ਯੂਨੀਵਰਸਿਟੀ: ਖੂਹ ਦਾ ਪਾਣੀ ਤੇ ਮਸਾਮਦਾਰ ਇੱਟ
ਅਵਤਾਰ ਸਿੰਘ
ਅਸੀਂ ਆਪਣੇ ਬੱਚੇ ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਭੇਜਦੇ ਹਾਂ ਤਾਂ ਉਸ ਵੇਲੇ ਨਾ ਤਾਂ ਸਾਨੂੰ ਤੇ ਨਾ ਹੀ ਸਾਡੇ ਬੱਚੇ ਨੂੰ ਪਤਾ ਹੁੰਦਾ ਹੈ ਕਿ ਯੂਨੀਵਰਸਿਟੀ ਕੀ ਹੈ। ਇੱਥੋਂ ਤੱਕ ਕਿ ਬੱਚੇ ਕਦੇ ਸਵਾਲ ਵੀ ਨਹੀਂ ਕਰਦੇ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਕਾਹਦੇ ਲਈ ਭੇਜਿਆ ਜਾ ਰਿਹਾ ਹੈ।
ਬਹੁਤੇ ਲੋਕਾਂ ਨੂੰ ਤਾਂ ਸਿਰਫ਼ ਇੰਨਾ ਹੀ ਪਤਾ ਹੁੰਦਾ ਹੈ ਕਿ ਯੂਨੀਵਰਸਿਟੀ ਨੇ ਬੱਚੇ ਨੂੰ ਡਿਗਰੀ ਦੇਣੀ ਹੈ ਜੀਹਦੇ ਨਾਲ ਉਸ ਨੂੰ ਨੌਕਰੀ ਮਿਲਣੀ ਹੈ ਤੇ ਨੌਕਰੀ ਨਾਲ ਉਸ ਨੇ ਆਪਣਾ ਜੀਵਨ ਗੁਜ਼ਾਰਨਾ ਹੈ। ਕੁਝ ਲੋਕ ਅਜਿਹੇ ਵੀ ਹੋਣਗੇ ਜਿਹੜੇ ਇਹ ਸਮਝਦੇ ਹੋਣ ਕਿ ਯੂਨੀਵਰਸਿਟੀ ਤੋਂ ਉਨ੍ਹਾਂ ਦੇ ਬੱਚੇ ਨੂੰ ਡਿਗਰੀ ਦੇ ਨਾਲ ਗਿਆਨ ਵੀ ਮਿਲਣਾ ਹੈ ਜੀਹਦੇ ਨਾਲ ਉਸ ਨੇ ਨੌਕਰੀ ਕਰਨੀ ਹੈ ਤੇ ਮਿਲੇ ਗਿਆਨ ਨਾਲ ਇੱਜ਼ਤ ਕਮਾਉਣੀ ਹੈ।
ਅਜਿਹਾ ਸ਼ਾਇਦ ਹੀ ਕੋਈ ਹੋਵੇ ਜਿਸ ਨੂੰ ਇਹ ਪਤਾ ਹੋਵੇ ਕਿ ਯੂਨੀਵਰਸਿਟੀ ਸਿਰਫ਼ ਡਿਗਰੀ ਦੇਣ ਵਾਲੀ ਸੰਸਥਾ ਨਹੀਂ ਹੈ ਤੇ ਨਾ ਹੀ ਨਿਰੇ ਗਿਆਨ ਦਾ ਸੋਮਾ ਹੈ। ਦਰਅਸਲ, ਯੂਨੀਵਰਸਿਟੀ ਅਜਿਹੀ ਟਕਸਾਲ ਹੈ ਜਿਸ ਦੇ ਅੰਦਰ ਬੱਚੇ ਦੀ ਸ਼ਖ਼ਸੀਅਤ ਢਲਣੀ ਜਾਂ ਘੜੀ ਜਾਣੀ ਹੈ। ਇਸ ਲਈ ਮਾਪੇ ਆਪਣੇ ਬੱਚੇ ਨੂੰ ਇਸ ਕਰਕੇ ਯੂਨੀਵਰਸਿਟੀ ਭੇਜਣ ਕਿ ਉਨ੍ਹਾਂ ਦਾ ਬੱਚਾ ਉਸ ਟਕਸਾਲ ਵਿੱਚ ਢਲ਼ ਕੇ ਤੇ ਘੜ ਹੋ ਕੇ ਆਵੇ।
ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਯੂਨੀਵਰਸਿਟੀ ਤੋਂ ਡਿਗਰੀ ਲੈ ਆਉਂਦੇ ਹਨ, ਨੌਕਰੀ ਪ੍ਰਾਪਤ ਕਰਦੇ ਹਨ ਤੇ ਨੌਕਰੀ ਦੇ ਸਿਰ ’ਤੇ ਆਪਣਾ ਜੀਵਨ ਗੁਜ਼ਾਰਦੇ ਹਨ। ਕੋਈ ਕੋਈ ਬੱਚਾ ਅਜਿਹਾ ਵੀ ਹੁੰਦਾ ਹੈ ਜਿਹੜਾ ਡਿਗਰੀ ਦੇ ਨਾਲ ਕੁਝ ਗਿਆਨ ਵੀ ਲੈ ਆਉਂਦਾ ਹੈ ਤੇ ਉਸ ਗਿਆਨ ਨਾਲ ਰੋਟੀ ਰੋਜ਼ੀ ਦੇ ਨਾਲ ਕੁਝ ਕੁਝ ਇੱਜ਼ਤ ਵੀ ਕਮਾ ਲੈਂਦਾ ਹੈ। ਪਰ ਅਜਿਹਾ ਬੱਚਾ ਕੋਈ ਵਿਰਲਾ ਟਾਵਾਂ ਹੀ ਹੁੰਦਾ ਹੈ ਜਿਹੜਾ ਯੂਨੀਵਰਸਿਟੀ ਦੀ ਟਕਸਾਲ ਵਿੱਚੋਂ ਢਲ ਕੇ ਆਉਂਦਾ ਹੈ ਤੇ ਉਹ ਫਿਰ ਉਹੋ ਜਿਹਾ ਨਹੀਂ ਰਹਿੰਦਾ, ਜਿਹੋ ਜਿਹਾ ਭੇਜਿਆ ਗਿਆ ਹੁੰਦਾ ਹੈ।
ਸਹੀ ਅਰਥਾਂ ਵਿੱਚ ਤਾਂ ਅਜਿਹਾ ਬੱਚਾ ਹੀ ਯੂਨੀਵਰਸਿਟੀ ਗਿਆ ਹੁੰਦਾ ਹੈ ਪਰ ਅਜਿਹੇ ਬੱਚੇ ਦਾ ਜੀਵਨ ਸੁੱਖ ਸਹੂਲਤਾਂ ਦੀ ਬਜਾਏ ਮੁਸ਼ਕਲ ਵਿੱਚ ਘਿਰ ਜਾਂਦਾ ਹੈ ਤੇ ਉਹ ਕਿਸੇ ਵੀ ਗੱਲ ਬਾਰੇ ਉਸ ਤਰ੍ਹਾਂ ਨਹੀਂ ਸੋਚਦਾ ਜਿਸ ਤਰ੍ਹਾਂ ਉਸ ਦੇ ਮਾਪੇ, ਭੈਣ ਭਾਈ, ਰਿਸ਼ਤੇਦਾਰ ਤੇ ਸੱਜਣ ਮਿੱਤਰ ਸੋਚਦੇ ਹਨ। ਉਹ ਹਰ ਗੱਲ ਬਾਰੇ ਅਲੱਗ ਸੋਚਦਾ ਹੈ ਤੇ ਅਲੱਗ ਹੀ ਵਿਹਾਰ ਕਰਦਾ ਹੈ। ਇਸ ਤਰ੍ਹਾਂ ਉਹ ਇਕੱਲਾ ਜਿਹਾ ਰਹਿ ਜਾਂਦਾ ਹੈ ਤੇ ਅਖੀਰ ਇਕੱਲਤਾ ਦਾ ਸ਼ਿਕਾਰ ਹੋਣ ਲੱਗਦਾ ਹੈ। ਉਸ ਲਈ ਅਜਿਹੇ ਕਿਸੇ ਵੀ ਸ਼ਖ਼ਸ ਨਾਲ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਜਿਹੜਾ ਕਿਸੇ ਟਕਸਾਲ ਵਿੱਚ ਢਲਿਆ ਨਹੀਂ ਹੁੰਦਾ।
ਸਵਾਲ ਪੈਦਾ ਹੁੰਦਾ ਹੈ ਕਿ ਇਹ ਢਲਣਾ ਕੀ ਹੁੰਦਾ ਹੈ? ਅਸਲ ਵਿੱਚ ਸ਼ਖ਼ਸੀਅਤ ਦਾ ਢਲਣਾ ਵੀ ਉਸ ਤਰ੍ਹਾਂ ਦਾ ਹੀ ਹੁੰਦਾ ਹੈ, ਜਿਵੇਂ ਭੱਠੀ ਵਿੱਚ ਲੋਹਾ ਪਿਘਲ ਕੇ ਪਾਣੀ ਬਣ ਜਾਂਦਾ ਹੈ, ਫਿਰ ਉਸ ਨੂੰ ਕਿਸੇ ਸੈਂਚੇ ਵਿੱਚ ਪਾਇਆ ਜਾਂਦਾ ਹੈ ਤੇ ਉਹ ਠੰਢਾ ਹੋ ਕੇ ਉਸ ਸੈਂਚੇ ਦਾ ਹੀ ਰੂਪ ਬਣ ਜਾਂਦਾ ਹੈ ਜਿਵੇਂ ਕੁਠਾਲੀ ਵਿੱਚ ਸੋਨਾ ਢਾਲ ਕੇ ਪਾਣੀ ਬਣਾ ਲਿਆ ਜਾਂਦਾ ਹੈ ਤੇ ਫਿਰ ਉਸ ਨੂੰ ਗਹਿਣਿਆਂ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ।
