ਯੂਪੀ: ਬੀਕੇਯੂ ਆਗੂ, ਪੁੱਤਰ ਅਤੇ ਭਰਾ ਦੀ ਗੋਲੀ ਮਾਰ ਕੇ ਹੱਤਿਆ
ਫਤਿਹਪੁਰ, 8 ਅਪ੍ਰੈਲ
ਮੰਗਲਵਾਰ ਨੂੰ ਇੱਥੇ ਅਖਰੀ ਪਿੰਡ ਵਿਚ ਦਹਿਸ਼ਤ ਫੈਲ ਗਈ ਜਦੋਂ ਇਕ ਭਾਰਤੀ ਕਿਸਾਨ ਯੂਨੀਅਨ ਆਗੂ, ਉਸਦੇ ਪੁੱਤਰ ਅਤੇ ਭਰਾ ਦੀ ਇਕ ਝਗੜੇ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੱਪੂ ਸਿੰਘ (50), ਉਸਦਾ ਪੁੱਤਰ ਅਭੈ ਸਿੰਘ (22) ਅਤੇ ਛੋਟਾ ਭਰਾ ਪਿੰਕੂ ਸਿੰਘ (45) ਵਜੋਂ ਹੋਈ ਹੈ।
ਪੁਲੀਸ ਇੰਸਪੈਕਟਰ ਜਨਰਲ ਪ੍ਰੇਮ ਕੁਮਾਰ ਗੌਤਮ ਦੇ ਅਨੁਸਾਰ ਪਿੰਡ ਦੇ ਸਾਬਕਾ ਮੁਖੀ ਸੁਰੇਸ਼ ਕੁਮਾਰ ਉਰਫ਼ ਮੁੰਨੂ ਵੱਲੋਂ ਪੱਪੂ ਸਿੰਘ ਨੂੰ ਆਪਣੀ ਸਾਈਕਲ ਲਈ ਰਸਤਾ ਦੇਣ ਲਈ ਸੜਕ ’ਤੇ ਖੜ੍ਹਾ ਆਪਣਾ ਟਰੈਕਟਰ ਹਟਾਉਣ ਲਈ ਕਹਿਣ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਸਥਿਤੀ ਨੇ ਉਦੋਂ ਭਿਆਨਕ ਮੋੜ ਲੈ ਲਿਆ ਜਦੋਂ ਸੁਰੇਸ਼ ਕੁਮਾਰ ਦੇ ਪੁੱਤਰਾਂ ਅਤੇ ਉਸਦੇ ਸਾਥੀਆਂ ਨੇ ਝਗੜੇ ਵਿੱਚ ਸ਼ਾਮਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਤਿੰਨ ਕਤਲ ਹੋਏ। ਆਈਜੀ ਗੌਤਮ ਨੇ ਕਿਹਾ ਕਿ ਉਹ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਜਾਣਗੇ। ਇਕ ਹੋਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੇਸ਼ ਕੁਮਾਰ ਅਤੇ ਉਸਦੇ ਪੁੱਤਰਾਂ, ਜਿਨ੍ਹਾਂ ਨਾਲ ਪੀੜਤ ਦੀ ਪੁਰਾਣੀ ਰਾਜਨੀਤਿਕ ਦੁਸ਼ਮਣੀ ਸੀ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। -ਪੀਟੀਆਈ