For the best experience, open
https://m.punjabitribuneonline.com
on your mobile browser.
Advertisement

ਕੁਆਲੀਫਾਈਡ ਪਰਸਨਾਂ ਤੋਂ ਸੱਖਣੇ ਚੱਲ ਰਹੇ ਹਨ ਮੈਡੀਕਲ ਸਟੋਰ

05:35 PM Jun 27, 2024 IST
ਕੁਆਲੀਫਾਈਡ ਪਰਸਨਾਂ ਤੋਂ ਸੱਖਣੇ ਚੱਲ ਰਹੇ ਹਨ ਮੈਡੀਕਲ ਸਟੋਰ
Advertisement

ਜਗਮੋਹਨ ਸਿੰਘ
ਰੂਪਨਗਰ, 27 ਜੂਨ
ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਾ ਤਸਕਰੀ ਰੋਕਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਉਪਰੰਤ ਪੰਜਾਬ ਪੁਲੀਸ ਵੱਲੋਂ ਚਿੱਟਾ ਵੇਚਣ ਵਾ‌ਲਿਆਂ ਖਿਲਾਫ ਪੂਰੀ ਸਖਤੀ ਵਰਤੀ ਜਾ ਰਹੀ ਹੈ। ਹੁਣ ਨਸ਼ਾ ਕਰਨ ਦੇ ਆਦੀ ਹੋ ਚੁੱਕੇ ਕਾਫੀ ਨੌਜਵਾਨਾਂ ਨੇ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਮੈਡੀਕਲ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਦੇ ਬਹੁਤ ਸਾਰੇ ਮੈਡੀਕਲ ਸਟੋਰ ਮਾਲਕ ਵੀ ਨਸ਼ੇੜੀਆਂ ਨੂੰ ਦਰਦ ਨਿਵਾਰਕ ਦਵਾਈਆਂ ਬਿਨਾਂ ਕਿਸੇ ਡਾਕਟਰ ਦੀ ਪਰਚੀ ਤੋਂ ਹੀ ਦੇ ਦਿੰਦੇ ਹਨ। ਕੁਝ ਸਟੋਰ ਮਾਲਕ ਤਾਂ ਦਰਦ ਨਿਵਾਰਕ ਦਵਾਈਆਂ ਦੇ ਪੂਰੇ ਪੱਤੇ ਹੀ ਦੇ ਦਿੰਦੇ ਹਨ ਅਤੇ ਕੁੱਝ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਦਰਦ ਨਿਵਾਰਕ ਦਵਾਈਆਂ ਦੇ ਪੱਤਿਆਂ ਨੂੰ ਛਿੱਲ ਕੇ ਦਵਾਈਆਂ ਪੱਤਿਆਂ ਤੋਂ ਬਾਹਰ ਕੱਢ ਕੇ ਖੁੱਲ੍ਹੀਆਂ ਵੇਚਦੇ ਹਨ। ਉਂਝ ਸਰਕਾਰੀ ਨਿਯਮਾਂ ਅਨੁਸਾਰ ਕਿਸੇ ਵੀ ਮੈਡੀਕਲ ਸਟੋਰ ’ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨ ਸਮੇਂ ਫਾਰਮੇਸੀ ਦੀ ਡਿਗਰੀ ਜਾਂ ਡਿਪਲੋਮਾ ਹੋਲਡਰ ਲਾਇਸੰਸਧਾਰਕ ਜਿਸ ਨੂੰ ਆਮ ਤੌਰ ਤੇ ਕੁਆਲੀਫਾਈਡ ਪਰਸਨ ਆਖਿਆ ਜਾਂਦਾ ਹੈ ਦਾ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ, ਪਰ ਰੂਪਨਗਰ ਜ਼ਿਲ੍ਹੇ ਅੰਦਰ ਬਹੁਤ ਸਾਰੇ ਮੈਡੀਕਲ ਸਟੋਰਾਂ ’ਤੇ ਕੁਆਲੀਫਾਈਡ ਪਰਸਨ ਕਦੇ ਗੇੜਾ ਤੱਕ ਵੀ ਨਹੀਂ ਮਾਰਦੇ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਅਣਟਰੇਂਡ ਵਿਅਕਤੀ ਹੀ ਦਵਾਈਆਂ ਦੀ ਵਿਕਰੀ ਕਰਦੇ ਹਨ। ਡਰੱਗ ਇੰਸਪੈਕਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਕਿਸੇ ਵੀ ਮੈਡੀਕਲ ਸਟੋਰ ’ਤੇ ਕੁਆਲੀਫਾਈਡ ਪਰਸਨ ਗੈਰ-ਹਾਜ਼ਰ ਪਾਏ ਜਾਣ ’ਤੇ ਮੈਡੀਕਲ ਸਟੋਰ ਦਾ ਲਾਇਸੰਸ ਮੁਅੱਤਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਹਾਲੇ ਕੁੱਝ ਸਮਾਂ ਪਹਿਲਾਂ ਹੀ ਰੂਪਨਗਰ ਜ਼ਿਲ੍ਹੇ ਅੰਦਰ ਜੁਆਇੰਨ ਕੀਤਾ ਹੈ ਤੇ ਉਨ੍ਹਾਂ ਵੱਲੋਂ ਜਲਦੀ ਹੀ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਮੈਡੀਕਲ ਸਟੋਰ ਮਾਲਕ ਬਿਨਾਂ ਡਾਕਟਰ ਦੀ ਪਰਚੀ ਤੋਂ ਦਵਾਈ ਵੇਚਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਕੈਮਿਸਟ ਐਸੋਸੀਏਸ਼ਨ ਗਲਤ ‌ਵਿਅਕਤੀਆਂ ਦਾ ਸਾਥ ਨਹੀਂ ਦੇਵੇਗੀ:- ਸੁਦਰਸ਼ਨ ਚੌਧਰੀ
ਇਸ ਸਬੰਧੀ ਸੰਪਰਕ ਕੀਤੇ ਜਾਣ ਤੇ ਮੈਡੀਕਲ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਗਲਤ ਕੰਮ ਕਰਨ ਵਾਲੇ ਕਿਸੇ ਵੀ ਮੈਡੀਕਲ ਸਟੋਰ ਮਾਲਕ ਦਾ ਸਾਥ ਨਹੀਂ ਦੇਵੇਗੀ।

Advertisement

Advertisement
Author Image

sukhitribune

View all posts

Advertisement
Advertisement
×