ਸਖ਼ਤ ਪ੍ਰਬੰਧਾਂ ਹੇਠ ਹੋਈ ਯੂਪੀਐੱਸਸੀ ਦੀ ਪ੍ਰੀਖਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਜੂਨ
ਇੱਥੋਂ ਦੇ ਕਾਲਜਾਂ ਤੇ ਸਕੂਲਾਂ ਵਿਚ ਅੱਜ ਯੂਪੀਐਸਸੀ ਸਿਵਲ ਸਰਵਿਸਿਜ਼ (ਪ੍ਰੀਲਿਮਨਰੀ) ਪ੍ਰੀਖਿਆ ਸਖ਼ਤ ਪ੍ਰਬੰਧਾਂ ਹੇਠ ਲਈ ਗਈ। ਇਹ ਪ੍ਰੀਖਿਆ ਦੇਣ ਲਈ ਉੱਤਰੀ ਭਾਰਤ ਵਿੱਚੋਂ ਵੱਡੀ ਗਿਣਤੀ ਪ੍ਰੀਖਿਆਰਥੀ ਪੁੱਜੇ ਜਿਨ੍ਹਾਂ ਲਈ 98 ਸੈਂਟਰ ਬਣਾਏ ਗਏ ਸਨ। ਇਹ ਪ੍ਰੀਖਿਆ ਦੋ ਸੈਸ਼ਨਾਂ ਵਿੱਚ ਕਰਵਾਈ ਗਈ। ਪਹਿਲਾ ਪੇਪਰ ਸਵੇਰੇ 9.30 ਤੋਂ 11.30 ਵਜੇ ਤੱਕ ਜਦੋਂਕਿ ਦੂਜਾ ਪੇਪਰ 2.30 ਤੋਂ ਸ਼ਾਮ 4.30 ਵਜੇ ਲਿਆ ਗਿਆ। ਚੰਡੀਗੜ੍ਹ ਵਿਚ ਅੱਜ ਗਰਮ ਹਵਾਵਾਂ ਚੱਲਣ ਕਾਰਨ ਪ੍ਰੀਖਿਆਰਥੀ ਪ੍ਰੇਸ਼ਾਨ ਹੋਏ। ਪ੍ਰੀਖਿਆ ਕੇਂਦਰਾਂ ਵਿਚ ਗਰਮੀ ਤੋਂ ਬਚਣ ਲਈ ਪਾਣੀ ਅਤੇ ਪੱਖਿਆਂ ਦੇ ਇੰਤਜ਼ਾਮ ਕੀਤੇ ਗਏ ਸਨ ਪਰ ਗਰਮੀ ਕਾਰਨ ਉਨ੍ਹਾਂ ਨੂੰ ਜੂਝਣਾ ਪਿਆ। ਸਰਕਾਰੀ ਕਾਲਜ ਫਾਰ ਬਿਜ਼ਨਸ ਐਡਮਿਨਿਸਟਰੇਸ਼ਨ ਐਂਡ ਕਾਮਰਸ ਸੈਕਟਰ-50 ਦੇ ਬਾਹਰ ਇਕ ਪ੍ਰੀਖਿਆਰਥੀ ਕੁਝ ਮਿੰਟ ਲੇਟ ਹੋ ਗਿਆ ਤੇ ਉਸ ਨੂੰ ਦਾਖ਼ਲੇ ਲਈ ਕਾਫ਼ੀ ਤਰੱਦਦ ਕਰਨਾ ਪਿਆ। ਇਸ ਮੌਕੇ ਪ੍ਰੀਖਿਆ ਦੇਣ ਆਈਆਂ ਲੜਕੀਆਂ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਲਹਾਈਆਂ ਗਈਆਂ। ਸਿੱਖਿਆ ਵਿਭਾਗ ਨੇ ਪ੍ਰੀਖਿਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਆਰੰਭੀਆਂ ਹੋਈਆਂ ਸਨ। ਪ੍ਰੀਖਿਆ ਨੂੰ ਨਿਰਵਿਘਨ ਕਰਵਾਉਣ ਲਈ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ ਕੀਤੀ ਹੋਈ ਸੀ। ਪ੍ਰੀਖਿਆ ਦੇਣ ਆਏ ਉਮੀਦਵਾਰਾਂ ਨੂੰ ਪ੍ਰੀਖਿਆ ਤੋਂ ਕਰੀਬ ਇੱਕ ਘੰਟਾ ਪਹਿਲਾਂ ਕੇਂਦਰਾਂ ਵਿੱਚ ਭੇਜਿਆ ਗਿਆ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪ੍ਰੀਖਿਆ ਲਈ 1200 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਸਨ।
ਇੱਥੋਂ ਆਈਏਐੱਸ ਦੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਰਾਜ ਮਲਹੋਤਰਾ ਨੇ ਦੱਸਿਆ ਕਿ ਅੱਜ ਦਾ ਪੇਪਰ ਪਿਛਲੇ ਸਾਲ ਨਾਲੋਂ ਆਸਾਨ ਸੀ।