ਬਹੁਤ ਘੱਟ ਮਾਪਿਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਯੂਨੀਵਰਸਿਟੀ ਜਾਣ ਸਮੇਂ ਕੱਚੀ ਧਾਤ ਸੀ ਤੇ ਉੱਥੇ ਜਾ ਕੇ ਉਹ ਕੁਝ ਬਣ ਕੇ ਆਇਆ ਹੈ। ਇਸ ਕਰ ਕੇ ਯੂਨੀਵਰਸਿਟੀ ਤੋਂ ਆਏ ਬੱਚੇ ਨਾਲ ਉਹੋ ਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਜਿਹੋ ਜਿਹਾ ਉੱਥੇ ਜਾਣ ਤੋਂ ਪਹਿਲਾਂ ਹੁੰਦਾ ਸੀ। ਜਿਹੜੇ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਯੂਨੀਵਰਸਿਟੀ ਵਿੱਚ ਜਾ ਕੇ ਪਹਿਲਾਂ ਜਿਹਾ ਨਹੀਂ ਰਿਹਾ, ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚੇ ਦੀ ਸ਼ਿਕਾਇਤ ਕਰਨ ਦੀ ਬਜਾਏ ਉਸ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਯੂਨੀਵਰਸਿਟੀ ਦੇ ਅਸਲ ਮਕਸਦ ਦਾ ਪਤਾ ਲੱਗ ਗਿਆ ਅਤੇ ਉਹ ਉੱਥੋਂ ਡਿਗਰੀ ਤੇ ਗਿਆਨ ਤੋਂ ਇਲਾਵਾ ਢਲ਼ ਕੇ ਤੇ ਕੁਝ ਬਣ ਕੇ ਆਇਆ ਹੈ।
ਬਾਬਾ ਫ਼ਰੀਦ ਲਿਖਦੇ ਹਨ: ਫਰੀਦਾ ਮਨੁ ਮੈਦਾਨੁ ਕਰੁ ਟੋਇ ਟਬਿੇ ਲਾਹਿ॥ ਇਸ ਦਾ ਭਾਵ ਹੈ ਕਿ ਸਾਨੂੰ ਆਪਣੇ ਮਨ ਵਿਚਲੇ ਟੋਏ ਟਿੱਬੇ ਪੱਧਰੇ ਕਰਕੇ ਇਕਸਾਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਸਾਡਾ ਮਨ ਹਰ ਤਰ੍ਹਾਂ ਦੀ ਦੂਈ- ਦ੍ਵੈਸ਼ ਤੇ ਮੇਰ-ਤੇਰ ਮੇਟ ਦੇਵੇ। ਇਸ ਗੱਲ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਅਸੀਂ ਕਿਹੋ ਜਿਹੀ ਹਾਲਤ ਵਿੱਚ ਵੀ ਹੋਈਏ, ਸਾਡਾ ਦ੍ਰਿਸ਼ਟੀਕੋਣ ਨਾ ਬਦਲੇ।
