ਅਮਰੀਕੀ ਰਾਸ਼ਟਰਪਤੀ ਚੋਣ: ਹੈਰਿਸ ਤੇ ਟਰੰਪ ਵਿਚਾਲੇ ਫਸਵਾਂ ਮੁਕਾਬਲਾ
ਨਿਊਯਾਰਕ, 26 ਅਕਤੂਬਰ
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਦੋ ਸਰਵੇਖਣਾਂ ਵਿੱਚ ਡੈਮੋਕਰੈਟਿਕ ਉਮੀਦਵਾਰ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਟਰੰਪ ਦਰਮਿਆਨ ਬਰਾਬਰ ਵੋਟਾਂ ਵਾਲੀ ਸਥਿਤੀ ਸਾਹਮਣੇ ਆਈ ਹੈ। ਇਹ ਸਰਵੇਖਣ ‘ਨਿਊਯਾਰਕ ਟਾਈਮਜ਼’ ਅਤੇ ‘ਸੀਐੱਨਐੱਨ’ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੌਰਾਨ ਅਮਰੀਕਾ ਦੇ ਦੋ ਵੱਡੇ ਅਖ਼ਬਾਰਾਂ ‘ਵਾਸ਼ਿੰਗਟਨ ਪੋਸਟ’ ਤੇ ‘ਲਾਸ ਏਂਜਲਸ ਟਾਈਮਜ਼’ ਨੇ ਵੀ ਕਿਸੇ ਉਮੀਦਵਾਰ ਦੀ ਹਮਾਇਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ‘ਨਿਊਯਾਰਕ ਟਾਈਮਜ਼’ ਦੇ ਤਾਜ਼ਾ ਸਰਵੇਖਣ ਵਿੱਚ ਦੋਵਾਂ ਉਮੀਦਵਾਰਾਂ ਨੂੰ 48 ਫ਼ੀਸਦ ਵੋਟਿੰਗ ਨਾਲ ਬਰਾਬਰੀ ਵਾਲੀ ਸਥਿਤੀ ਵਿੱਚ ਦਿਖਾਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕਮਲਾ ਹੈਰਿਸ ਨੂੰ ਤਿੰਨ ਫ਼ੀਸਦੀ ਦੀ ਲੀਡ ਹਾਸਲ ਸੀ, ਜੋ ਹੁਣ ਖ਼ਤਮ ਹੁੰਦੀ ਦਿਖਾਈ ਗਈ ਹੈ। ਸੀਐੱਨਐੱਨ ਦੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 47 ਫੀਸਦ ਵੋਟਰਾਂ ਵੱਲੋਂ ਡੈਮੋਕਰੈਟਿਕ ਉਮੀਦਵਾਰ ਹੈਰਿਸ ਦਾ ਸਮਰਥਨ ਕਰਨ ਦੀ ਸੰਭਾਵਨਾ ਹੈ, ਜਦੋਂਕਿ 47 ਫੀਸਦ ਹੀ ਰਿਪਬਲਿਕਨ ਉਮੀਦਵਾਰ ਟਰੰਪ ਦਾ ਸਮਰਥਨ ਕਰ ਸਕਦੇ ਹਨ। -ਆਈਏਐੱਨਐੱਸ