ਭਾਰਤੀ ਜਲ ਸੈਨਾ ਦੇ ਜੰਗੀ ਬੇੜਿਆਂ ਵੱਲੋਂ ‘ਲੰਮੀ ਦੂਰੀ ਦੇ ਹਮਲੇ’ ਲਈ ਤਿਆਰੀਆਂ ਦੀ ਅਜ਼ਮਾਇਸ਼
ਅਜੈ ਬੈਨਰਜੀ
ਨਵੀਂ ਦਿੱਲੀ, 27 ਅਪਰੈਲ
ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਵਧਦੇ ਤਣਾਅ ਤੇ ਭਾਰਤ ਵੱਲੋਂ ਕੋਈ ਫੌਜੀ ਕਾਰਵਾਈ ਕੀਤੇ ਜਾਣ ਦੀਆਂ ਸੰਭਾਵਨਾਵਾਂ ਦਰਮਿਆਨ ਭਾਰਤੀ ਜਲ ਸੈਨਾ ਦੇ ਜੰਗੀ ਬੇੜਿਆਂ ਨੇ ‘ਲੰਬੀ ਦੂਰੀ ਦੇ ਹਮਲੇ’ ਲਈ ਆਪਣੀ ਤਿਆਰੀਆਂ ਦੀ ਅਜ਼ਮਾਇਸ਼ ਕੀਤੀ ਹੈ।
ਭਾਰਤੀ ਜਲਸੈਨਾ ਨੇ ਐਤਵਾਰ ਨੂੰ ਕਿਹਾ ਕਿ ‘ਜੰਗੀ ਜਹਾਜ਼ਾਂ ਨੇ ਲੰਬੀ ਦੂਰੀ ਦੇ ਸਟੀਕ ਹਮਲੇ ਲਈ ਪਲੇਟਫਾਰਮਾਂ, ਪ੍ਰਣਾਲੀਆਂ ਅਤੇ ਚਾਲਕ ਦਲ ਦੀ ਤਿਆਰੀ ਦੀ ਅਜ਼ਮਾਇਸ਼ ਲਈ ਐਂਟੀ-ਸ਼ਿਪ ਫਾਇਰਿੰਗਾਂ ਵਿੱਚ ਸਫਲਤਾਪੂਰਵਕ ਹਿੱਸਾ ਲਿਆ।’ ਜਲ ਸੈਨਾ ਨੇ ਕਿਹਾ ਕਿ ਉਹ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਤਿਆਰ ਹੈ। ਜਲ ਸੈਨਾ ਨੇ ਸਮੁੰਦਰ ਵਿੱਚ ਕਈ ਮਿਜ਼ਾਈਲ Salvos ਦੀਆਂ ਤਸਵੀਰਾਂ ਅਤੇ ਵੀਡੀਓ ਵੀ ਜਾਰੀ ਕੀਤੇ।
ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਾਂਤ ਪਹਿਲਾਂ ਹੀ ਸਮੁੰਦਰ ਵਿੱਚ ਹੈ। ਜਲ ਸੈਨਾ ਦੇ ਜੰਗੀ ਜਹਾਜ਼ ’ਤੇ ਬ੍ਰਹਮੋਸ ਮਿਜ਼ਾਈਲ ਦੇ ਦੋ ਸੰਸਕਰਣ ਮੌਜੂਦ ਹਨ, ਜੋ ਜ਼ਮੀਨੀ ਨਿਸ਼ਾਨਿਆਂ ਨੂੰ ਫੁੰਡ ਸਕਦੇ ਹਨ। ਬ੍ਰਹਮੋਸ ਮਿਜ਼ਾਈਲ ਦਾ ਇਹ ਸੰਸਕਰਣ ਕਰੀਬ 300 ਕਿਲੋਮੀਟਰ ਦੂਰ ਨਿਸ਼ਾਨਿਆਂ ਨੂੰ ਫੁੰਡ ਸਕਦਾ ਹੈ। ਇਸ ਦਾ extended ਰੇਂਜ ਸੰਸਕਰਣ ਕਰੀਬ 500 ਕਿਲੋਮੀਟਰ ਦੀ ਦੂਰੀ ਤੱਕ ਫਾਇਰ ਕਰ ਸਕਦਾ ਹੈ।
ਭਾਰਤ ਨੇ ਜੂਨ 2016 ਵਿੱਚ 34 ਦੇਸ਼ਾਂ ਦੀ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਣਾਲੀ (MTCR) ਵਿੱਚ ਸ਼ਾਮਲ ਹੋਣ ਦੇ ਨਾਲ, ਬ੍ਰਹਮੋਸ ਦੀ ਰੇਂਜ ਵਧਾਈ ਸੀ। ਰੂਸ ਤੋਂ ਇਲਾਵਾ, ਅਮਰੀਕਾ ਅਤੇ ਇਸ ਦੇ ਨਾਟੋ ਸਹਿਯੋਗੀ ਅਤੇ ਜਾਪਾਨ ਅਤੇ ਆਸਟਰੇਲੀਆ ਵਰਗੇ ਦੇਸ਼ MTCR ਦਾ ਹਿੱਸਾ ਹਨ, ਜਿਸ ਦੀ ਸਥਾਪਨਾ 1987 ਵਿੱਚ ਕੀਤੀ ਗਈ ਸੀ। ਪਾਕਿਸਤਾਨ ਤੋਂ ਭਾਰਤੀ ਜਲ ਸੈਨਾ ਦਾ ਖ਼ਤਰਾ ਖਤਮ ਨਹੀਂ ਹੋਇਆ ਹੈ। 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ, ਜਲ ਸੈਨਾ ਨੇ ਕਰਾਚੀ ਬੰਦਰਗਾਹ ’ਤੇ ਹਮਲਾ ਕੀਤਾ ਸੀ।