ਚਾਹੇ ਅਸੀਂ ਪਹਾੜ ’ਤੇ ਖੜ੍ਹੇ ਹੋਈਏ ਤੇ ਚਾਹੇ ਕਿਸੇ ਖੱਡ ’ਚ ਡਿੱਗੇ ਹੋਈਏ, ਸਾਡਾ ਨਜ਼ਰੀਆ ਨਹੀਂ ਬਦਲਣਾ ਚਾਹੀਦਾ। ਇਸ ਤੋਂ ਭਾਵ ਇਹ ਹੈ ਕਿ ਕੋਈ ਕਿਸੇ ਵੀ ਕਿੱਤੇ, ਖਿੱਤੇ, ਦੇਸ਼, ਕਾਲ, ਧਰਮ, ਰੰਗ, ਢੰਗ, ਨਸਲ, ਕੱਦ-ਕਾਠ, ਨੈਣ-ਨਕਸ਼, ਜਾਤ, ਵਰਣ, ਕੁੱਲ ਅਤੇ ਅਹੁਦੇ ਨਾਲ ਸਬੰਧਿਤ ਹੋਵੇ, ਸਾਡਾ ਦ੍ਰਿਸ਼ਟੀਕੋਣ ਨਾ ਬਦਲੇ ਤੇ ਨਾ ਹੀ ਸਾਡਾ ਵਰਤੋਂ ਵਿਹਾਰ ਬਦਲੇ। ਇਹੀ ਅਸਲ ਮਾਨਵ ਧਰਮ ਹੈ, ਇਹੀ ਸੱਚ ਹੈ ਤੇ ਇਹੀ ਅਸਲ ਮਨੁੱਖਤਾ ਹੈ।
ਯੂਨੀਵਰਸਿਟੀ ਦਾ ਅਰਥ ਵੀ ਅਸਲ ਵਿੱਚ ਇਹੀ ਹੈ। ਯੂਨੀਵਰਸ ਸ਼ਬਦ ਯੂਨੀ ਅਤੇ ਵਰਸ ਦੋ ਸ਼ਬਦਾਂ ਦਾ ਜੋੜ ਹੈ। ਯੂਨੀ ਦਾ ਅਰਥ ਇੱਕ ਹੈ ਤੇ ਵਰਸ ਦਾ ਅਰਥ ਮੋੜਨਾ ਹੈ। ਯੂਨੀਵਰਸਿਟੀ ਦਾ ਅਰਥ ਹੈ ਕਿਸੇ ਵਿੰਗੀ ਟੇਢੀ ਚੀਜ਼ ਨੂੰ ਮੋੜ ਕੇ ਜਾਂ ਮੁੜ ਕੇ ਇੱਕ ਕਰਨਾ। ਅਸੀਂ ਜਿੱਥੇ ਜਨਮ ਲੈਂਦੇ ਹਾਂ, ਉਸ ਘਰ, ਵਿਹੜੇ, ਰਿਸ਼ਤੇਦਾਰਾਂ ਤੇ ਮਿੱਤਰਾਂ ਦੋਸਤਾਂ ਵਿੱਚ ਰਹਿੰਦਿਆਂ ਸਾਡੇ ਮਨ ਅੰਦਰ ਕਈ ਕਿਸਮ ਦੇ ਵਿੰਗ ਵਲ਼ ਪੈ ਜਾਂਦੇ ਸਨ, ਸਾਡੀ ਸੋਚ ਵਿੱਚ ਟੋਏ ਟਿੱਬੇ ਬਣ ਜਾਂਦੇ ਹਨ ਤੇ ਸਾਡੀ ਵਰਤੋਂ ਵਿਹਾਰ ਟੇਢੀ ਮੇਢੀ ਹੋ ਜਾਂਦੀ ਹੈ। ਇੱਥੋਂ ਤੱਕ ਕਿ ਸਾਡੀ ਸ਼ਖ਼ਸੀਅਤ ਤੇਰ-ਮੇਰ ਦੀ ਸ਼ਿਕਾਰ ਹੋ ਕੇ ਇੱਕ ਤਰ੍ਹਾਂ ਨਾਲ ਗ਼ੈਰ ਸਮਾਜੀ ਹੋ ਜਾਂਦੀ ਹੈ ਪਰ ਯੂਨੀਵਰਸਿਟੀ ਨੇ ਸਾਰੇ ਵਿੰਗ ਵਲ ਕੱਢ ਕੇ ਸਾਡੀ ਸ਼ਖ਼ਸੀਅਤ ਨੂੰ ਪੱਧਰੀ ਕਰਨਾ ਹੁੰਦਾ ਹੈ।
ਯੂਨੀਵਰਸਿਟੀ ਜਾ ਕੇ ਵੀ ਜੀਹਦੀ ਸ਼ਖ਼ਸੀਅਤ ਪੱਧਰੀ ਨਹੀਂ ਹੋਈ, ਉਹੋ ਜਿਹਾ ਯੂਨੀਵਰਸਿਟੀ ਗਿਆ ਜਿਹਾ ਨਾ ਗਿਆ; ਇੱਕ ਹੀ ਗੱਲ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਭੇਜਦੇ ਹਨ ਤੇ ਬਾਅਦ ਵਿੱਚ ਉਮੀਦ ਕਰਦੇ ਹਨ ਕਿ ਬੱਚੇ ਉਹੋ ਜਿਹੇ ਹੀ ਰਹਿਣ, ਜਿਹੋ ਜਿਹੇ ਭੇਜੇ ਸਨ, ਉਨ੍ਹਾਂ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੇ ਉਨ੍ਹਾਂ ਤੋਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨ।
