ਰਾਜ ਸਭਾ ਵਿੱਚ ਫੋਗਾਟ ਮਾਮਲੇ ’ਤੇ ਹੰਗਾਮਾ
ਨਵੀਂ ਦਿੱਲੀ, 8 ਅਗਸਤ
ਰਾਜ ਸਭਾ ਦੇ ਸਭਾਪਤੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਕੁੜੱਤਣ ਅੱਜ ਇਕ ਵਾਰ ਫਿਰ ਤੋਂ ਉਸ ਵੇਲੇ ਸਾਹਮਣੇ ਆਈ ਜਦੋਂ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਕੁਝ ਹੋਰ ਸੰਸਦ ਮੈਂਬਰਾਂ ਨਾਲ ਹੋਈ ਤਿੱਖੀ ਬਹਿਸ ਤੋਂ ਬਾਅਦ ਜਗਦੀਪ ਧਨਖੜ ਆਪਣੀ ਕੁਰਸੀ ਛੱਡ ਕੇ ਚਲੇ ਗਏ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਪੈਰਿਸ ਓਲੰਪਿਕ ’ਚ ਅਯੋਗ ਠਹਿਰਾਈ ਗਈ ਪਹਿਲਵਾਨ ਵਿਨੇਸ਼ ਫੋਗਾਟ ਦਾ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਸਮੱਸਿਆ ਉਦੋਂ ਖੜ੍ਹੀ ਹੋਈ ਜਦੋਂ ਸਵੇਰ ਦੇ ਸੈਸ਼ਨ ਵਿੱਚ ਸਿਫਰਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਫੋਗਾਟ ਨੂੰ ਅਯੋਗ ਠਹਿਰਾਏ ਜਾਣ ਦਾ ਮੁੱਦਾ ਚੁੱਕਣ ਦੀ ਇਜਾਜ਼ਤ ਮੰਗੀ ਪਰ ਸਭਾਪਤੀ ਧਨਖੜ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਮਗਰੋਂ ਸਭਾਪਤੀ ਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਡੈਰੇਕ ਓ’ਬਰਾਇਨ ਵਿਚਾਲੇ ਤਕਰਾਰ ਹੋ ਗਈ। ਸਭਾਪਤੀ ਨੇ ਟੀਐੱਮਸੀ ਆਗੂ ਦੇ ਰਵੱਈਏ ਦੀ ਆਲੋਚਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਅਗਲੀ ਵਾਰ ਉਹ ਮੈਂਬਰ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣਗੇ। ਸਦਨ ਦੇ ਨੇਤਾ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਦੇ ਰਵੱਈਏ ਦੀ ਆਲੋਚਨਾ ਕੀਤੀ। ਇਸ ਹੰਗਾਮੇ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਉੱਧਰ, ਧਨਖੜ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਰਵੱਈਏ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਸਦਨ ਦੀ ਕਾਰਵਾਈ ਅੱਗੇ ਚਲਾਉਣ ਦੀ ਹਾਲਤ ਵਿੱਚ ਨਹੀਂ ਹਨ। ਇਹ ਕਹਿ ਕੇ ਉਹ ਕੁਰਸੀ ਛੱਡ ਕੇ ਚਲੇ ਗਏ। ਹਾਲਾਂਕਿ, ਬਾਅਦ ਵਿੱਚ ਪ੍ਰਸ਼ਨਕਾਲ ਦੌਰਾਨ ਧਨਖੜ ਮੁੜ ਕੁਰਸੀ ’ਤੇ ਆ ਗਏ। -ਪੀਟੀਆਈ
ਸਰਕਾਰੀ ਪੂੰਜੀਗਤ ਖਰਚੇ ਵਧਾਉਣ ਦੇ ਬਾਵਜੂਦ ਸਾਰੇ ਆਰਥਿਕ ਇੰਜਣ ਬਰਾਬਰ ਰਫ਼ਤਾਰ ਨਾਲ ਨਹੀਂ ਚੱਲ ਰਹੇ: ਜੈਰਾਮ ਰਮੇਸ਼
ਨਵੀਂ ਦਿੱਲੀ:
ਰਾਜ ਸਭਾ ਵਿੱਚ ਅੱਜ ਕੇਂਦਰੀ ਬਜਟ ਦੀ ਆਲੋਚਨਾ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਪੂੰਜੀਗਤ ਖਰਚੇ ਤੇਜ਼ ਕੀਤੇ ਜਾਣ ਦੇ ਬਾਵਜੂਦ ਆਰਥਿਕ ਵਿਕਾਸ ਦੇ ਸਾਰੇ ਇੰਜਣ ਇੱਕੋ ਰਫ਼ਤਾਰ ਨਾਲ ਕੰਮ ਨਹੀਂ ਕਰ ਰਹੇ ਹਨ। ਬਜਟ ਸਬੰਧੀ ਚਰਚਾ ਵਿੱਚ ਸ਼ਾਮਲ ਹੁੰਦਿਆਂ ਰਮੇਸ਼ ਨੇ ਕਿਹਾ ਕਿ ਹਾਲਾਂਕਿ, ਸਰਕਾਰ ਨੇ ਆਪਣੇ ਪੂੰਜੀਗਤ ਖਰਚਿਆਂ ਦੀ ਰਫ਼ਤਾਰ ਵਧਾ ਦਿੱਤੀ ਹੈ ਪਰ ਨਿੱਜੀ ਖੇਤਰ ਤੋਂ ਪੂੰਜੀ ਨਿਵੇਸ਼ ਨਹੀਂ ਵਧ ਰਿਹਾ ਹੈ। ਇਸ ਤੋਂ ਇਲਾਵਾ ਨਿੱਜੀ ਖ਼ਪਤ ਅਤੇ ਬਰਾਮਦ ਸਬੰਧੀ ਇੰਜਣਾਂ ਦਾ ਵਿਕਾਸ ਵੀ ਉਸੇ ਰਫ਼ਤਾਰ ਨਾਲ ਨਹੀਂ ਹੋ ਰਿਹਾ ਹੈ। -ਪੀਟੀਆਈ