਤੀ ਹੈ। ਇਨ੍ਹਾਂ ਨੂੰ ਈਮੇਲ ਰਾਹੀਂ ਖੇਤੀਬਾੜੀ ਸਬੰਧਿਤ ਐਡਵਾਇਜ਼ਰੀ ਭੇਜੀ ਜਾਂਦੀ ਹੈ, ਤਾਂ ਕਿ ਉਹ ਆਪੋ ਆਪਣੇ ਪਿੰਡ ਵਿਚ ਉਸ ਜਾਣਕਾਰੀ ਨੂੰ ਦੂਜੇ ਕਿਸਾਨਾਂ ਤਕ ਵੀ ਪਹੁੰਚਦਾ ਕਰ ਸਕਣ। ਇਸ ਸਬੰਧ ਵਿਚ ਕਿਸਾਨ ਆਪਣਾ ਈਮੇਲ ਪਤਾ ਆਪਣੇ ਨਜ਼ਦੀਕ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਦਫ਼ਤਰ ਵਿਚ ਦੇ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੋਰਸ: ਯੂਨੀਵਰਸਿਟੀ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਪੀਏਯੂ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਕਿਸਾਨਾਂ ਤੇ ਬੀਬੀਆਂ ਲਈ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ। ਇਨ੍ਹਾਂ ਸਿਖਲਾਈ ਕੋਰਸਾਂ ਦਾ ਸਾਰਾ ਬਿਓਰਾ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਪ੍ਰਦਰਸ਼ਿਤ ਕਿਸਾਨ ਪੋਰਟਲ ਤੋਂ ਇਲਾਵਾ, ਚੰਗੀ ਖੇਤੀ ਜਾਂ ਪ੍ਰੋਗਰੈਸਿਵ ਫ਼ਾਰਮਿੰਗ ਰਸਾਲਿਆਂ ਦੇ ਪਿਛਲੇ ਪੰਨਿਆਂ ਉੱਪਰ ਵੀ ਦਿੱਤਾ ਜਾਂਦਾ ਹੈ। ਯੂਨੀਵਰਸਿਟੀ ਦੀਆਂ ਕਿਤਾਬਾਂ ’ਚ ਦਿੱਤੇ ਗਏ ਟੈਲੀਫੋਨ ਨੰਬਰਾਂ ’ਤੇ ਸੰਪਰਕ ਕਰ ਕੇ ਵੀ ਸਿਖਲਾਈ ਕੋਰਸ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਕਿਸਾਨਾਂ ਤੇ ਬੀਬੀਆਂ ਲਈ ਲਗਦੇ ਵਿਸ਼ੇਸ਼ ਸਿਖਲਾਈ ਕੋਰਸਾਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਨਾਲ ਰਾਬਤਾ ਕਇਮ ਕਰਨ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਦੇ ਹੋਮ ਪੇਜ ’ਤੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਸਿਖਲਾਈ ਲਈ ਅਰਜ਼ੀ ਦੇ ਸਕਦੇ ਹਨ।

Advertisement

*ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ।

Advertisement

Advertisement
Author Image

sukhwinder singh

View all posts

Advertisement