ਜਿਹੜੇ ਬੱਚੇ ਯੂਨੀਵਰਸਿਟੀ ਵਿੱਚੋਂ ਉਹੋ ਜਿਹੇ ਹੀ ਵਾਪਸ ਆ ਜਾਂਦੇ ਹਨ, ਜਿਹੋ ਜਿਹੇ ਜਾਣ ਵੇਲੇ ਸਨ, ਉਨ੍ਹਾਂ ਦੇ ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਯੂਨੀਵਰਸਿਟੀ ਗਏ ਵੀ ਹਨ ਕਿ ਨਹੀਂ। ਕਿਉਂਕਿ ਜਿਹੜੀ ਇੱਟ ਖੂਹ ਵਿੱਚ ਡਿੱਗ ਕੇ ਵੀ ਸੁੱਕੀ ਦੀ ਸੁੱਕੀ ਵਾਪਸ ਆ ਜਾਂਦੀ ਹੈ, ਉਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਉਹ ਸੱਚਮੁੱਚ ਇੱਟ ਹੈ ਵੀ? ਜੇ ਉਹ ਸੱਚਮੁੱਚ ਇੱਟ ਹੀ ਹੈ ਤਾਂ ਸਾਨੂੰ ਉਸ ਖੂਹ ਬਾਰੇ ਸੋਚਣਾ ਚਾਹੀਦਾ ਹੈ ਕਿ ਉਸ ਵਿੱਚ ਪਾਣੀ ਦੀ ਬੂੰਦ ਵੀ ਹੈ ਕਿ ਨਹੀਂ? ਜੇ ਕੋਈ ਖੂਹ ਸੁੱਕਾ ਹੀ ਹੈ ਤਾਂ ਉਸ ਵਿੱਚ ਸੁੱਟੀ ਇੱਟ ਕਿਵੇਂ ਭਿੱਜ ਸਕਦੀ ਹੈ?
ਇਸੇ ਤਰ੍ਹਾਂ ਅੱਜ ਬਹੁਤੀਆਂ ਯੂਨੀਵਰਸਿਟੀਆਂ ਸੁੱਕੇ ਖੂਹ ਦੀ ਤਰ੍ਹਾਂ ਹਨ ਤੇ ਬਹੁਤੇ ਬੱਚੇ ਮਨੂਰ ਇੱਟ ਦੀ ਤਰ੍ਹਾਂ ਜਿਹੜੇ ਪਾਣੀ ਨਾਲ ਭਰੇ ਖੂਹ ਵਿੱਚ ਡਿੱਗ ਕੇ ਵੀ ਸੁੱਕੇ ਦੇ ਸੁੱਕੇ ਰਹਿੰਦੇ ਹਨ ਤੇ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਇਸ ਕਰ ਕੇ ਯੂਨੀਵਰਸਿਟੀ ਲਈ ਗਿਆਨ ਦਾ ਸਾਗਰ ਹੋਣਾ ਜ਼ਰੂਰੀ ਹੈ ਤੇ ਵਿਦਿਆਰਥੀ ਲਈ ਮਸਾਮਦਾਰ ਇੱਟ ਦੀ ਤਰ੍ਹਾਂ ਜਗਿਆਸੂ ਹੋਣਾ।
ਜਗਿਆਸਾ ਕੁਐੱਸਟ ਨੂੰ ਕਹਿੰਦੇ ਹਨ, ਕੁਐੱਸਟ ਤੋਂ ਹੀ ਕੁਐਸਚਨ (ਪ੍ਰਸ਼ਨ) ਬਣਦਾ ਹੈ। ਜਿੱਥੇ ਕੁਐਸਟ ਹੋਵੇ ਉੱਥੇ ਗਿਆਨ ਆਉਂਦਾ ਹੈ। ਉਹ ਗਿਆਨ ਹੀ ਕਾਹਦਾ ਜੋ ਮਨੁੱਖ ਨੂੰ ਬਦਲ ਨਾ ਦੇਵੇ?
ਸੰਪਰਕ: 94175-18384